ਲੁਧਿਆਣਾ : ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਰੋਸ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਇਸੇ ਵਿਰੋਧ ਵਿੱਚ ਹੁਣ ਸ਼ਹਿਰ ਲੁਧਿਆਣਾ ਦੇ ਵਿਦਿਆਰਥੀ ਵੀ ਸ਼ਾਮਿਲ ਹੋ ਗਏ ਹਨ। ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿੱਖ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੀ ਵਿਦਿਆਰਥੀ ਕੌਂਸਲ ਨੇ ਸਾਂਝੇ ਤੌਰ’ਤੇ ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ ਸ. ਇਕਬਾਲ ਸਿੰਘ ਸੰਧੂ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਇਸ ਦੌਰਾਨ ਵਿਦਿਆਰਥੀ ਦੇ ਇਕੱਠ ਵਿੱਚ ਫਿਲਮ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਵੇਖਣ ਨੂੰ ਮਿਲਿਆ।ਇੱਕ ਵਿਦਿਆਰਥੀ ਆਗੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀ ਕੀਤਾ ਜਾ ਸਕੇਗਾ, ਇਹ ਇਕੱਠ ਕੋਈ ਧਾਰਮਿਕ ਇਕੱਠ ਨਹੀ ਬਲਕਿ ਉਹਨਾਂ ਨੋਜੁਆਨਾਂ ਦਾ ਸਹਿਮਤੀ ਨਾਲ ਚੱਲਿਆ ਕਾਫਿਲਾ ਹੈ ਜਿਹਨਾਂ ਦੇ ਹਿਰਦਿਆਂ ਨੂੰ ਇਸ ਗੈਰ ਮਿਆਰੀ ਅਤੇ ਗੈਰ ਸਿਧਾਂਤਕ ਫਿਲਮ ਦੇ ਰਾਹੀ ਠੇਸ ਪਹੁੰਚਾਈ ਗਈ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇਸ ਫਿਲਮ ਨੂੰ ਲੈਕੇ ਪਨਪੇ ਵਿਵਾਦ ਸਬੰਧੀ ਵਿਚਾਰ ਚਰਚਾ ਵੀ ਕੀਤੀ ਅਤੇ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਨਾ ਪੇਸ਼ ਆਉਣ ਇਸ ਗੱਲ੍ਹ ਨੂੰ ਲੈ ਕੇ ਸੁਝਾਅ ਵੀ ਲਏ ਗਏ, ਜਿਹਨਾਂ ਉੱਪਰ ਭਵਿੱਖ ਵਿੱਚ ਕਾਰਵਾਈ ਵੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ਵ ਭਰ ਦੇ ਸਿੱਖਾਂ ਵਲੋਂ ਸਿੱਖ ਸਿਧਾਂਤਾਂ ਖਿਲਾਫ਼ ਇਸ ਸਾਜਿਸ਼ ਵਿਰੁੱਧ ਕੀਤੇ ਰੋਸ ਕਾਰਨ ਇਸ ਵਿਵਾਦਿਤ ਫਿਲਮ ਉੱਤੇ ਰੋਕ ਲਾ ਦਿੱਤੀ ਗਈ ਹੈ। ਹਾਲਾਕਿਂ ਫਿਲਮ ਦੇ ਨਿਰਮਾਤਾ ਵੱਲੋ ਫਿਲਮ ਨੂੰ ਰਿਲੀਜ਼ ਕਰਨ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ।
ਫਿਲਮ ਨਾਨਕ ਸ਼ਾਹ ਫਕੀਰ ਦੇ ਵਿਰੋਧ ਵਿੱਚ ਉੱਤਰੇ ਲੁਧਿਆਣਾ ਦੇ ਵਿਦਿਆਰਥੀਆਂ ਨੇ ਸੌਂਪਿਆਂ ਏਡੀਸੀ ਨੂੰ ਮੰਗ ਪੱਤਰ
This entry was posted in ਪੰਜਾਬ.