ਅੰਮ੍ਰਿਤਸਰ – ਦਮਦਮੀ ਟਕਸਾਲ ਨੇ 13 ਅਪ੍ਰੈਲ 1978 ਦੌਰਾਨ ਨਰਕਧਾਰੀਆਂ ( ਨਕਲੀ ਨਿਰੰਕਾਰੀਆਂ ) ਵੱਲੋਂ ਵਰਤਾਏ ਗਏ ਖੂਨੀ ਸਾਕੇ ਦੌਰਾਨ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ਵਿੱਚ 14 ਅਪ੍ਰੈਲ ਨੂੰ ਚਾਲ੍ਹੀਵੇਂ ਸ਼ਹੀਦੀ ਯਾਦਗਾਰ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਥਾਨਿਕ ਗੁ: ਸ਼ਹੀਦ ਗੰਜ ਬੀ ਬਲਾਕ ਰੇਲਵੇ ਕਲੋਨੀ ਵਿਖੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਸੰਗਤ ਨੂੰ ਪੂਰੀ ਸ਼ਰਧਾ ਉਤਸ਼ਾਹ ਨਾਲ ਹੁੰਮ੍ਹ ਹੁਮਾ ਕੇ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ 40 ਸਾਲ ਪਹਿਲਾਂ ’78 ਦੀ ਵਿਸਾਖੀ ’ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ ਨਰਕਧਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸ ਨੂੰ ਰੋਕਣ ਲਈ ਦਮਦਮੀ ਟਕਸਾਲ ਦੇ ਚੌਧਵੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦਾ ਜਥਾ ਰਵਾਨਾ ਕੀਤਾ ਗਿਆ। ਗੁਰਬਾਣੀ ਅਤੇ ਨਾਮ ਸਿਮਰਨ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਉਕਤ ਜਥੇ ਦੇ ਸਿੰਘਾਂ ਉ¤ਤੇ ਨਰਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਨਾਲ 13 ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖਮੀ ਹੋ ਗਏ ਸਨ।ਦਮਦਮੀ ਟਕਸਾਲ ਦੇ ਮੁਖੀ ਨੇ ਸੁਪਰੀਮ ਕੋਰਟ ਵੱਲੋਂ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਨੂੰ ਰਿਲੀਜ਼ ਕਰਨ ਦੀ ਆਗਿਆ ਦੇਣ ਨੂੰ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਉਚ ਅਦਾਲਤਾਂ ਅਤੇ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਵਾਲੀ ਫਿਲਮ ਨੂੰ ਸਿੱਖ ਪੰਥ ਕਿਸੇ ਵੀ ਹਾਲਤ ’ਚ ਚਲਨ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਫਿਲਮ ਦੇ ਰਿਲੀਜ਼ ਹੋਣ ’ਤੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਖੁਦ ਫਿਲਮ ਨਿਰਦੇਸ਼ਕ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ, ਬਾਬਾ ਨਿਰਵੈਰ ਸਿੰਘ, ਜਥੇ: ਜਰਨੈਲ ਸਿੰਘ, ਬਾਬਾ ਕੁੰਦਨ ਸਿੰਘ, ਬਾਬਾ ਜਗੀਰ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਨਿਰਮਲ ਸਿੰਘ, ਭਾਈ ਪ੍ਰਭਜੀਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।