ਫ਼ਤਹਿਗੜ੍ਹ ਸਾਹਿਬ – “ਸਿੰਘ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਹ ਬਹੁਤ ਹੀ ਕੌਮ ਪੱਖੀ ਕੁਝ ਸਮਾਂ ਪਹਿਲਾਂ ਸ਼ਹੀਦ ਭਾਈ ਗੁਰਬਖ਼ਸ ਸਿੰਘ ਜੀ ਦੇ ਭੋਗ ਸਮਾਗਮ ਸਮੇਂ ਫੈਸਲਾ ਕੀਤਾ ਗਿਆ ਸੀ ਕਿ ਖ਼ਾਲਸਾ ਪੰਥ ਨੂੰ ਇਕ ਸੋਚ, ਇਕ ਪ੍ਰੋਗਰਾਮ ਅਧੀਨ ਇਕੱਠਾ ਕਰਨ ਸੰਬੰਧੀ ਇਸ ਵਾਰੀ ਵਿਸਾਖੀ ਦੇ ਮਹਾਨ ਦਿਹਾੜੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਮੁੱਚੇ ਪੰਥਕ ਗਰੁੱਪਾਂ, ਟਕਸਾਲਾਂ, ਫੈਡਰੇਸ਼ਨਾਂ, ਸਿਆਸੀ ਸੰਗਠਨਾਂ, ਕਥਾਂਵਾਚਕਾ, ਰਾਗੀਆ-ਢਾਡੀਆਂ ਆਦਿ ਸਭ ਦਾ ਸਮੂਹਿਕ ਤੌਰ ਤੇ ਸਾਂਝਾ ਇਕੱਠ ਹੋਵੇਗਾ । ਜਿਸ ਵਿਚ ਵਿਸਾਖੀ ਦੇ ਮਹਾਨ ਦਿਹਾੜੇ ਦੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਸਮੁੱਚੀ ਕੌਮ ਵੱਲੋਂ ਸਰਬਸੰਮਤੀ ਨਾਲ ਅਗਲਾ ਕੌਮੀ ਸਿਆਸੀ ਤੇ ਸਮਾਜਿਕ ਪ੍ਰੋਗਰਾਮ ਉਲੀਕਿਆ ਜਾਵੇਗਾ । ਉਸ ਫੈਸਲੇ ਨੂੰ ਮੁੱਖ ਰੱਖਦੇ ਹੋਏ ਸਭ ਸੰਗਠਨਾਂ ਅਤੇ ਆਗੂਆਂ ਨੇ ਸਿੰਘ ਸਾਹਿਬਾਨ ਨੂੰ ਇਸ ਗੱਲ ਦੀ ਪ੍ਰਵਾਨਗੀ ਦੇ ਦਿੱਤੀ ਸੀ ਕਿ ਵਿਸਾਖੀ ਦੇ ਮਹਾਨ ਦਿਹਾੜੇ ਤੇ ਵੱਖ-ਵੱਖ ਗਰੁੱਪਾਂ ਦੀਆਂ ਵੱਖ-ਵੱਖ ਕਾਨਫਰੰਸਾਂ ਕਰਨ ਦੀ ਬਜਾਇ ਇਕ ਸਾਂਝੀ ਕੌਮੀ ਕਾਨਫਰੰਸ ਉਪਰੋਕਤ ਜਥੇਦਾਰ ਸਾਹਿਬਾਨ ਜੀ ਦੀ ਅਗਵਾਈ ਵਿਚ ਕੀਤੀ ਜਾਵੇਗੀ । ਜਿਸ ਵਿਚ ਖ਼ਾਲਸਾ ਪੰਥ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦੇ ਹੱਲ ਲਈ ਅਤੇ ਕੌਮੀ ਮੰਜਿ਼ਲ ਦੀ ਪ੍ਰਾਪਤੀ ਲਈ ਸਰਬਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ, ਸਮੁੱਚੇ ਪੰਥਕ ਸੰਗਠਨਾਂ, ਟਕਸਾਲਾਂ, ਫੈਡਰੇਸ਼ਨਾਂ, ਸਿਆਸੀ ਸੰਗਠਨਾਂ, ਕਥਾਂਵਾਚਕਾ, ਰਾਗੀਆ-ਢਾਡੀਆਂ ਆਦਿ ਸਭ 14 ਅਪ੍ਰੈਲ ਨੂੰ ਵਿਸਾਖੀ ਦੇ ਮਹਾਨ ਦਿਹਾੜੇ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਦੀ ਅਪੀਲ ਕਰਦੇ ਹੋਏ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ-ਡੋਲੇ ਖਾਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਅਤੇ ਪੰਥਕ ਮਿਸ਼ਨ ਦੀ ਪ੍ਰਾਪਤੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਿੱਖ ਕੌਮ ਦੇ ਮਹਾਨ ਤਖ਼ਤ ਸਾਹਿਬਾਨਾਂ ਦੇ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨ ਨੇ ਸਾਨੂੰ ਅਤੇ ਸਮੁੱਚੀ ਕੌਮ ਨੂੰ ਇਸ ਮਹਾਨ ਦਿਹਾੜੇ ਤੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਹੈ ਤਾਂ ਸਾਡਾ ਸਭ ਦਾ ਇਖ਼ਲਾਕੀ ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਅਸੀਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਜੀ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਆਪੋ-ਆਪਣੀ ਇਖ਼ਲਾਕੀ ਜਿ਼ੰਮੇਵਾਰੀ ਸਮਝਦੇ ਹੋਏ ਆਪੋ-ਆਪਣੇ ਇਲਾਕੇ, ਹਲਕਿਆ, ਜਿ਼ਲ੍ਹਿਆਂ ਅਤੇ ਸੂਬਿਆਂ ਵਿਚੋਂ ਖ਼ਾਲਸਾ ਪੰਥ ਦੇ ਹਮਦਰਦਾਂ ਨੂੰ ਆਪੋ-ਆਪਣੇ ਸਾਧਨਾਂ ਰਾਹੀ 14 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਕੇ ਖ਼ਾਲਸਾ ਪੰਥ ਦੀ ਏਕਤਾ ਦਾ ਜਿਥੇ ਸਬੂਤ ਦੇਈਏ, ਉਥੇ ਉਸ ਦਿਨ ਸਮੁੱਚੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਗਟਾਏ ਵਿਚਾਰਾਂ ਅਤੇ ਕੀਤੇ ਜਾਣ ਵਾਲੇ ਫੈਸਲਿਆ ਨੂੰ ਪ੍ਰਵਾਨ ਕਰਦੇ ਹੋਏ ਅਗਲੇ ਕੌਮੀ ਸੰਘਰਸ਼ ਦੀ ਜੋ ਰੂਪ-ਰੇਖਾ ਉਲੀਕੀ ਜਾਵੇ, ਉਸ ਉਤੇ ਪਹਿਰਾ ਦੇਣ ਦਾ ਪ੍ਰਣ ਕਰੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਪੰਥਕ ਗਰੁੱਪ ਹਰ ਤਰ੍ਹਾਂ ਦੇ ਛੋਟੇ-ਮੋਟੇ ਵਿਚਾਰਾਂ ਦੇ ਵੱਖਰੇਵਿਆ ਨੂੰ ਮੁੱਖ ਰੱਖਦੇ ਹੋਏ 14 ਅਪ੍ਰੈਲ ਨੂੰ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਨਾਲ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣਗੇ ਅਤੇ ਸਿੰਘ ਸਾਹਿਬਾਨ ਨੂੰ ਹਰ ਤਰ੍ਹਾਂ ਸਹਿਯੋਗ ਕਰਨਗੇ । ਸ. ਮਾਨ ਨੇ ਉਚੇਚੇ ਤੌਰ ਤੇ ਕੌਮ ਵਿਚ ਵਿਚਰ ਰਹੇ ਸਤਿਕਾਰਯੋਗ ਸੰਤ-ਮਹਾਪੁਰਖਾਂ, ਡੇਰਿਆਂ ਦੇ ਮੁੱਖੀਆਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁੱਖ ਸੇਵਾਦਾਰਾਂ ਨੂੰ ਇਸ ਮੌਕੇ ਪਹੁੰਚਣ ਦੀ ਜੋਰਦਾਰ ਅਪੀਲ ਵੀ ਕੀਤੀ ।