ਜਨਮ ਦਿਨ ਖਾਲਸੇ ਦਾ
ਰੱਜ ਰੱਜ ਖੁਸ਼ੀਆਂ ਮਨਾਈਏ।
ਉੱਜੜੇ ਹੋਏ ਬਾਗ਼ਾਂ ਵਿਚ ਖਿੜੀ ਗੁਲਜ਼ਾਰ ਸੀ।
ਗੋਬਿੰਦ ਸਿੰਘ,ਦੁੱਖੀਆਂ ਦੀ ਸੱਚੀ ਸਰਕਾਰ ਸੀ।
ਵਿਸਾਖੀ ਤੇ ਰੌਣਕਾਂ ਲਗਾਈਏ
ਜਨਮ ਦਿਨ ਖਾਲਸੇ ਦਾ।
ਰੱਜ – ਰੱਜ ਖੁਸ਼ੀਆਂ ਮਨਾਈਏ ।
ਨੰਗੀ ਕਰ ਕਿਰਪਾਨ ਜਦੋਂ,ਗੁਰਾਂ ਸੀਸ ਮੰਗਿਆ।
ਵਾਰੋ ਵਾਰੀ ਸੀਸ ਦਿੱਤੇ, ਕੋਈ ਵੀ ਨਾ ਸੰਗਿਆ।
ਈਰਖ਼ਾ ਨੂੰ ਮੰਨ ਚੋਂ ਗਵਾਈਏ
ਜਨਮ ਦਿਨ ਖਾਲਸੇ ਦਾ।
ਰੱਜ – ਰੱਜ ਖੁਸ਼ੀਆਂ ਮਨਾਈਏ ।
ਕੰਘਾ, ਕੱੜਾ, ਕਿਰਪਾਨ ਅਤੇ ਸੋਹਣੇ ਕੇਸ ਜੀ।
ਸਿੱਖੀ ਵਿਚੋਂ ਹੋਇਆ ਫਿਰ, ਸਿੰਘ ਪਰਵੇਸ਼ ਜੀ।
ਰਹਿਤ ਮਰਿਆਦਾ ਅਪਨਾਈਏ
ਜਨਮ ਦਿਨ ਖਾਲਸੇ ਦਾ।
ਰੱਜ – ਰੱਜ ਖੁਸ਼ੀਆਂ ਮਨਾਈਏ ।
ਇਹ ਵਿਸਾਖੀ ਦਾ ਦਿਨ, ਦਸਮੇਸ਼ ਪਿਆਰਿਆ।
ਤੂੰ ਅਮ੍ਰਿਤ ਦੀ ਦਾਤ ਦੇ ਕੇ,ਕੌਮ ਨੂੰ ਸ਼ਿੰਗਾਰਿਆ।
‘ਸੁਹਲ’ਅੱਜ ਯਾਦਾਂ ਰੁਸ਼ਨਾਈਏ
ਜਨਮ ਦਿਨ ਖਾਲਸੇ ਦਾ।
ਰੱਜ – ਰੱਜ ਖੁਸ਼ੀਆਂ ਮਨਾਈਏ