ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ।
ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ।
ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ।
ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ।
ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ
ਉਸ……
ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ।
ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ।
ਉਸ ਜੋਤ ਜਗਾ ਦਿੱਤੀ, ਮੰਦਰਾਂ ਦੇ ਦੁਆਰਾਂ ਤੇ
ਉਸ……
ਸੂਲਾਂ ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ।
ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ।
ਪਤਝੜ ਗੁਲਾਮੀ ਦੀ, ਨਾ ਆਏ ਬਹਾਰਾਂ ਤੇ
ਉਸ……
ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ।
ਯੋਧਾ ਬਲਕਾਰੀ ਉਹ, ਕਵੀਆਂ ਦਾ ਪੁਜਾਰੀ ਉਹ।
ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ ਤੇ
ਉਸ……
ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ।
ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ।
ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ ਤੇ।
ਉਸ……
ਉਸ ਜ਼ਾਲਿਮ ਹਾਕਮ ਨੂੰ, ਕਹਿ ਸੱਚ ਸੁਣਾਇਆ ਏ।
ਡੁਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ।
ਧੰਨ ਧੰਨ ‘ਗੁਰਦੀਸ਼’ ਕਰੇ, ਉਸ ਦੇ ਉਪਕਾਰਾਂ ਤੇ
ਉਸ……
(‘ਜਿਨੀ ਨਾਮੁ ਧਿਆਇਆ’ ਪੁਸਤਕ)