ਇਲਾਹਾਬਾਦ – ਯੂਪੀ ਵਿੱਚ ਵੱਧ ਰਹੇ ਅਪਰਾਧ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਦੁੱਖੀ ਹੋਏ ਲੋਕਾਂ ਨੇ ਸਿ਼ਵਕੁੱਟੀ ਦੇ ਇਲਾਕੇ ਵਿੱਚ ਬੀਜੇਪੀ ਸਰਕਾਰ ਦਾ ਵਿਰੋਧ ਕਰਨ ਲਈ ਨਵਾਂ ਤਰੀਕਾ ਈਜਾਦ ਕੀਤਾ ਹੈ। ਮੁਹੱਲਾ ਵਾਸੀਆਂ ਨੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾਏ ਹਨ, ਜਿੰਨ੍ਹਾਂ ਵਿੱਚ ਲਿਖਿਆ ਹੈ ਕਿ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਦਾ ਮੁਹੱਲੇ ਵਿੱਚ ਆਉਣਾ ਮਨ੍ਹਾਂ ਹੈ ਕਿਉਂਕਿ ਇੱਥੇ ਬੱਚੀਆਂ ਅਤੇ ਮਹਿਲਾਵਾਂ ਰਹਿੰਦੀਆਂ ਹਨ।
ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਜਿਸ ਤਰ੍ਹਾਂ ਬਾਜਪਾ ਨੇਤਾਵਾਂ ਦਾ ਨਾਮ ਆ ਰਿਹਾ ਹੈ, ਇਸ ਕਰਕੇ ਆਮ ਲੋਕਾਂ ਦੇ ਮਨਾਂ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਅਤੇ ਚਿੰਤਾ ਹੈ। ਜਿਸ ਕਾਰਣ ਉਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਇਸ ਤਰ੍ਹਾਂ ਦੇ ਪੋਸਟਰ ਲਗਾਏ ਹਨ।
ਵਰਨਣਯੋਗ ਹੈ ਕਿ ਯੂਪੀ ਦੇ ਉਨਾਵ ਵਿੱਚ ਬੀਜੇਪੀ ਵਿਧਾਇਕ ਕੁਲਦੀਪ ਸਿੰਹ ਤੇ ਇੱਕ ਔਰਤ ਨੇ ਬਲਾਤਕਾਰ ਦਾ ਆਰੋਪ ਲਗਾਇਆ ਹੈ। ਇਸ ਮਾਮਲੇ ਵਿੱਚ ਯੂਪੀ ਪੁਲਿਸ ਵੱਲੋਂ ਨਿਭਾਈ ਗਈ ਭੂਮਿਕਾ ਤੇ ਇਲਾਹਾਬਾਦ ਹਾਈਕੋਰਟ ਨੇ ਨਰਾਜ਼ਗੀ ਜਾਹਿਰ ਕੀਤੀ ਹੈ। ਜਦੋਂ ਜਨਤਾ ਵਿੱਚ ਯੋਗੀ ਸਰਕਾਰ ਦੇ ਖਿਲਾਫ਼ ਗੁਸਾ ਵੱਧਣ ਲਗਾ ਤਾਂ ਇਸ ਕੇਸ ਦੀ ਜਾਂਚ ਦਾ ਜਿੰਮਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੀ 8 ਸਾਲ ਦੀ ਬੱਚੀ ਨਾਲ ਮੰਦਿਰ ਵਿੱਚ ਹੋਏ ਗੈਂਗਰੇਪ ਨੇ ਹੈਵਾਨੀਅਤ ਅਤੇ ਨੀਚਤਾ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਹਨ। ਉਸ ਤੋਂ ਵੀ ਵੱਧ ਦੁੱਖਦਾਇਕ ਹੈ, ਆਰੋਪੀ ਲੋਕਾਂ ਦੇ ਹੱਕ ਵਿੱਚ ਤਿਰੰਗੇ ਲੈ ਕੇ ਬੀਜੇਪੀ ਪੱਖੀਆਂ ਵੱਲੋਂ ਕੱਢਿਆ ਗਿਆ ਜਲੂਸ ਸੀ। ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਹੈ , ਰਾਜ ਦੇ ਦੋ ਮੰਤਰੀਆਂ ਦਾ ਇਸ ਜਲੂਸ ਵਿੱਚ ਸ਼ਾਮਿਲ ਹੋਣਾ।
ਇਸ ਲਈ ਦੇਸ਼ ਦੇ ਲੋਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਅਜਿਹੇ ਪੋਸਟਰ ਲਗਾਉਣਾ ਗੱਲਤ ਨਹੀਂ ਹੈ, ਸਗੋਂ ਅਜਿਹੀਆਂ ਜਾਲਮਾਨਾਂ ਅਤੇ ਕੋਝੀਆਂ ਹਰਕਤਾਂ ਕਰਨ ਵਾਲੇ ਅਪਰਾਧੀਆਂ ਨੂੰ ਅਜਿਹੀਆਂ ਸਖਤ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਭਵਿੱਖ ਵਿੱਚ ਬੱਚੀਆਂ ਅਤੇ ਔਰਤਾਂ ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਿਆ ਜਾ ਸਕੇ।