ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਸਿਰਜਣਾ ਦਿਹਾੜਾ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸ਼ਾਮ ਤਕ ਚਲੇ ਸਮਾਗਮ ’ਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਪ੍ਰਚਾਰਕਾਂ ਨੇ ਖਾਲਸਾ ਕੌਮ ਦੀ ਸਿਰਜਣਾ ਦੇ ਇਤਿਹਾਸ ’ਤੇ ਚਾਨਣਾ ਪਾਇਆ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਵਧਾਈ ਦਿੰਦੇ ਹੋਏ ਮੌਜੂਦਾ ਪੰਥਕ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੇ ਬੀਜ਼ੇ ਗਏ ਬੀਜ਼ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਫੁਲਵਾੜੀ ਵੱਜੋਂ ਅੰਤਿਮ ਛੋਹ ਦਿੱਤੀ। ਜੇਕਰ 1699 ’ਚ ਖਾਲਸਾ ਦੀ ਸਿਰਜਣਾਂ ਨਾ ਹੁੰਦੀ ਤਾਂ ਅੱਜ ਇਸ ਦੇਸ਼ ਦਾ ਨਕਸ਼ਾ ਵੱਖ ਹੋਣਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਿੜੀਆਂ ਨਾਲ ਬਾਜ ਲੜਾਉਣ ਦਾ ਜੋ ਸੰਕਲਪ ਪੇਸ਼ ਕੀਤਾ ਸੀ, ਉਸ ਨੂੰ ਹਕੀਕਤ ’ਚ ਖਾਲਸੇ ਦੇ ਰੂਪ ’ਚ ਸੱਚ ਕਰਕੇ ਵਿਖਾਇਆ।ਸਿੱਖਾਂ ਨੇ ਮੁਗਲਾਂ ਤੋਂ ਲੈ ਕੇ ਅੰਗਰੇਜਾਂ ਤਕ ਆਪਣੇ ਜੰਗੀ ਜੌਹਰ ਦਿਖਾਏ ਪਰ ਸਰਕਾਰਾਂ ਸਿੱਖਾਂ ਨੂੰ ਖਾਸ ਤਵੱਜੋਂ ਦੇਣ ’ਚ ਕਾਮਯਾਬ ਨਹੀਂ ਰਹੀਆਂ। ਜੇਕਰ ਅੱਜ ਵੀ ਦੇਸ਼ ’ਤੇ ਕੋਈ ਤਕਲੀਫ ਆਏਗੀ ਤਾਂ ਵੀ ਸਿੱਖ ਹੀ ਬਚਾਉਣਗੇ। ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਪਾਠ ਪੜਾਇਆ ਹੈ।
ਜੀ.ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਸਰੂਪ ਅਤੇ ਕਿਰਦਾਰ ਦਿੱਤਾ ਹੈ ਪਰ ਅਸੀਂ ਉਸਨੂੰ ਸੰਭਾਲਣ ਦੀ ਥਾਂ ਅੱਜ ਕੁੜੀਮਾਰ ਅਖਵਾਉਣ ਵੱਲ ਤੁਰ ਪਏ ਹਾਂ। ਜੀ.ਕੇ. ਨੇ ਸੰਗਤਾਂ ਨੂੰ ਗੁਰੂ ਦੇ ਵਿਖਾਏ ਰਾਹ ’ਤੇ ਚਲਣ ਦਾ ਸੁਨੇਹਾ ਦਿੰਦੇ ਹੋਏ ਫਿਲਮਾਂ ’ਚ ਸਿੱਖਾਂ ਬਾਰੇ ਨਾਪੱਖੀ ਕਿਰਦਾਰਾਂ ਨੂੰ ਵਿਖਾਉਣ ਦੀ ਲੱਗੀ ਹੋੜ ਦਾ ਵੀ ਜਿਕਰ ਕੀਤਾ। ਜੀ.ਕੇ. ਨੇ ਸਾਫ਼ ਕਿਹਾ ਕਿ ਕਿਰਦਾਰ ਸੰਭਾਲਣ ਨਾਲ ਹੀ ਸਿੱਖੀ ਅਤੇ ਅਸੂਲ ਬਚਣਗੇ।
ਸਿਰਸਾ ਨੇ ਖਾਲਸਾ ਦੀ ਸਿਰਜਣਾ ਨੂੰ ਇਨਕਲਾਬੀ ਕ੍ਰਾਂਤੀ ਵੱਜੋਂ ਪਰਿਭਾਸ਼ਿਤ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਸਿੱਖੀ ਬਖਸ਼ੀ ਹੈ। ਇਸਲਈ ਸਿੱਖ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ। ਸਿਰਸਾ ਨੇ ਦਿੱਲੀ ਫਤਹਿ ਦਿਵਸ ਸਣੇ ਕਈ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਮੇਟੀ ਵੱਲੋਂ ਅਨੰਦ ਮੈਰਿਜ ਐਕਟ ਨੂੰ 15 ਸੂਬਿਆਂ ’ਚ ਲਾਗੂ ਕਰਾਉਣ ਦੀ ਜਾਣਕਾਰੀ ਦਿੱਤੀ। ਸਿਰਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਕਮਜੋਰ ਕਰਨ ਵਾਲੀ ਫਿਲਮਾਂ ਨਹੀਂ ਚਲਣਗੀਆਂ। ਦੂਜੇ ਧਰਮਾਂ ’ਚ ਕੁਰਬਾਨੀ ਲੈਣ ਦਾ ਸ਼ਿਧਾਂਤ ਸ਼ਾਮਿਲ ਹੈ ਪਰ ਸਿੱਖ ਧਰਮ ਨੇ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ।ਸਿਰਸਾ ਨੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਬਾਲ ਦਿਵਸ ਮਨਾਉਣ ਦੀ ਚਲ ਰਹੀ ਮੁਹਿੰਮ ਦਾ ਵੀ ਜਿਕਰ ਕੀਤਾ।
ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਨਾਮ ਸਿਮਰਨ ਕਰਵਾਇਆ ਗਿਆ। ਇਸ ਮੌਕੇ ਗਿਆਲੀ ਦਿੱਤ ਸਿੰਘ ਬਾਰੇ ਇੱਕ ਪੁਸਤਕ ਵੀ ਜਾਰੀ ਕਰਨ ਦੇ ਨਾਲ ਹੀ ਖੇਡਾਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਦੇ ਚੈਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।