ਮਜੀਠਾ / ਅੰਮ੍ਰਿਤਸਰ – ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰ ਤੋਂ ਆਮ ਜਨਤਾ ਹੀ ਨਹੀਂ ਸਗੋਂ ਕਾਂਗਰਸ ਦੇ ਸਰਗਰਮ ਵਰਕਰਾਂ ਦਾ ਵੀ ਤੇਜ਼ੀ ਨਾਲ ਮੋਹ ਭੰਗ ਹੋ ਰਿਹਾ ਹੈ। ਅਜ ਹਲਕਾ ਮਜੀਠਾ ਦੇ ਪਿੰਡ ਖੈੜੇ ਬਾਲਾ ਚੱਕ ਤੋਂ ਕਾਂਗਰਸ ਦੇ ਸਰਗਰਮ ਕਾਰਕੁਨ ਸ: ਦਾਨ ਸਿੰਘ ਖੇੜੇ ਬਾਲਾ ਨੇ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਿਸ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਸਵਾਗਤ ਕੀਤਾ।
ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਸਾਬਤ ਹੋਈ ਹੈ। ਇਸ ਦੇ ਆਗੂ ਅਤੇ ਮੰਤਰੀ ਲੋਕ ਹਿਤ ’ਚ ਕੋਈ ਕੰਮ ਕਰਨ ਦੀ ਥਾਂ ਸ਼ੁਰ੍ਹਲੀਆਂ ਅਤੇ ਸ਼ਗੂਫ਼ੇ ਛੱਡਣ ’ਚ ਸਮਾਂ ਗਵਾ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਆਮ ਲੋਕ ਤਾਂ ਛੱਡੋ ਕਾਂਗਰਸ ਵਿਧਾਇਕ ਇੱਥੇ ਤਕ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਸੰਤੁਸ਼ਟ ਨਹੀਂ ਹੈ। ਕਿਸਾਨ ਕਰਜ਼ਾ ਮੁਆਫ਼ੀ ਕਿਸਾਨਾਂ ਨਾਲ ਇਕ ਬੇਸ਼ਰਮੀ ਭਰਿਆ ਵੱਡਾ ਫਰਾਡ ਸਿਧ ਹੋਇਆ ਹੈ। ਸਾਲ ਵਿਚ 400 ਕਿਸਾਨਾਂ ਦਾ ਖ਼ੁਦਕੁਸ਼ੀ ਕਰ ਜਾਣਾ ਕਾਂਗਰਸ ਦੀ ਨਾ ਕਾਬਲੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇੱਕ ਵੀ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰ ਦਾ ਪੂਰਾ ਕਰਜ਼ਾ ਨਾ ਮੁਆਫ਼ ਕੀਤਾ ਨਾਹੀ ਮੁਆਵਜ਼ਾ ਦਿਤਾ। ਉਨ੍ਹਾਂ ਵਾਅਦੇ ਅਨੁਸਾਰ ਕਿਸਾਨਾਂ ਦਾ 90 ਹਜਾਰ ਕਰੋੜ ਕਰਜ਼ਾ ਮੁਆਫ਼ ਕਰਨ ਲਈ ਕਿਹਾ। ਕਿਹਾ ਕਿ ਸਰਕਾਰ ਦਾ ਕਿਸੇ ਵੀ ਵਿਭਾਗ ’ਤੇ ਕੰਟਰੋਲ ਨਹੀਂ ਰਿਹਾ ਹੈ।ਅਮਨ ਕਾਨੂੰਨ ਦੇ ਰਾਖੇ ਪੁਲੀਸ ਅਧਿਕਾਰੀ ਅਨੁਸ਼ਾਸਨਹੀਣਤਾ ਅਤੇ ਆਪਸ ’ਚ ਹੀ ਖ਼ਾਨਾ-ਜੰਗੀ ’ਚ ਲੱਗੇ ਹੋਏ ਹਨ।
ਨੌਕਰੀਆਂ ਦੇਣੀਆਂ ਤਾਂ ਦੂਰ ਲੱਖਾਂ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਸੀਬ ਨਹੀਂ ਹੋ ਰਹੀਆਂ ਹਨ। ਖਾਲੀ ਖ਼ਜ਼ਾਨੇ ਦਾ ਢੰਡੋਰਾ ਪਿੱਟ ਕੇ ਜ਼ਿੰਮੇਵਾਰੀਆਂ ਤੋਂ ਸਰਕਾਰ ਭੱਜ ਰਹੀ ਹੈ , ਨਾ ਕੋਈ ਪੈਨਸ਼ਨ, ਨਾ ਸ਼ਗਨ ਸਕੀਮਾਂ ਅਤੇ ਆਟਾ ਦਾਲ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਹਿਤਾਂ ਲਈ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਤਲਬੀਰ ਸਿੰਘ ਗਿੱਲ, ਰਘਬੀਰ ਸਿੰਘ ਜਰਮਨ, ਮਨਿੰਦਰ ਸਿੰਘ, ਸਤਨਾਮ ਸਿੰਘ, ਧਿਆਨ ਸਿੰਘ, ਕਾਲਾ ਡਰਾਈਵਰ, ਧੀਰ ਸਿੰਘ, ਖਜਾਨ ਸਿੰਘ, ਰਾਮ ਸਿੰਘ, ਕਰਮਜੀਤ ਸਿੰਘ, ਅਮਰ ਸਿੰਘ, ਅਤਿੰਦਰ ਸਿੰਘ, ਅਤੇ ਕੇਵਲ ਫ਼ੌਜੀ ਵੀ ਹਾਜ਼ਰ ਸਨ ।