ਰਾਜਾਂ ਦੇ ਵਧ ਅਧਿਕਾਰ ਅਤੇ ਸੂਬਾਈ ਖ਼ੁਦਮੁਖ਼ਤਿਆਰੀ ਲਈ ਪੰਜਾਬ ਵਿਚੋਂ ਪਹਿਲ ਅਧਾਰ ’ਤੇ ਆਵਾਜ਼ ਬੁਲੰਦ ਹੁੰਦੀ ਆਈ ਹੈ। ਰਾਜ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਆਗੂ ਅਤੇ ਸਮੇਂ ਦੇ ਮੁਖ ਮੰਤਰੀਆਂ ਵੱਲੋਂ ਕੇਂਦਰ ਤਕ ਪਹੁੰਚ ਕਰਨੀ ਆਮ ਰਵਾਇਤ ਦਾ ਹਿੱਸਾ ਹੈ ਪਰ ਬੀਤੇ ਦਿਨੀਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਨੂੰ ਪੰਜਾਬ ਦੇ ਸਿਆਸੀ ਵਿਸ਼ਲੇਸ਼ਕ ਸਾਰਥਿਕਤਾ ਦੇਣ ਲਈ ਤਿਆਰ ਨਹੀਂ ਹਨ। ਕਾਰਨ ਹੈ ਉਨ੍ਹਾਂ ਵੱਲੋਂ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਮੁੜ ਖ਼ਤਰੇ ਦੀ ਦੁਹਾਈ ਦੇ ਕੇ ਕੇਂਦਰੀ ਮੰਤਰੀ ਨੂੰ ਪੰਜਾਬ ਵਿਚ ਮੁੜ ਸਿਰ ਚੁੱਕ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਉਲੀਕਣ ਦੀ ਅਪੀਲ ਕਰਨੀ।
ਉਕਤ ਰਣਨੀਤੀ ਪੰਜਾਬ ਦੇ ਸੁਹਿਰਦ ਵਿਸ਼ਲੇਸ਼ਕਾਂ ਲਈ ਹਜ਼ਮ ਕਰਨਾ ਔਖਾ ਹੈ। ਕਿਉਂਕਿ ਅਜਿਹਾ ਕੋਈ ਸੂਬਾ ਨਹੀਂ ਜਿੱਥੇ ਇਕਾ ਦੁੱਕਾ ਨਾਖ਼ੁਸ਼ਗਵਾਰ ਘਟਨਾਵਾਂ ਵਾਪਰਦੀਆਂ ਨਾ ਹੋਣ। ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਪੰਜਾਬ ਸ਼ਾਂਤਮਈ ਸੂਬਾ ਹੈ। ਇੱਥੇ ਕਿਸੇ ਕਿਸਮ ਦੀ ਸੰਪਰਦਾਇਕ ਘਟਨਾਵਾਂ ਨਾ ਦੇ ਬਰਾਬਰ ਹਨ। ਜੇ ਇਕਾ ਦੁੱਕਾ ਘਟਨਾਵਾਂ ਹੋ ਵੀ ਰਹੀਆਂ ਹਨ ਤਾਂ ਕੀ ਇਨ੍ਹਾਂ ’ਤੇ ਕਾਬੂ ਪਾਉਣ ਲਈ ਪੰਜਾਬ ਦੀ ਪੁਲੀਸ ਫੋਰਸ ਕਾਫੀ ਨਹੀਂ? ਫਿਰ ਪੰਜਾਬ ਦਾ ਮੁਖ ਮੰਤਰੀ ਆਪਣੇ ਹੀ ਰਾਜ ਦੇ ਨੌਜਵਾਨਾਂ ਦਾ ਗਿਰੇਬਾਨ ਕੇਂਦਰ ਹਥ ਫੜਾਉਣ ਲਈ ਕਾਹਲਾ ਕਿਉ ਹੈ? ਪੰਜਾਬ ’ਚ ਕਿਸ ਅਤਿਵਾਦੀ ਲਹਿਰ ਨੇ ਸ਼ਾਂਤੀ ਭੰਗ ਕਰ ਦਿਤੀ ਹੈ ਕਿ ਪੰਜਾਬ ਪੁਲੀਸ ਤੋਂ ਉਹ ਸਾਂਭੀ ਨਹੀਂ ਜਾ ਰਹੀ? ਕੈਪਟਨ ਅਮਰਿੰਦਰ ਸਿੰਘ ਨੂੰ ਇਕ ਅਨਾੜੀ ਵਜੋਂ ਨਹੀਂ ਸਗੋਂ ਇਕ ਸੂਝਵਾਨ ਅਤੇ ਦ੍ਰਿੜ ਸਿਆਸਤਦਾਨ ਵਜੋਂ ਦੇਖਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਆਪਣੇ ਫ਼ੈਸਲੇ ਪ੍ਰਤੀ ਦ੍ਰਿੜਤਾ ਅਤੇ ਜਮਾਤ ’ਤੇ ਮਜ਼ਬੂਤ ਪਕੜ ਦਾ ਲੋਹਾ ਵਿਰੋਧੀ ਵੀ ਮੰਨਦੇ ਆਏ ਹਨ। ਪਰ ਕੇਂਦਰ ਕੋਲ ਦੁਹਾਈ ਦੇਣ ਦੇ ਉਕਤ ਕਦਮ ਨੇ ਕੈਪਟਨ ਦੀ ਲੀਡਰਸ਼ਿਪ ਪ੍ਰਤੀ ਕਈ ਸਵਾਲ ਖੜੇ ਕਰ ਦਿਤੇ ਹਨ। ਕੀ ਇਹ ਉਨ੍ਹਾਂ ਦੀ ਪੰਜਾਬ ਪੁਲੀਸ ’ਤੇ ਪਕੜ ਨਾ ਬਣਾ ਸਕਣ ਦਾ ਨਤੀਜਾ ਤਾਂ ਨਹੀ। ਕਿਉਂਕਿ ਪੰਜਾਬ ਪੁਲੀਸ ’ਚ ਡੀ ਜੀ ਪੀ ਪੱਧਰ ਦੇ ਅਧਿਕਾਰੀ ਆਪੇ ਤੋਂ ਬਾਹਰ ਹੋ ਰਹੇ ਹਨ। ਇਲਾਵਾ ਪ੍ਰਸ਼ਾਸਨਿਕ ਪੱਧਰ ਅਤੇ ਰਾਜਸੀ ਫ਼ਰੰਟ ’ਤੇ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਣ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਚਾਲ ਵੀ ਹੋ ਸਕਦੀ ਹੈ? ਕੁੱਝ ਵੀ ਹੋਵੇ ਉਨ੍ਹਾਂ ਦੀ ਚਾਲ, ਉਨ੍ਹਾਂ ਦੀ ਸੋਚ ਸੂਬੇ ਲਈ ਪੁੱਠੀ ਵੀ ਪੈ ਸਕਦੀ ਹੈ। ਰਾਜ ਵਿਚ ਮੁੜ ਅਤਿਵਾਦ ਦਾ ਹਊਆ ਖੜਾ ਕਰਨ ਨਾਲ ਇਕ ਵਾਰ ਫਿਰ ਪੰਜਾਬ ਬਦਨਾਮੀ ਦਾ ਸਬੱਬ ਤਾਂ ਬਣ ਹੀ ਗਿਆ ਹੈ। ਵਧੇਰੇ ਸਿਖ ਵਸੋਂ ਦੇ ਕਾਰਨ ਪੰਜਾਬ ਦੇਸ਼ ਦੇ ਇਕ ਵਿਸ਼ੇਸ਼ ਫ਼ਿਰਕੇ ਲਈ ਧਿਆਨ ਦਾ ਕੇਂਦਰ ਹਮੇਸ਼ਾ ਹੀ ਰਿਹਾ ਹੈ। ਇੱਥੋਂ ਦੀਆਂ ਗਤੀਵਿਧੀਆਂ ਜਿਨ੍ਹਾਂ ’ਚ ਪੰਜਾਬੀਆਂ ਖ਼ਾਸਕਰ ਸਿਖਾਂ ਦੀ ਖਿੱਲੀ ਉਡਾਉਣ ਦਾ ਮੌਕਾ ਹਮੇਸ਼ਾਂ ਤਾੜਦੇ ਰਹਿਣ ਵਾਲਿਆਂ ਲਈ ਇਕ ਸੁਨਹਿਰਾ ਮੌਕਾ ਜ਼ਰੂਰ ਪ੍ਰਦਾਨ ਕਰ ਦਿਤਾ ਗਿਆ ਹੈ। ਜਿਸ ਨਾਲ ਉਨ੍ਹਾਂ ਨੂੰ ਦੇਸ਼ ਵਿਦੇਸ਼ ਦੀ ਮੀਡੀਆ ਵਿਚ ਪੰਜਾਬੀਆਂ ਨੂੰ ਭੰਡਣ ਦਾ ਮੌਕਾ ਸਹਿਜ ਹੀ ਮਿਲ ਗਿਆ ਹੈ। ਜਿਸ ਦੇ ਨਤੀਜੇ ਸਾਰਥਿਕ ਕਦੇ ਵੀ ਨਹੀਂ ਆਉਣ ਲਗੇ। ਇਕ ਜ਼ਿੰਮੇਵਾਰ ਮੁਖ ਮੰਤਰੀ ਵੱਲੋਂ ਆਪਣੇ ਹੀ ਰਾਜ ਪ੍ਰਤੀ ’ਕੱਟੜਵਾਦ ਅਤੇ ਅਤਿਵਾਦ’ ਦਾ ਦਿਤਾ ਗਿਆ ਹੋਕਾ ਅਤੇ ਖੜਾ ਕੀਤਾ ਗਿਆ ਹਊਆ ਦੇਸੀ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ’ਤੇ ਮਾੜਾ ਅਸਰ ਪਾਵੇਗਾ। ਪੰਜਾਬ ਦੀ ਇੰਡਸਟਰੀ ਤਾਂ ਪਹਿਲਾਂ ਹੀ ਕੇਂਦਰ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਬਾਹਰ ਜਾ ਚੁਕੀ ਹੈ ਜਾਂ ਤੇਜ਼ੀ ਨਾਲ ਜਾ ਰਹੀ ਹੈ। ਨੌਜਵਾਨ ਵਰਗ ਰੁਜ਼ਗਾਰ ਨੂੰ ਤਰਸ ਰਹੇ ਹਨ। ਰੋਜ਼ਗਾਰ ਮਹਾਂ ਮੇਲਿਆਂ ਅਤੇ ਇਨਵੈਸਟਮੈਟ ਮੇਲਿਆਂ ਦਾ ਹਸ਼ਰ ਤੁਸੀ ਦੇਖ ਹੀ ਰਹੇ ਹੋ। ਸਰਕਾਰ ਪ੍ਰਤੀ ਭਰੋਸਾ ਥਿੜਕਣ ਕਾਰਨ ਨੌਜਵਾਨ ਵਰਗ ਨੇ ਇਨ੍ਹਾਂ ਮੇਲਿਆਂ ਵਲ ਕੋਈ ਖ਼ਾਸ ਤਵੱਜੋ ਹੀ ਨਹੀਂ ਦਿਤੀ। ਅਜਿਹਾ ਹੀ ਇਕ ਗਲਤ ਸ਼ੋਸ਼ਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਸਾਲ ਪਹਿਲਾਂ ਛਡਿਆ ਸੀ , ਕਿ ਪੰਜਾਬ ਵਿਚ 70 ਫ਼ੀਸਦੀ ਨੌਜਵਾਨ ਨਸ਼ੇਈ ਹਨ। ਕੀ ਇਹ ਇਲਜ਼ਾਮ ਫ਼ੌਜ ਅਤੇ ਪੁਲੀਸ ਦੀ ਭਰਤੀ ਵੇਲੇ ਗਲਤ ਸਿਧ ਨਹੀਂ ਹੋਇਆ? ਪਰ ਰਾਜਨੀਤੀ ਤੋਂ ਪ੍ਰੇਰਿਤ ਉਸ ਇਕ ਗਲਤ ਬਿਆਨ ਨੇ ਪੰਜਾਬ ਨੂੰ ਆਰਥਿਕ ਅਤੇ ਕਿਰਦਾਰ ਪੱਖੋਂ ਬਹੁਤ ਵਡਾ ਨੁਕਸਾਨ ਪਹੁੰਚਾਇਆ। ਦੇਸ਼ ਵਿਦੇਸ਼ ’ਚ ਪੰਜਾਬ ਦੀ ਨੌਜਵਾਨੀ ਸ਼ੱਕੀ ਬਣ ਗਈ। ਪੂੰਜੀਪਤੀਆਂ ਨੇ ਪੰਜਾਬ ਵਲ ਆਉਣ ਤੋਂ ਮੂੰਹ ਮੋੜ ਲਿਆ ਅਤੇ ਪੰਜਾਬ ’ਚ ਨਿਵੇਸ਼ ਨਾਮਾਤਰ ਬਣ ਕੇ ਰਹਿ ਗਿਆ। ਜੋ ਕੰਮ ਰਾਹੁਲ ਨੇ ਕੀਤਾ ਉਹੀ ਕੰਮ ਇਸ ਵਾਰ ਕੈਪਟਨ ਨੇ ਵੀ ਆਪਣੇ ਹਿੱਸੇ ਪਵਾ ਲਿਆ। ਰਾਹੁਲ ਦੀ ਚਾਲ ਤਾਂ ਸਮਝ ’ਚ ਆਉਂਦੀ ਹੈ। ਪਰ ਕੈਪਟਨ ਦਾ ਉਕਤ ਕਦਮ ਉਨ੍ਹਾਂ ਦਾ ਪੰਜਾਬ ਦੇ ਲੋਕਾਂ ’ਤੇ ਭਰੋਸਾ ਨਾ ਕਰ ਸਕਣ ਦਾ ਸਬੂਤ ਦੇ ਗਿਆ ਹੈ। ਨਹੀਂ ਤਾਂ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਲੋਕ ਨਫ਼ਰਤ ਫੈਲਾਉਣ ਵਾਲਿਆਂ ਪ੍ਰਤੀ ਕਿਵੇਂ ਦੀ ਸੋਚ ਅਪਣਾਉਂਦੇ ਆ ਰਹੇ ਹਨ। ਵਾਰ ਵਾਰ ਪੰਜਾਬ ’ਚ ਅਤਿਵਾਦ ਖਾੜਕੂਵਾਦ ਅਤੇ ਖ਼ਾਲਿਸਤਾਨ ਦਾ ਹਊਆ ਖੜਾ ਕਰਨਾ ਪੰਜਾਬ ਪ੍ਰਤੀ ਸਾਜ਼ਿਸ਼ ਦਾ ਹਿੱਸਾ ਹੈ। ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਚੇਤ ਰਹਿਣ ਦੀ ਲੋੜ ਸੀ। ਇਹ ਸਾਜ਼ਿਸ਼ਾਂ ਪੰਜਾਬ ਨੂੰ ਬਦਨਾਮ ਕਰਨ ਲਈ ਰਚੀਆਂ ਜਾਂਦੀਆਂ ਹਨ। ਹਿੰਦੁਸਤਾਨ ਦੀ ਸਿਆਸਤ ’ਤੇ ਕਬਜਾ ਜਮਾਈ ਰਖਣ ਲਈ ਵਡੀਆਂ ਸ਼ਕਤੀਆਂ ਰਾਸ਼ਟਰਵਾਦ ਦੇ ਨਾਮ ਹੇਠ ਸਿਖ ਕੌਮ ਨੂੰ ਅਤੇ ਪੰਜਾਬ ਨੂੰ ਨਿਸ਼ਾਨੇ ’ਤੇ ਲੈਂਦੀਆਂ ਹਨ। ਅਜਿਹੀ ਸਾਜ਼ਿਸ਼ ਕਾਰਨ ਪੰਜਾਬ ਕਈ ਦਹਾਕੇ ਸੰਤਾਪ ਹੰਢਾ ਚੁੱਕਿਆ ਹੈ। ਕੈਪਟਨ ਸਾਹਿਬ ਕੀ ਤੁਸੀ ਫਿਰ ਤੋਂ ਪੰਜਾਬ ਨੂੰ ਉਧਰ ਨਹੀਂ ਲੈ ਕੇ ਜਾ ਰਹੇ? ਤੁਹਾਨੂੰ ਯਾਦ ਹੋਵੇਗਾ ਸੰਤਾਪ ਦੇ ਦਿਲਾਂ ਦੌਰਾਨ ਕੇਂਦਰ ਵੱਲੋਂ ਦਿਤੇ ਗਈ ਅਸੀਮ ਸ਼ਕਤੀ ਨੇ ਪੰਜਾਬ ਦੀ ਨੌਜਵਾਨੀ ਦਾ ਕਿਵੇਂ ਘਾਣ ਕੀਤਾ ਸੀ। ਕੈਪਟਨ ਸਾਹਿਬ ਜਿਨ੍ਹਾਂ ਨੂੰ ਤੁਸਾਂ ਪੁਲੀਸ ਕੋਲ ਪੇਸ਼ ਕੀਤਾ ਉਨ੍ਹਾਂ ਸਿਖ ਨੌਜਵਾਨਾਂ ਦਾ ਹਸ਼ਰ ਕੀ ਹੋਇਆ ਇਹ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਹੀ। ’84 ਦੇ ਘੱਲੂਘਾਰੇ ਕਾਰਨ ਆਪਣੇ ਅਹੁਦੇ ਤੋਂ ਦਿਤਾ ਗਿਆ ਅਸਤੀਫ਼ਾ ਤਾਂ ਕਿਵੇਂ ਭੁਲਾਇਆ ਜਾ ਸਕਦਾ ਹੈ। ਵਿਚਾਰਧਾਰਕ ਵਖਰੇਵੇਂ ਹਰੇਕ ਸਮਾਜ ’ਚ ਹਨ। ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਸੋ ਬਿਨਾ ਵਜਾ ਅਤਿਵਾਦ ਕੱਟੜਵਾਦ ਦਾ ਨਾਮ ਲੈ ਕੇ ਸੂਬੇ ਨੂੰ, ਰਾਜ ਸਰਕਾਰ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਪਾਉਣ ਜਾਂ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਕਤ ਖੇਡ ਸਹਾਈ ਸਿਧ ਹੋਣ ਦੀ ਥਾਂ ਸੂਬੇ ਦਾ ਅਤੇ ਆਪਣੇ ਭਾਈਚਾਰੇ ਦਾ ਨੁਕਸਾਨ ਕਰਵਾਉਣ ਵਾਲਾ ਗਲਤ ਕਦਮ ਸਿਧ ਹੋਵੇਗਾ। ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੀ ਵਡੀ ਸਮੱਸਿਆ ਦਾ ਸਾਹਮਣਾ ਹੈ। ਵਿਕਾਸ ਦੀ ਗਤੀ ਖੜੋਤ ਦੀ ਅਵਸਥਾ ’ਚ ਪਹੁੰਚ ਚੁਕੀ ਹੈ। ਦਲਿਤ ਅਤੇ ਗਰੀਬ ਵਰਗ ਸਹੂਲਤਾਂ ਲਈ ਸਰਕਾਰ ਵਲ ਝਾਕ ਰਹੇ ਹਨ। ਅਜਿਹੇ ’ਚ ਮੁਖ ਮੰਤਰੀ ਤੋਂ ਅਸੀ ਇਹ ਆਸ ਕਰਦੇ ਹਾਂ ਕਿ ਉਹ ਪੰਜਾਬੀਆਂ ਲਈ ਸਾਰਥਿਕ ਸੋਚ ਅਪਣਾਉਣ। ਕਿਉਂਕਿ ਸਿਆਣਿਆ ਦਾ ਵੀ ਕਹਿਣਾ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ‘ਆ ਬੈਲ ਮੁਝੇ ਮਾਰ ਦੀ ਥਾਂ’ ਮੇਰੀ ਤਾਂ ਮੁਖ ਮੰਤਰੀ ਪੰਜਾਬ ਨੂੰ ਇਹੀ ਅਪੀਲ ਹੈ ਕਿ ‘‘ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥’’