ਸਿਓਲ – ਉਤਰ ਕੋਰੀਆ ਦੀ ਸੱਤਾਧਾਰੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਵਿੱਚ ਇਹ ਫੈਂਸਲਾ ਲਿਆ ਗਿਆ ਹੈ ਕਿ ਹੁਣ ਹੋਰ ਪ੍ਰਮਾਣੂੰ ਟੈਸਟ ਨਹੀਂ ਕੀਤੇ ਜਾਣਗੇ। ਪ੍ਰਮਾਣੂੰ ਟੈਸਟ ਵਾਲੀ ਸਾਈਟ ਨੂੰ ਵੀ ਬੰਦ ਕਰਨ ਦੀ ਯੋਜਨਾ ਹੈ। ਨਾਰਥ ਕੋਰੀਆ ਦੇ ਤਾਨਾਸ਼ਾਹ ਨੇ ਕਿਹਾ, “ਸਾਨੂੰ ਹੁਣ ਹੋਰ ਪ੍ਰਮਾਣੂੰ ਟੈਸਟ ਕਰਨ ਦੀ ਜਰੂਰਤ ਨਹੀਂ ਹੈ। ਸਾਡੀ ਨਿਊਕਲੀਅਰ ਟੈਸਟ ਸਾਈਟ ਦਾ ਮਿਸ਼ਨ ਪੂਰਾ ਹੋ ਚੁੱਕਿਆ ਹੈ।”
ਨਾਰਥ ਕੋਰੀਆ ਵੱਲੋਂ ਕੀਤੀ ਗਈ ਇਹ ਘੋਸ਼ਣਾ ਇਸ ਸਮੇਂ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਬਹੁਤ ਜਲਦੀ ਹੀ ਅਮਰੀਕਾ, ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੇ ਦਰਮਿਆਨ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਨਾਰਥ ਕੋਰੀਆ ਦੇ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਤਰ ਕੋਰੀਆ ਸਮੇਤ ਪੂਰੀ ਦੁਨੀਆਂ ਦੇ ਲਈ ਇਹ ਚੰਗੀ ਖ਼ਬਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਿਮ ਜੋਂਗ ਨਾਲ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਉਤਸ਼ਾਹਿਤ ਹਨ।
ਅਮਰੀਕਾ ਅਤੇ ਨਾਰਥ ਕੋਰੀਆ ਵਿਚਕਾਰ ਮੁਲਾਕਾਤ ਕਰਵਾਉਣ ਵਿੱਚ ਸਾਊਥ ਕੋਰੀਆ ਨੇ ਅਹਿਮ ਭੂਮਿਕਾ ਨਿਭਾਈ ਹੈ। ਉਤਰ ਕੋਰੀਆ ਦੀ ਮੁੱਖ ਨਿਊਜ਼ ਏਜੰਸੀ ਅਨੁਸਾਰ , “ ਰਾਸ਼ਟਰੀ ਮੁੱਦਿਆਂ ਤੇ ਦੇਸ਼ ਦਾ ਫੋਕਸ ਬਦਲ ਰਿਹਾ ਹੈ ਅਤੇ ਅਰਥਵਿਵਸਥਾ ਵਿੱਚ ਮਜ਼ਬੂਤੀ ਤੇ ਧਿਆਨ ਦਿੱਤਾ ਜਾ ਰਿਹਾ ਹੈ।” ਤਾਨਾਸ਼ਾਹ ਕਿਮ ਜੋਂਗ ਨੇ ਹਾਲ ਹੀ ਵਿੱਚ ਆਪਣੀ ਪਤਨੀ ਰੀ ਸੋਲ ਜੂ ਨੂੰ ਫਰਸਟ ਲੇਡੀ ਘੋਸਿ਼ਤ ਕੀਤਾ ਹੈ।