ਨਵੀਂ ਦਿੱਲੀ – ਭਾਜਪਾ ਨੂੰ 2019 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਬਹੁਤ ਵੱਡਾ ਝੱਟਕਾ ਲਗਾ ਹੈ। ਪਿੱਛਲੇ ਲੰਬੇ ਸਮੇਂ ਤੋਂ ਭਾਜਪਾ ਨਾਲ ਨਾਰਾਜ਼ ਚਲੇ ਆ ਰਹੇ ਸਾਬਕਾ ਵਿੱਤਮੰਤਰੀ ਯਸ਼ਵੰਤ ਸਿਨਹਾ ਨੇ ਬੀਜੇਪੀ ਛੱਡ ਦਿੱਤੀ ਹੈ। ਉਨ੍ਹਾਂ ਨੇ ਪਟਨਾ ਵਿੱਚ ਇਹ ਐਲਾਨ ਕਰਦੇ ਹੋਏ ਪਾਰਟੀ ਅਤੇ ਚੋਣ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਹੈ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਅੱਜ ਲੋਕਤੰਤਰ ਖ਼ਤਰੇ ਵਿੱਚ ਹੈ ਇਸ ਲਈ ਮੈਂ ਰਾਜਨੀਤੀ ਛੱਡ ਰਿਹਾ ਹਾਂ।
ਯਸ਼ਵੰਤ ਸਿਨਹਾ ਨੇ ਆਪਣੇ ਫੈਂਸਲੇ ਦਾ ਐਲਾਨ ਕਰਦੇ ਹੋਏ ਕਿਹਾ, ‘ਮੈਂ ਬੀਜੇਪੀ ਦੇ ਨਾਲ ਆਪਣੇ ਸਾਰੇ ਸਬੰਧਾਂ ਨੂੰ ਸਮਾਪਤ ਕਰ ਰਿਹਾ ਹਾਂ।ਅੱਜ ਤੋਂ ਮੈਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਰਾਜਨੀਤੀ ਤੋਂ ਵੀ ਸੰਨਿਆਸ ਲੈ ਰਿਹਾ ਹਾਂ।’ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਕੁਝ ਵੀ ਹੋ ਰਿਹਾ ਹੈ , ਉਸ ਦੇ ਖਿਲਾਫ਼ ਜੇ ਅਸੀਂ ਹੁਣ ਖੜ੍ਹੇ ਨਹੀਂ ਹੋਵਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਨੇ ਮੋਦੀ ਤੇ ਵਾਰ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੂੰ ਦਬਾਇਆ ਜਾ ਰਿਹਾ ਹੈ। ਸਾਰੀਆਂ ਏਜੰਸੀਆਂ ਕੇਂਦਰ ਦੇ ਇਸ਼ਾਰੇ ਤੇ ਚੱਲ ਰਹੀਆਂ ਹਨ।
ਉਨ੍ਹਾਂ ਨੇ ਇਸੇ ਸਾਲ 30 ਜਨਵਰੀ ਨੂੰ ਰਾਸ਼ਟਰ ਮੰਚ ਦੇ ਨਾਮ ਤੇ ਇੱਕ ਨਵੇਂ ਸੰਗਠਨ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਸੰਗਠਨ ਗੈਰ-ਰਾਜਨੀਤਕ ਹੋਵੇਗਾ ਅਤੇ ਕੇਂਦਰ ਸਰਕਾਰ ਦੀਆਂ ਲੋਕਵਿਰੋਧੀ ਨੀਤੀਆਂ ਨੂੰ ਉਜਾਗਰ ਕਰੇਗਾ।