ਜਦੋਂ ਦਿਲਪ੍ਰੀਤ ਦੀਪੀ ਨੂੰ ਮਿਲਿਆ ਤਾਂ ਦੀਪੀ ਦੇ ਚਿਹਰੇ ਦੀ ਪਹਿਲਾਂ ਨਾਲੋ ਚਮਕ ਕੁਝ ਘੱਟ ਦਿਸੀ ਤਾਂ ਦਿਲਪ੍ਰੀਤ ਨੇ ਪੁੱਛਿਆ, “ਜਨਾਬ ਦਾ ਚਿਹਰਾ ਅੱਜ ਮੁਰਝਾਇਆ ਕਿਉਂ ਹੈ?” ਇਹ ਕਹਿਣ ਦੀ ਦੇਰ ਹੀ ਸੀ ਕਿ ਦੀਪੀ ਦੀਆਂ ਸ਼ਰਬਤੀ ਅੱਖਾਂ ਨੇ ਦੋ ਮੋਟੇ ਮੋਟੇ ਹੰਝੂ ਮੋਤੀਆ ਵਾਂਗ ਉਸ ਦੀਆਂ ਗੋਰੀਆਂ ਲਾਲ ਗਲਾਂ ਤੇ ਬਿਖੇਰ ਦਿੱਤੇ। ਜਿਸ ਤੋਂ ਦਿਲਪ੍ਰੀਤ ਨੇ ਅੰਦਾਜ਼ਾ ਲਗਾ ਲਿਆ ਕਿ ਕੋਈ ਗੰਭੀਰ ਮਾਮਲਾ ਲੱਗਦਾ ਹੈ। ਉਹ ਉਸ ਨੂੰ ਕੰਟੀਨ ਵਿਚ ਲੈ ਗਿਆ ਤਾਂ ਜੋ ਚੰਗੀ ਤਰ੍ਹਾਂ ਗੱਲਬਾਤ ਹੋ ਸਕੇ। ਕੁਰਸੀ ਤੇ ਬੈਠੀ ਦੀਪੀ ਦੇ ਉਸ ਨੇ ਟੇਬਲ ਦੇ ਥੱਲਿਉਂ ਦੀ ਹੱਥ ਫੜ੍ਹ ਲਏ ਅਤੇ ਮਾਸੂਮੀਅਤ ਭਰੇ ਦਿਲ ਨਾਲ ਫਿਰ ਪੁੱਛਣ ਲੱਗਾ, “ਦੀਪ, ਛੇਤੀ ਦੱਸ ਕੀ ਗੱਲ ਹੈ, ਮੈਂ ਤੈਨੂੰ ਇਸ ਤਰ੍ਹਾਂ ਉਦਾਸ ਨਹੀ ਦੇਖ ਸਕਦਾ।”
“ਮੇਰੇ ਘਰ ਦੇ ਮੇਰੇ ਲਈ ਮੁੰਡਾ ਦੇਖਣ ਜਾ ਰਹੇ ਨੇ।”
“ਇਹਦੇ ਵਿਚ ਏਨੀ ਉਦਾਸ ਹੋਣ ਵਾਲੀ ਤਾਂ ਕੋਈ ਗੱਲ ਨਹੀ।”
“ਜੇ ਉਹਨਾ ਨੂੰ ਮੁੰਡਾ ਪਸੰਦ ਆ ਗਿਆ ਤਾਂ।”
“ਤਾਂ ਤੂੰ ‘ਨਾਂ’ ਪਸੰਦ ਕਰ ਦੇਈਂ।”
ਦਿਲਪ੍ਰੀਤ ਦੀ ਇਹ ਗੱਲ ਸੁਣ ਕੇ ਦੀਪੀ ਨੂੰ ਜਿਵੇ ਹੋਂਸਲਾ ਆ ਗਿਆ ਹੋਵੇ। ਸ਼ਰਮਾਉਂਦੀ ਨੇ ਹੌਲੀ ਜਿਹੀ ਆਪਣੇ ਹੱਥ ਦਿਲਪ੍ਰੀਤ ਦੇ ਹੱਥਾਂ ਵਿਚੋਂ ਖਿਚ ਲਏ। ਆਪਣੇ ਚਿਹਰੇ ਨੂੰ ਆਪਣੀਆਂ ਹਥੇਲੀਆਂ ਵਿਚ ਰੱਖਦੀ ਬੋਲੀ, “ਤੁਹਾਡੇ ਤੋਂ ਬਗੈਰ ਕਿਸੇ ਹੋਰ ਨੂੰ ਆਪਣਾ ਜੀਵਨ ਸਾਥੀ ਬਣਾਉਣ ਵਾਸਤੇ ਮੈਂ ਸੋਚ ਵੀ ਨਹੀਂ ਸਕਦੀ।”
“ਸੋਚਣ ਦੀ ਲੋੜ ਵੀ ਨਹੀਂ ਜਦੋਂ ਜੀਵਨ ਸਾਥੀ ਮੂਹਰੇ ਬੈਠਾ ਹੋਵੇ।”
“ਤੁਸੀਂ ਆਪਣੇ ਘਰਦਿਆਂ ਨੂੰ ਮੇਰੇ ਬਾਰੇ ਦੱਸਿਆ ਹੋਇਆ ਆ।”
“ਤੂੰ ਇਸ ਗੱਲ ਦਾ ਫਿਕਰ ਨਾ ਕਰ।”
“ਪ੍ਰੀਤ ਮੈਨੂੰ ਡਰ ਲੱਗਣ ਲੱਗ ਪੈਂਦਾ ਹੈ, ਹੋਰ ਨਾ ਕਿਤੇ…”।
“ਜੇ ਤੈਨੂੰ ਪਰਮਾਤਮਾ ਵਿਚ ਯਕੀਨ ਹੈ ਤਾਂ ਡਰ ਦਿਲ ਵਿਚੋਂ ਕੱਢ ਦੇ।”
ਉਹ ਅਜੇ ਅਜਿਹੀਆਂ ਗੱਲਾਂ ਕਰ ਹੀ ਰਹੇ ਸਨ ਕਿ ਦਿਲਪ੍ਰੀਤ ਨੂੰ ਸਿਮਰੀ ਦਿਸ ਪਈ ਜੋ ਉਹਨਾ ਵੱਲ ਹੀ ਆ ਰਹੀ ਸੀ।
“ਲੈ ਚਾਮਚੜਿੱਕ ਕਿਵੇਂ ਦੌੜੀ ਆਉਂਦੀ ਆ।” “ਉਹਨੂੰ ਵਿਚਾਰੀ ਨੂੰ ਚਾਮਚੜਿੱਕ ਨਾ ਕਿਹਾ ਕਰੋ, ਮੈਂ ਅੱਗੇ ਵੀ ਤਹਾਨੂੰ ਕਿਹਾ ਸੀ, ਪਤਾ ਉਹ ਤੁਹਾਡਾ ਕਿੰਨਾ ਸਤਿਕਾਰ ਕਰਦੀ ਆ।”
“ਸਤਿਕਾਰ ਤਾਂ ਸਾਡਾ ਸਾਰੀ ਦੁਨੀਆਂ ਹੀ ਕਰਦੀ ਆ।” ਦਿਲਪ੍ਰੀਤ ਨੇ ਆਪਣੀਆਂ ਮੁੱਛਾਂ ਤੇ ਹੱਥ ਫੇਰ ਦੇ ਹੱਸ ਕੇ ਕਿਹਾ, “ਇਹ ਤਾਂ ਚਲੋ ਤੇਰੀ ਸਹੇਲੀ ਆ।”
“ਰਹਿਣ ਦਿਆ ਕਰੋ।” ਦੀਪੀ ਹੱਸਦੀ ਬੋਲੀ, “ਆਪਣੇ ਮੂੰਹੋਂ ਆਪ ਹੀ ਮੀਆਂ ਮਿਠੂੰ ਬਣਦੇ ਰਹਿੰਦੇ ਹੋ।”
ਸਿਮਰੀ ਦੇ ਕੋਲ ਆਉਣ ਤੇ ਦੋਵੇਂ ਇਕ ਦਮ ਚੁੱਪ ਹੋ ਗਏ।
“ਦੀਪੀ ਛੇਤੀ ਚੱਲ ਤੈਨੂੰ ਕੋਈ ਮਿਲਣਾ ਚਾਹੁੰਦਾ ਆ।”
“ਕੌਣ?”
“ਮੈਨੂੰ ਨਹੀ ਪਤਾ ਕੋਈ ਦੋ ਜ਼ਨਾਨੀਆਂ ਨੇਂ।”
“ਕੌਣ ਹੋ ਸਕਦੀਆਂ ਨੇ ਭਲਾ” , ਦੀਪੀ ਨੇ ਹੈਰਾਨ ਹੁੰਦੇ ਕਿਹਾ, “ਕੋਈ ਰਿਸ਼ਤੇਦਾਰ ਹੋਣ ਗੀਆਂ।”
ਦੀਪੀ ਅਤੇ ਸਿਮਰੀ ਤਾਂ ਕਾਲਜ ਦੀ ਗਰਾਊਂਡ ਵੱਲ ਨੂੰ ਚੱਲ ਪਈਆਂ ਅਤੇ ਦਿਲਪ੍ਰੀਤ ਕੰਟੀਨ ਦੇ ਪਿਛਲੇ ਦਰਵਾਜ਼ੇ ਰਾਹੀ ਬਾਹਰ ਚਲਾ ਗਿਆ, ਜਿੱਥੇ ਉਸ ਨੇ ਆਪਣਾ ਸਕੂਟਰ ਖੜ੍ਹਾ ਕੀਤਾ ਹੋਇਆ ਸੀ।
“ਸਤਿ ਸ੍ਰੀ ਅਕਾਲ।” ਦੀਪੀ ਜਾਂਦੀ ਨੇ ਕਿਹਾ, “ਤੁਸੀ ਕਿੱਧਰ ਭੂਆ ਜੀ।”
“ਸ਼ਹਿਰ ਨੂੰ ਆਈਆਂ ਸਾਂ ਸੌਦਾ ਪੱਤਾ ਲੈਣ।” ਮਿੰਦੀ ਨੇ ਕਿਹਾ, “ਆਹ ਸਾਹਮਣੇ ਵਾਲੀ ਸੜਕ ਤੋਂ ਲੰਘਣ ਲੱਗੀਆਂ ਤਾਂ ਸੋਚਿਆ ਤੈਨੂੰ ਹੀ ਮਿਲਦੀ ਚਲਾਂ।”
ਦੀਪੀ ਨੂੰ ਭਾਵੇਂ ਸਮਝ ਤਾਂ ਆ ਗਈ ਸੀ ਜੋ ਜ਼ਨਾਨੀ ਮਿੰਦੀ ਦੇ ਨਾਲ ਹੈ, ਉਹ ਸਿਰਫ ਦੀਪੀ ਨੂੰ ਦੇਖਣ ਹੀ ਆਈ ਹੈ। ਫਿਰ ਵੀ ਦੀਪੀ ਨੇ ਅਣਜਾਣ ਬਣਦੀ ਹੋਈ ਨੇ ਕਹਿ ਹੀ ਦਿੱਤਾ, “ਬਹੁਤ ਚੰਗਾ ਕੀਤਾ ਜੋ ਤੁਸੀ ਮੈਨੂੰ ਮਿਲਣ ਆ ਗਏ।” ਉਹ ਦੋਨੋ ਥੋੜ੍ਹੀ ਦੇਰ ਹੀ ਉਁਥੇ ਠਹਿਰੀਆਂ ਤੇ ਫਿਰ ਚਲੇ ਗਈਆਂ।
“ਕੋਣ ਸੀ?” ਸਿਮਰੀ ਨੇ ਪੁੱਛਿਆ, “ਮੈ ਤਾਂ ਅੱਗੇ ਕਦੀ ਇਹਨਾਂ ਨੂੰ ਦੇਖਿਆ ਨਹੀ।”
“ਗੁਲਾਬੀ ਚੁੰਨੀ ਵਾਲੀ ਤਾਈ ਗਿਆਨ ਕੌਰ ਦੀ ਭਤੀਜੀ ਸੀ।”
“ਤੇ ਉਹਦੇ ਨਾਲ।”
“ਮੈਨੂੰ ਨਹੀਂ ਪਤਾ।” ਦੀਪੀ ਨੇ ਖਿੱਝ ਕੇ ਕਿਹਾ, “ਅਜੇ ਦੋ ਦਿਨ ਪਹਿਲਾਂ ਮਿੰਦੀ ਭੂਆ ਪਿੰਡ ਆਈ ਸੀ ਤੇ ਅੱਜ ਇੱਥੇ ਮੈਨੂੰ ਮਿਲਣ ਆ ਗਈ।”
“ਨਾਲ ਵਾਲੀ ਜ਼ਨਾਨੀ ਤਾਂ ਤੈਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ।”
“ਭੂਆ ਉਹਨੂੰ ਹੀ ਤਾਂ ਦਿਖਾਲਣ ਲਿਆਈ ਸੀ ਕਿ ਮੈਂ ਕਿਹੋ ਜਿਹੀ ਲੱਗਦੀ ਹਾਂ?”
“ਹੈਂ, ਤੈਨੂੰ ਦਿਖਾਲਣ ਲਿਆਈ ਸੀ।”
“ਹੋਰ ਕੀ, ਮਿੰਦੀ ਭੂਆ, ਮੇਰੇ ਰਿਸ਼ਤੇ ਲਈ ਮਗਰ ਪਈ ਹੋਈ ਆ।”
“ਤੇਰੇ ਘਰ ਦੇ ਕੀ ਕਹਿੰਦੇ ਆ?”
“ਘਰ ਦੇ ਵੀ ਨਾਲੇ ਆ।”
“ਤੂੰ ਦਿਲਪ੍ਰੀਤ ਨੂੰ ਦੱਸਿਆ।”
“ਉਹਨਾਂ ਮੈਨੂੰ ਕਿਹਾ ਕਿ ਜੇ ਘਰਦਿਆਂ ਨੂੰ ਮੁੰਡਾ ਪਸੰਦ ਵੀ ਆ ਜਾਵੇ ਤਾਂ ਤੂੰ ‘ਨਾ’ ਕਰ ਦੇਵੀਂ।”
“ਹਾਂ, ਇਹ ਗੱਲ ਠੀਕ ਹੈ, ਤੂੰ ਇੰਝ ਹੀ ਕਰੀਂ।” ਸਿਮਰੀ ਨੇ ਕਿਹਾ, “ਮੈਨੂੰ ਐਨਾ ਪਤਾ ਹੈ ਕਿ ਤੇਰੀ ਮਰਜ਼ੀ ਤੋਂ ਬਗ਼ੈਰ ਤੇਰੇ ਮੰਮੀ ਡੈਡੀ ਹਾਂ ਨਹੀ ਕਰਨ ਲੱਗੇ।”
“ਦੇਖੋ, ਕਿਵੇਂ ਹੁੰਦੀ ਆ।”
“ਤੂੰ ਆਪਣੀ ਮੰਮੀ ਨੂੰ ਦਿਲਪ੍ਰੀਤ ਦੇ ਬਾਰੇ ਦੱਸ ਹੀ ਦੇ।”
“ਇੱਦਾਂ ਕਿੱਦਾਂ ਦੱਸ ਦੇਵਾਂ?”
“ਚੱਲ, ਪਹਿਲਾਂ ਤੇਲ ਦੇਖ ਤੇ ਤੇਲ ਦੀ ਧਾਰ ਦੇਖ।” ਸਿਮਰੀ ਨੇ ਸਲਾਹ ਦਿੱਤੀ, “ਤੂੰ ਅਜੇ ਚੁੱਪ ਹੀ ਰਹੀ।”