ਨਵੀਂ ਦਿੱਲੀ : ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਦੀ ਤੀਜ਼ੀ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਨ ਦਰਬਾਰ, ਨਗਰ ਕੀਰਤਨ, ਖਾਲਸਾਈ ਖੇਡਾਂ ਅਤੇ ਦਿੱਲੀ ਫਤਹਿ ਦਿਹਾੜਾ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ।
3 ਮਈ 2018 ਨੂੰ ਆ ਰਹੀ ਜਨਮ ਸ਼ਤਾਬਦੀ ਦੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਸਹਿਯੋਗ ਨਾਲ ਮਨਾਉਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਸੰਬੰਧ ’ਚ 21 ਅਪ੍ਰੈਲ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ। 22 ਅਪ੍ਰੈਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜੋ ਕਿ 26 ਅਪ੍ਰੈਲ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਿੱਖੇ ਖ਼ਤਮ ਹੋਵੇਗਾ। ਜਦਕਿ 27 ਅਪ੍ਰੈਲ ਨੂੰ ਦੱਖਣੀ ਦਿੱਲੀ ਵਿਖੇ ਖਾਲਸਾਈ ਖੇਡਾਂ ਦਾ ਪ੍ਰਬੰਧ ਹੋਵੇਗਾ। ਲਾਲਕਿਲਾ ਮੈਦਾਨ ’ਚ 28 ਅਪ੍ਰੈਲ ਨੂੰ ਕੀਰਤਨ ਦਰਬਾਰ ਤੇ 29 ਅਪ੍ਰੈਲ ਨੂੰ ਜਰਨੈਲੀ ਮਾਰਚ ਅਤੇ ਇਤਹਾਸਿਕ ਪ੍ਰੋਗਰਾਮ ਹੋਵੇਗਾ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਇਤਹਾਸ ਸੰਗਤਾਂ ਤੱਕ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਸੁਲਤਾਨ-ਉਲ-ਕੌਮ ਦੇ ਖਿਤਾਬ ਤੋਂ ਨਵਾਜੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲਿਆ ਦੇ ਬਾਰੇ ਲੋਕਾਂ ਨੂੰ ਪਤਾ ਚਲ ਸਕੇ। ਇਸਦੇ ਨਾਲ ਹੀ ਸਿੱਖ ਗੁਰੂਆਂ ਅਤੇ ਸਿੱਖ ਜਰਨੈਲਾਂ ਨਾਲ ਸੰਬੰਧਿਤ ਇਤਹਾਸਿਕ ਸ਼ਸ਼ਤਰਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ।
ਬੀਤੇ ਦਿਨੀਂ ਪਟਿਆਲਾ ਜੇਲ੍ਹ ’ਚ ਬੰਦ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹੋਈ ਮੌਤ ’ਤੇ ਸਵਾਲ ਚੁੱਕਦੇ ਹੋਏੇ ਜੀ.ਕੇ. ਨੇ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਨੂੰ ਜੇਲ੍ਹ ’ਚ ਖ਼ਤਰਾ ਹੋਣ ਦਾ ਖਦਸਾ ਜਤਾਇਆ। ਜੀ.ਕੇ. ਨੇ ਕਿਹਾ ਕਿ ਪੰਜਾਬ ’ਚ ਹਿੰਦੂ ਆਗੂਆਂ ਦੀ ਹੋਈ ਟਾਰਗੇਟ ਕਿਲਿੰਗ ਦੇ ਮਾਮਲੇ ’ਚ ਪੰਜਾਬ ਪੁਲਿਸ ਅਤੇ ਐਨ.ਆਈ.ਏ. ਵੱਲੋਂ ਇੰਗਲੈਂਡ ਨਿਵਾਸੀ ਜੱਗੀ ਜੌਹਲ ਅਤੇ ਭਾਈ ਮਿੰਟੂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ। ਸਾਡੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਜਾਂਚ ਏਜੰਸੀਆਂ ਹਵਾ ’ਚ ਤੀਰ ਚਲਾ ਰਹੀਆਂ ਸਨ। ਇਸ ਕਾਰਨ ਐਨ.ਆਈ.ਏ. ਨੇ ਜੱਗੀ ਜੌਹਲ ਦੇ ਖਿਲਾਫ ਚਾਰਜਸ਼ੀਟ ਦਰਜ ਕਰਨ ਲਈ 90 ਦਿਨ ਦਾ ਸਮਾਂ ਅਦਾਲਤ ਤੋਂ ਬੀਤੇ ਦਿਨੀਂ ਮੰਗਿਆ ਸੀ। ਜੀ.ਕੇ. ਨੇ ਸਵਾਲ ਚੁੱਕਿਆ ਕਿ ਜਿਸ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇੰਗਲੈਂਡ ਯਾਤਰਾ ਦੇ ਦੌਰਾਨ ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਵਿਰੋਧ ਪ੍ਰਦਰਸਨ ਹੋ ਰਹੇ ਸਨ। ਉਸੇ ਦਿਨ ਭਾਈ ਮਿੰਟੂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਸ਼ੱਕ ਪੈਦਾ ਕਰਦੀ ਹੈ। ਕਿਤੇ ਜਾਂਚ ਏਜੰਸੀਆਂ ਦੇ ਕੋਲ ਸਬੂਤ ਨਾ ਹੋਣ ਦੇ ਕਾਰਨ ਤਾਂ ਭਾਈ ਮਿੰਟੂ ਨੂੰ ਆਪਣੀ ਜਾਨ ਨਹੀਂ ਗਵਾਉਣੀ ਪਈ ?
ਸਾਈਕਲਿਸਟ ਜਗਦੀਪ ਸਿੰਘ ਪੁਰੀ ਦੀ ਅਰਜ਼ੀ ’ਤੇ ਹੈਲਮੇਟ ਦੀ ਥਾਂ ਸਿੱਖ ਪ੍ਰਤੀਯੋਗੀਆਂ ਨੂੰ ਦਸਤਾਰ ਪਹਿਨਣ ਲਈ ਛੁੱਟ ਦੇਣ ਦੀ ਸੁਪਰੀਮ ਕੋਰਟ ’ਚ ਦਰਜ ਕੀਤੀ ਗਈ ਪਟੀਸ਼ਨ ’ਚ ਦਸਤਾਰ ਨੂੰ ਲੈ ਕੇ ਪੈਦਾ ਹੋਏ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਇਸ ਮਾਮਲੇ ’ਚ ਦਿੱਲੀ ਕਮੇਟੀ ਵੱਲੋਂ ਕੇਸ ’ਚ ਦਾਖਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਈਕਲ ਚਲਾਉਣ ਵਾਲੇ ਸਿੱਖ ਖਿਡਾਰੀਆਂ ਨੂੰ ਹੈਲਮੇਟ ਪਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਜਿਵੇਂ ਇਨਸਾਨ ਲਈ ਸਾਹ ਦੀ ਲੋੜ ਹੈ ਉਸੇ ਤਰ੍ਹਾਂ ਸਿੱਖ ਦੇ ਲਈ ਦਸਤਾਰ ਜਰੂਰੀ ਹੈ। ਦਿੱਲੀ ਕਮੇਟੀ ਇਸ ਬਾਰੇ ’ਚ ਧਾਰਮਿਕ ਆਸਥਾ ਅਤੇ ਸਬੂਤਾਂ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰੇਗੀ। ਇਸਦੇ ਨਾਲ ਹੀ ਜੀ.ਕੇ. ਨੇ 6 ਮਈ ਨੂੰ ਸੀ.ਬੀ.ਐਸ.ਈ. ਵੱਲੋਂ ਕਰਵਾਏ ਜਾ ਰਹੇ ਮੈਡੀਕਲ ਐਂਟਰਸ ਟੈਸਟ ‘‘ਨੀਟ’’ ’ਚ ਫਿਰ ਤੋਂ ਲਾਗੂ ਹੋਏ ਧਾਤੂੁ ਵਸਤੁਆਂ ’ਤੇ ਰੋਕ ਦੇ ਆਦੇਸ਼ ਦੇ ਬਾਰੇ ਦਿੱਲੀ ਸਥਿਤ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਪੱਤਰ ਭੇਜਣ ਦੀ ਗੱਲ ਕਹੀ।
ਜੀ.ਕੇ. ਨੇ ਕਿਹਾ ਕਿ ਇਸ ਸੰਬੰਧ ’ਚ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਿੱਖ ਪ੍ਰੀਖਿਆਰਥੀਆਂ ਨੂੰ ਕੜੇ ਅਤੇ ਕਿਰਪਾਨ ਸਣੇ ਪ੍ਰੀਖਿਆ ’ਚ ਬੈਠਣ ਲਈ ਜਰੂਰੀ ਸੰਵਿਧਾਨਿਕ ਹੱਕ ਅਤੇ ਧਾਰਮਿਕ ਪਰੰਪਰਾ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂਕਿ ਪ੍ਰੀਖਿਆ ਕੇਂਦਰ ਪੁੱਜਣ ਦੇ ਬਾਅਦ ਕੋਈ ਸਿੱਖ ਪ੍ਰੀਖਿਆਰਥੀ ਪਰੇਸ਼ਾਨ ਨਾ ਹੋਵੇ। ਜੀ.ਕੇ. ਨੇ ਇਸ ਬਾਰੇ ’ਚ ਕਮੇਟੀ ਵੱਲੋਂ ਦਿੱਲੀ ਹਾਈਕੋਰਟ ’ਚ ਦਰਜ ਕੇਸ ਦਾ ਵੀ ਜਿਕਰ ਕੀਤਾ।
ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਦਿੱਲੀ ਫਤਹਿ ਦਿਹਾੜਾ ਮਨਾਉਣ ਦੀ ਸ਼ੁਰੂਆਤ ਕਰਨ ਦੇ ਬਾਅਦ ਲੋਕਾਂ ਨੂੰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਜੱਸਾ ਸਿੰਘ ਰਾਮਗੜੀਆ ਦਾ ਇਤਹਾਸ ਪਤਾ ਚਲਿਆ ਹੈ। 2013 ਤੋਂ ਪਹਿਲੇ ਇਨ੍ਹਾਂ ਸਿੱਖ ਜਰਨੈਲਾਂ ਦੇ ਬਾਰੇ ਸਿੱਖਾਂ ਨੂੰ ਵੀ ਐਨੀ ਜਾਣਕਾਰੀ ਨਹੀਂ ਸੀ। ਇਸ ਲਈ ਦਿੱਲੀ ਕਮੇਟੀ ਸਿੱਖ ਇਤਹਾਸ ਨੂੰ ਲੋਕਾਂ ਤਕ ਪਹੁੰਚਾਉਣ ਦੇ ਲਈ ਗੰਭੀਰ ਕੋਸ਼ਿਸ਼ ਕਰ ਰਹੀ ਹੈ। ਸਿਰਸਾ ਨੇ ਸੁਪਰੀਮ ਕੋਰਟ ’ਚ ਦਸਤਾਰ ਬਾਰੇ ਉੱਠੇ ਸਵਾਨਾਂ ਦਾ ਜਿਕਰ ਕਰਦੇ ਹੋਏ ਸਾਫ ਕਿਹਾ ਕਿ ਦਸਤਾਰ ਸਿੱਖਾਂ ਦਾ ਅਨਖਿੜਵਾ ਅੰਗ ਹੈ। ਕਿਸੇ ਵੀ ਕੀਮਤ ਤੇ ਦਸਤਾਰ ਨੂੰ ਸ਼੍ਰਿੰਗਾਰ ਜਾਂ ਫੈਸ਼ਨ ਦਾ ਸਮਾਨ ਨਹੀਂ ਮੰਨਿਆ ਜਾ ਸਕਦਾ ਹੈ। ਸਿਰਸਾ ਨੇ ਨਿਆਂਪਾਲਿਕਾ ’ਤੇ ਪੈਦਾ ਹੋ ਰਹੀ ਅਵਿਸ਼ਵਾਸ ਦੀ ਭਾਵਨਾ ਤੇ ਵੀ ਚਿੰਤਾ ਪ੍ਰਕਟ ਕੀਤੀ।
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਹੈਰਾਨੀ ਜਤਾਈ ਕਿ ਸਾਡਾ ਦੇਸ਼ ਅੰਗਰੇਜਾਂ ਦੀ ਗੁਲਾਮੀ ਨੂੰ ਤਾਂ ਸਵੀਕਾਰ ਕਰਦਾ ਹੈ, ਪਰ ਮੁਗਲਾਂ, ਪਠਾਨਾਂ, ਲੋਧੀਆਂ ਦੀ 1 ਹਜ਼ਾਰ ਸਾਲ ਦੀ ਗੁਲਾਮੀ ਨੂੰ ਭੁੱਲ ਜਾਂਦਾ ਹੈ। ਜਦਕਿ ਅੰਗਰੇਜ਼ਾਂ ਨੇ ਸਾਡੇ ਧਾਰਮਿਕ ਥਾਂਵਾ ’ਤੇ ਆਪਣੇ ਰਾਜ ਦੇ ਦੌਰਾਨ ਹਮਲਾ ਨਹੀਂ ਕੀਤਾ ਸੀ। ਜਦਕਿ ਬਾਕੀ ਹਮਲਾਵਾਰਾਂ ਨੇ ਧਾਰਮਿਕ ਥਾਂਵਾ ਦੇ ਨਾਲ ਹੀ ਧਾਰਮਿਕ ਚਿਨ੍ਹਾਂ ਅਤੇ ਆਸਥਾ ਨੂੰ ਮਿਟਾਉਣ ਲਈ ਬਾਕਾਇਦਾ ਕਾਰਜ ਕੀਤੇ ਸਨ।