ਨਵੀਂ ਦਿੱਲੀ : ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਦਿੱਲੀ ਪੁੱਜਣ ’ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਪੰਜਾਬ ਅਤੇ ਹਰਿਆਣਾ ਵਿੱਚਲੇ ਪੜਾਵਾਂ ਨੂੰ ਪਾਰ ਕਰਦਾ ਹੋਇਆ ਕੁੰਡਲੀ ਬਾਰਡਰ ਤੋਂ ਦਿੱਲੀ ’ਚ ਦਾਖਿਲ ਹੋਇਆ। ਇਸ ਮੌਕੇ ਦਿੱਲੀ ਕਮੇਟੀ ਵੱਲੋਂ ਕੁੰਡਲੀ ਬਾਰਡਰ ਅਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸਟੇਜ਼ ਲਗਾ ਕੇ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਨੂੰ ਜੀ ਆਇਆ ਕਿਹਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰਾਂ ਨੇ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਕੇ ਆਪਣਾ ਅਕੀਦਾ ਭੇਟ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਅਤੇ ਬੁੱਢਾ ਦਲ ਦੇ ਸਹਿਯੋਗ ਨਾਲ ਉਕਤ ਨਗਰ ਕੀਰਤਨ ਸਜਾਇਆ ਗਿਆ ਸੀ।
ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ. ਕੇ. ਅਤੇ ਸਿਰਸਾ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਕਿਹਾ ਕਿ ਨੌਜਵਾਨਾਂ ਨੂੰ ਸਰਦਾਰ ਆਹਲੂਵਾਲੀਆ ਦੇ ਸੰਤ-ਸਿਪਾਹੀ ਜੀਵਨ ਤੋਂ ਪ੍ਰੇਰੇਣਾ ਲੈਣੀ ਚਾਹੀਦੀ ਹੈ। ਮਾਤਾ ਸੁੰਦਰੀ ਜੀ ਦੀ ਗੋਦ ਦਾ ਨਿੱਘ ਮਾਨਣ ਵਾਲੇ ਸਰਦਾਰ ਆਹਲੂਵਾਲੀਆ ਨੇ ਇੱਕ ਸਿੱਖ ਤੋਂ ਬਾਦਸ਼ਾਹ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਸੁੱਚਜੇ ਤਰੀਕੇ ਨਾਲ ਨਿਭਾ ਕੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਸੀ ਕਿ ਇੱਕ ਜੰਗਜੂ ਸਿੱਖ ਵਕਤ ਪੈਣ ’ਤੇ ਬਾਦਸ਼ਾਹੀ ਵੀ ਸੰਭਾਲ ਸਕਦਾ ਹੈ।
ਸਿਰਸਾ ਨੇ ਕਿਹਾ ਕਿ ਮਹਾਨ ਸਿੱਖ ਜਰਨੈਲਾ ਨੇ ਦਿੱਲੀ ਫਤਿਹ ਕਰਕੇ ਮੁਗਲ ਹਕੂਮਤ ਨੂੰ ਅਹਿਸਾਸ ਦਿਵਾ ਦਿੱਤਾ ਸੀ ਕਿ ਸਿੱਖ ਗੁਲਾਮੀ ਦੀਆਂ ਦੀ ਬੇੜੀਆਂ ਨੂੰ ਕੱਟਣਾ ਜਾਣਦੇ ਹਨ। ਸਰਦਾਰ ਆਹਲੂਵਾਲੀਆ ਨੇ ਆਪਣੀ ਬਹਾਦਰੀ ਅਤੇ ਹੌਂਸਲੇ ਨਾਲ ਜੋ ਮੁਕਾਮ ਹਾਸਲ ਕੀਤੇ, ਉਹ ਸਿੱਖ ਰਾਜ ਦੀਆਂ ਜੜਾਂ ਨੂੰ ਖੜਾ ਕਰਕੇ ਸਵੈਮਾਨ ਦਾ ਪਰਚਮ ਲਹਿਰਾਉਣ ਵਾਲੇ ਸਨ। ਇਸੇ ਕਰਕੇ ਦਿੱਲੀ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਸਮਾਗਮਾਂ ਰਾਹੀਂ ਹਰ ਵਰੇ੍ਹ ਕੌਮ ਦੇ ਮਹਾਨ ਜਰਨੈਲਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤਕ ਪੁਰਾਤਨ ਨਗਰ ਕੀਰਤਨ ਰੂਟ ’ਤੇ ਹਜ਼ਾਰਾਂ ਸੰਗਤਾਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ।