ਧਰਮਪੁਰਾ / ਮਾਨਸਾ – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਸਕੱਤਰ ਜਨਰਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੰਤ ਬਾਬਾ ਸੁਖਚੈਨ ਸਿੰਘ ਜੀ ਧਰਮਪੁਰਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਿਮਿਤ ਅਜ ਉਨ੍ਹਾਂ ਦੇ ਪਿੰਡ ਧਰਮਪੁਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਤੋਂ ਇਲਾਵਾ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਬਾਬਾ ਸੁਖਚੈਨ ਸਿੰਘ ਜੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀ ਭੇਟ ਕੀਤੀ।
ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬਾਬਾ ਸੁਖਚੈਨ ਸਿੰਘ ਧਰਮਪੁਰਾ ਨੇ ਧਰਮ-ਪ੍ਰਚਾਰ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਜਿਸ ਪ੍ਰਤੀ ਸਦਾ ਯਾਦ ਰਖਿਆ ਜਾਵੇਗਾ। ਸਿੰਘ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਸਕੂਲੀ ਪੁਸਤਕਾਂ ਵਿਚੋਂ ਸਿਖ ਇਤਿਹਾਸ ਨੂੰ ਬਦਲ ਦੇਣ ‘ਤੇ ਰੋਸ ਜਤਾਇਆ ਅਤੇ ਕਿਹਾ ਕਿ ਸਰਕਾਰ ਦਾ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਬਾ ਧਰਮਪੁਰਾ ਜੀ ਪੰਥ ਦੇ ਉੱਘੇ ਵਿਦਵਾਨ ਹੋਣ ਦੇ ਨਾਲ ਨਾਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਨ ਜਿਨ੍ਹਾਂ ਪੰਥ ਲਈ ਮਹਾਨ ਸੇਵਾਵਾਂ ਕੀਤੀਆਂ ਅਤੇ ਹਰ ਪੰਥਕ ਮੋਰਚੇ ਦੌਰਾਨ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਐਮਰਜੈਂਸੀ ਦੌਰਾਨ ਗ੍ਰਿਫ਼ਤਾਰੀ ਦੇਣ ਤੋਂ ਇਲਾਵਾ ਲੰਮਾ ਸਮਾਂ ਜੇਲ੍ਹਾਂ ਵੀ ਕੱਟੀਆਂ। ਸਿਖ ਕੌਮ ਦੇ ਹੱਕਾਂ ਅਤੇ ਪੰਜਾਬ ਨਾਲ ਕੀਤੇ ਗਏ ਵਿਤਕਰਿਆਂ ਵਿਰੁੱਧ ਧਰਮ ਯੁੱਧ ਮੋਰਚੇ ਦੌਰਾਨ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਕਈ ਵਾਰ ਜੇਲ੍ਹਾਂ ਕੱਟੀਆਂ ਅਤੇ ਸਰਕਾਰੀ ਤਸ਼ੱਦਦ ਝੱਲਦਿਆਂ ਕੌਮੀ ਸੰਘਰਸ਼ ‘ਚ ਵਡਮੁੱਲਾ ਯੋਗਦਾਨ ਪਾਇਆ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਬਾਬਾ ਧਰਮਪੁਰਾ ਜੀ ਨੇ ਆਪਣਾ ਸਮੁੱਚਾ ਜੀਵਨ ਸਿੱਖ ਪੰਥ ਦੀ ਚੜ੍ਹਦੀਕਲਾ ਨੂੰ ਸਮਰਪਿਤ ਰਖਿਆ। ਸੰਤ ਸਮਾਜ ‘ਚ ਰਹਿ ਕੇ ਨਿਸ਼ਕਾਮ ਸੇਵਾ ਕਰਦਿਆਂ ਆਪਣੇ ਇਲਾਕੇ ‘ਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ‘ਚ ਵਡਾ ਰੋਲ ਅਦਾ ਕੀਤਾ। ਸੰਤ ਸਮਾਜ ਅਤੇ ਪੰਥ ਲਈ ਦ੍ਰਿੜਤਾ ਅਤੇ ਪੂਰੀ ਵਫ਼ਾਦਾਰੀ ਨਾਲ ਸੇਵਾ ਨਿਭਾਈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਸੁਖਚੈਨ ਸਿੰਘ ਧਰਮਪੁਰਾ ਨੇ ਹਕੂਮਤ ਦੀਆਂ ਤਾਨਾਸ਼ਾਹੀਆਂ ਦਾ ਠੋਕਵਾਂ ਵਿਰੋਧ ਕੀਤਾ ਅਤੇ ਕੌਮ ਦੀ ਵਡੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਜੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਨਿਭਾਏਂ ਗਏ ਰੋਲ ਨੂੰ ਸਦਾ ਯਾਦ ਰਖਿਆ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਬਾਬਾ ਧਰਮਪੁਰਾ ਜੀ ਨਾਲ ਬਿਤਾਏ ਵਕਤ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਧਰਮਪੁਰਾ ਜੀ ਸਚੇ ਸੁਚੇ ਧਰਮੀ ਪੁਰਸ਼ ਸਨ ਜਿਨ੍ਹਾਂ ਆਪਣਾ ਸਮਾਂ ਪੰਥ ਦੀ ਭਲੇ ਲਈ ਲਾਉਣ ਤੋਂ ਇਲਾਵਾ ਬੰਦਗੀ ਵਲ ਆਪਣੀ ਰੁਚੀ ਵਿਖਾਈ। ਇਸ ਮੌਕੇ ਬਾਬਾ ਜੀ ਦੇ ਭਰਾਤਾ ਬਾਬਾ ਬਲਦੇਵ ਸਿੰਘ ਨੂੰ ਦਸਤਾਰ ਭੇਟ ਕਰਦਿਆਂ ਸਮੁੱਚੀਆਂ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਬਾਬਾ ਧਰਮਪੁਰਾ ਜੀ ਵੱਲੋਂ ਚਲਾਏ ਜਾ ਰਹੇ ਕਾਰਜ ਅਤੇ ਸੇਵਾਵਾਂ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਸਟੇਜ ਸੈਕਟਰੀ ਦੀ ਸੇਵਾ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਾਬਕਾ ਜਨਰਲ ਸਕੱਤਰ ਵੱਲੋਂ ਨਿਭਾਈ ਗਈ। ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲਾ, ਮਹੰਤ ਮਹਿੰਦਰ ਸਿੰਘ, ਸੰਤ ਦਰਸ਼ਨ ਸਿੰਘ, ਬਾਬਾ ਪ੍ਰੀਤਮ ਸਿੰਘ ਮਰੜੀਵਾਲਾ, ਬਾਬਾ ਕਰਮਜੀਤ ਸਿੰਘ ਬੜੂਸਾਹਿਬ, ਸੰਤ ਮੱਘਰ ਸਿੰਘ ਪਾਜੋਰ, ਬਾਬਾ ਬੂਟਾ ਸਿੰਘ ਗੁਰਥੜੀ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਹੁਸ਼ਿਆਰਪੁਰ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਨਸ਼ਤਰ ਸਿੰਘ ਖਦਰਭੈਣੀ, ਹਰਬੰਸ ਸਿੰਘ ਦਾਤੇਵਾਸ, ਡਾ: ਨਿਸ਼ਾਨ ਸਿੰਘ ਵਿਧਾਇਕ, ਗੁਰਮੇਜ ਸਿੰਘ ਫਫੜੇ ਜ਼ਿਲ੍ਹਾ ਪ੍ਰਧਾਨ , ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਮਲਕੀਤ ਸਿੰਘ ਸਮਾਓ, ਗੁਰਦੀਪ ਸਿੰਘ ਡੋਡਰਪੁਰ, ਗੁਰਪ੍ਰੀਤ ਸਿੰਘ ਵਣਾਵਾਲੀ, ਬਾਬਾ ਮਨਜੀਤ ਸਿੰਘ ਬਦਿਆਲ, ਜਗਜੀਤ ਸਿੰਘ ਮਗੇਵਾਲ, ਗੁਰਪ੍ਰੀਤ ਸਿੰਘ ਝਬਰ, ਸੁਰਜੀਤ ਸਿੰਘ ਰਾਏਪੁਰ, ਰਾਮਪਾਲ ਸਿੰਘ ਵੇਣੀਵਾਲ, ਜਗਤਾਰ ਸਿੰਘ ਰੋਡ ਮੈਂਬਰ ਸ਼੍ਰੋਮਣੀ ਕਮੇਟੀ, ਰੋਕਲਾ ਸਾਹਿਬ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਮੌਜੂਦ ਸਨ।