ਫ਼ਤਹਿਗੜ੍ਹ ਸਾਹਿਬ – “ਜੇਕਰ ਇੰਡੀਆਂ ਦੇ ਸਮੁੱਚੇ ਪੁਰਾਤਨ ਇਤਿਹਾਸ ਅਤੇ ਅਮਲਾਂ ਉਤੇ ਨਿਰਪੱਖਤਾ ਨਾਲ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਰੂਪ ਵਿਚ ਇਹ ਸੱਚ ਸਾਹਮਣੇ ਆਉਦਾ ਹੈ ਕਿ ਦਲਿਤ ਕੇਵਲ ਐਸ.ਸੀ/ਐਸ.ਟੀ. ਜਾਂ ਓਬੀਸੀ ਹੀ ਨਹੀਂ, ਅਸੀਂ ਵੀ ਸਭ ਦਲਿਤਾਂ ਵਿਚ ਆਉਦੇ ਹਾਂ । ਕਿਉਂਕਿ ਇੰਡੀਆਂ ਦੇ ਅਸਲ ਮੂਲ ਨਿਵਾਸੀ ਦਲਿਤ ਹਨ । ਜਦੋਂਕਿ ਇੰਡੀਆਂ ਦੀ ਹਕੂਮਤ ਤੇ ਰਾਜ ਕਰਨ ਵਾਲਿਆ ਦੀ ਬਹੁਗਿਣਤੀ ਬਾਹਰੋ ਆਏ ਆਰੀਅਨ ਲੋਕਾਂ ਦੀ ਹੈ । ਜੋ ਸਿਆਸੀ ਹੱਥਕੰਡਿਆਂ ਅਤੇ ਪਾੜੋ ਤੇ ਰਾਜ ਕਰੋ ਦੀ ਸੋਚ ਉਤੇ ਅਮਲ ਕਰਕੇ ਇਥੋਂ ਦੇ ਮੂਲ ਨਿਵਾਸੀਆ ਦਲਿਤਾਂ ਨਾਲ ਲੰਮੇਂ ਸਮੇਂ ਤੋਂ ਜ਼ਬਰ-ਜੁਲਮ ਵੀ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਦਾ ਇੰਡੀਆਂ ਦੇ ਰਾਜ ਸਿਘਾਸਨ ਉਤੇ ਬੈਠਣ ਦਾ ਅਸਲ ਹੱਕ ਹੈ, ਉਨ੍ਹਾਂ ਨੂੰ ਇਹ ਮੰਨੂਵਾਦੀ ਸੋਚ ਨਾਲ ਗੁਲਾਮ ਬਣਾਉਣ ਦੀਆਂ ਸਾਜਿ਼ਸਾਂ ਕਰ ਰਹੇ ਹਨ । ਸਿਆਸਤਦਾਨਾਂ ਵੱਲੋਂ ਅਕਸਰ ਹੀ ਚੋਣ ਅਤੇ ਵੋਟ ਸਿਸਟਮ ਨੂੰ ਮੁੱਖ ਰੱਖਕੇ ਲੰਮੇਂ ਸਮੇਂ ਤੋਂ ਜ਼ਬਰ-ਜੁਲਮ ਦਾ ਸਿ਼ਕਾਰ ਅਤੇ ਵੱਡੇ ਵਿਤਕਰਿਆ ਦਾ ਸਾਹਮਣਾ ਕਰਦੇ ਆ ਰਹੇ ਦਲਿਤਾਂ ਨੂੰ ਲੁਭਾਉਣ ਲਈ ਸਮੇਂ-ਸਮੇਂ ਤੇ ਕਈ ਤਰ੍ਹਾਂ ਦੀਆਂ ਬਣਾਵਟੀ ਅਮਲ ਕੀਤੇ ਜਾਂਦੇ ਹਨ । ਜਿਨ੍ਹਾਂ ਵਿਚੋਂ ਦਲਿਤਾਂ ਦੇ ਘਰ ਖਾਣਾ ਖਾਣ ਦੀ ਗੱਲ ਕਰਕੇ ਅਸਲ ਵਿਚ ਇਹ ਸਿਆਸਤਦਾਨ ਆਪਣੇ-ਆਪ ਨੂੰ ਸਮਾਜ ਵਿਚ ਸਥਾਪਿਤ ਕਰਨ ਦੀ ਚਾਹਨਾ ਰੱਖਦੇ ਹਨ ਨਾ ਕਿ ਇਨ੍ਹਾਂ ਨੂੰ ਇਥੋਂ ਦੇ ਦਲਿਤ ਪਰਿਵਾਰਾਂ ਨਾਲ ਜਾਂ ਉਨ੍ਹਾਂ ਨੂੰ ਲੰਮੇਂ ਸਮੇਂ ਤੋਂ ਦਰਪੇਸ਼ ਆ ਰਹੀਆ ਵੱਡੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਨਾਲ ਕੋਈ ਸਰੋਕਾਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੀ 27 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ ਸੈਟਰ ਵਜ਼ੀਰ ਹਰਦੀਪ ਸਿੰਘ ਪੁਰੀ ਅਤੇ ਬੀਤੇ ਕੱਲ੍ਹ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਖੱਟਰ ਵੱਲੋਂ ਕਰਨਾਲ ਜਿ਼ਲ੍ਹੇ ਦੇ ਸਲਾਰੂ ਪਿੰਡ ਦੀ ਦਲਿਤ ਸਰਪੰਚ ਦੇ ਘਰ ਖਾਣਾ ਖਾਣ ਦੇ ਅਮਲਾਂ ਦਾ ਸਿਆਸੀ ਲਾਹਾ ਲੈਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਨੂੰ ਅਸਲੀਅਤ ਵਿਚ ਇਥੋਂ ਦੇ ਮੂਲ ਨਿਵਾਸੀਆ ਦੇ ਸੋਸਣ ਕਰਨ ਦੇ ਨਵੇਂ-ਨਵੇਂ ਅਪਣਾਏ ਜਾ ਰਹੇ ਢੰਗਾਂ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਅਤੇ ਸਮੁੱਚੇ ਦਲਿਤ ਐਸ.ਸੀ/ਐਸ.ਟੀ. ਓ.ਬੀ.ਸੀ. ਕਬੀਲਿਆ, ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ ਤੇ ਸਿੱਖਾਂ ਆਦਿ ਨੂੰ ਇੰਡੀਆਂ ਦੇ ਇਨ੍ਹਾਂ ਮੂਲ ਨਿਵਾਸੀਆ ਦੇ ਨਵੇਂ ਬਣੇ ਸ੍ਰੀ ਵਾਮਨ ਮੇਸਰਾਮ ਦੀ ਅਗਵਾਈ ਹੇਠ ਬਹੁਜਨ ਮੁਕਤੀ ਪਾਰਟੀ, ਬਾਮਸੇਫ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਇਕੱਤਰ ਹੋਣ ਅਤੇ 17% ਮੰਨੂਵਾਦੀ ਚਲਾਕ ਬ੍ਰਾਹਮਣ ਫਿਰਕੂਆਂ ਦੀਆਂ ਸਾਜਿ਼ਸਾਂ ਨੂੰ ਸਮਝਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਸਦੀਆਂ ਪਹਿਲੇ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਹੱਕ-ਮਿਹਨਤ ਦੀ ਕਮਾਈ ਅਤੇ ਉਪਰੋਕਤ ਚਲਾਕ ਆਰੀਅਨ ਮਲਿਕ ਭਾਗੋ ਦੀ ਚਲਾਕੀ ਦੀ ਕਮਾਈ ਦਾ ਜਨਤਕ ਤੌਰ ਤੇ ਸਹੀ ਵਖਰੇਵਾ ਕਰਦੇ ਹੋਏ ਭਾਈ ਲਾਲੋਆ ਦੇ ਵਰਗ ਨੂੰ ਆਪਣੇ ਸੀਨੇ ਨਾਲ ਲਗਾਕੇ ਦੁਨੀਆਂ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਅਸਲੀਅਤ ਵਿਚ ਇਨਸਾਨੀ ਕਦਰਾ-ਕੀਮਤਾ ਅਤੇ ਇਖ਼ਲਾਕੀ ਅਸੂਲਾਂ ਦੇ ਮਾਲਕ ਭਾਈ ਲਾਲੋਆ ਵਾਲੇ ਦਲਿਤ ਪਰਿਵਾਰ ਹਨ ਨਾ ਕਿ ਧੋਖੇ ਅਤੇ ਫਰੇਬ ਨਾਲ ਲੋਕਾਂ ਤੋਂ ਧਨ-ਦੌਲਤ ਅਤੇ ਜ਼ਮੀਨਾਂ ਜ਼ਾਇਦਾਦਾ ਲੁੱਟਣ ਵਾਲੇ ਮਲਿਕ ਭਾਗੋ ਦੀ ਸੋਚ ਵਾਲੇ । ਉਨ੍ਹਾਂ ਕਿਹਾ ਕਿ ਗੁਰੂ ਅਮਰਦਾਸ ਜੀ ਨੇ ‘ਸੰਗਤ ਅਤੇ ਪੰਗਤ’ ਦੀ ਸਮਾਜ ਪੱਖੀ ਬਰਾਬਰਤਾ ਵਾਲੀ ਰਵਾਇਤ ਸੁਰੂ ਕਰਕੇ ਸਭ ਤਰ੍ਹਾਂ ਦੇ ਵਿਤਕਰਿਆ ਅਤੇ ਵਖਰੇਵਿਆ ਦਾ ਹੀ ਅੰਤ ਕੀਤਾ ਸੀ । ਜਿਸ ਅਨੁਸਾਰ ਗੁਰੂ ਦੇ ਲੰਗਰ ਵਿਚ ਬੈਠਕੇ ਸਭ ਅਮੀਰ-ਗਰੀਬ ਇਕੋ ਪੰਗਤ ਵਿਚ ਇਕੋ ਜਿਹਾ ਪ੍ਰਸਾਦਾਂ ਛਕਦੇ ਹਨ ਅਤੇ ਕਿਸੇ ਵੀ ਇਨਸਾਨ ਵਿਚ ਹੀਣ ਭਾਵਨਾ ਜਾਗ੍ਰਿਤ ਨਹੀਂ ਹੁੰਦੀ । ਇਸੇ ਤਰ੍ਹਾਂ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟੇ ਗੁਰੂ ਕੇ ਬੇਟੇ’ ਆਪਣੇ ਮੁਖਾਰਬਿੰਦ ਤੋਂ ਉਚਾਰਕੇ ਸਭ ਤਰ੍ਹਾਂ ਦੇ ਦੁਨਿਆਵੀ ਤੇ ਸਮਾਜਿਕ ਵਿਤਕਰਿਆ ਨੂੰ ਖ਼ਤਮ ਕਰ ਦਿੱਤਾ ਸੀ । ਹੁਣ ਸ੍ਰੀ ਪੁਰੀ ਅਤੇ ਸ੍ਰੀ ਖੱਟਰ ਵਰਗੇ ਅਤੇ ਹੋਰ ਅਨੇਕਾ ਹੀ ਸਿਆਸਤਦਾਨ ਇਥੋਂ ਦੇ ਮੂਲ ਨਿਵਾਸੀ ਰੰਘਰੇਟਿਆ ਅਤੇ ਦਲਿਤਾਂ ਦੇ ਘਰਾਂ ਵਿਚ ਸਦੀਆ ਬੱਧੀ ਵਰਤਾਰੇ ਨੂੰ ਨਜ਼ਰ ਅੰਦਾਜ ਕਰਕੇ ਕਿਸੇ ਇਕ ਦਿਨ ਦੇ ਇਕ ਸਮੇਂ ਕਿਸੇ ਰੰਘਰੇਟੇ ਦੇ ਘਰ ਖਾਣਾ ਖਾਣ ਨੂੰ ਮਹੱਤਵ ਦੇ ਕੇ ਸਿਆਸੀ ਲਾਹਾ ਲੈਣ ਦੀ ਹੀ ਗੱਲ ਨਹੀਂ ਕਰ ਰਹੇ ? ਜਦੋਂਕਿ ਲੰਮੇਂ ਸਮੇਂ ਤੋਂ ਇਹ ਆਰੀਅਨ ਹੁਕਮਰਾਨ ਜਿਸ ਦਾ ਉਪਰੋਕਤ ਵਜ਼ੀਰ ਤੇ ਮੁੱਖ ਮੰਤਰੀ ਹਿੱਸਾ ਹਨ, ਉਨ੍ਹਾਂ ਵੱਲੋਂ ਇਥੋਂ ਦੇ ਮੂਲ ਨਿਵਾਸੀਆ, ਦਲਿਤਾਂ ਤੇ ਰੰਘਰੇਟਿਆ ਉਤੇ ਹੋ ਰਹੇ ਅਕਹਿ ਤੇ ਅਸਹਿ ਜ਼ਬਰ-ਜੁਲਮਾਂ ਅਤੇ ਵਿਤਕਰਿਆ ਨੂੰ ਖ਼ਤਮ ਕਰਨ ਲਈ ਇਹ ਸਿਆਸਤਦਾਨ ਅਤੇ ਇਨ੍ਹਾਂ ਦੇ ਆਕਾਵਾਂ ਨੇ ਹੁਣ ਤੱਕ ਕੀ ਉਦਮ ਕੀਤੇ ਹਨ ? ਉਸ ਬਾਰੇ ਇਥੋ ਦੇ ਮੂਲ ਨਿਵਾਸੀਆ ਨੂੰ ਚਾਨਣਾ ਪਾਉਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1947 ਦੀ ਵੰਡ ਤੋਂ ਬਾਅਦ ਸੈਂਟਰ ਦੀ ਕੈਬਨਿਟ ਵਿਚ ਇਹ ਰਵਾਇਤ ਚੱਲਦੀ ਰਹੀ ਹੈ ਕਿ ਸੈਂਟਰ ਦੇ ਗ੍ਰਹਿ, ਵਿੱਤ, ਵਿਦੇਸ਼ੀ ਅਤੇ ਰੱਖਿਆ ਦੇ ਮਹੱਤਵਪੂਰਨ ਵਿਭਾਗਾਂ ਵਿਚੋਂ ਇਕ ਵਿਭਾਗ ਬਤੌਰ ਸਨਮਾਨ ਅਤੇ ਬਰਾਬਰਤਾ ਦੇ ਸਿੱਖ ਨੂੰ ਦਿੱਤਾ ਜਾਂਦਾ ਸੀ, ਜਿਸਦਾ ਅੱਛੀ ਰਵਾਇਤ ਦਾ ਇਨ੍ਹਾਂ ਫਿਰਕੂਆ ਨੇ ਅੰਤ ਕਰ ਦਿੱਤਾ ਹੈ ਅਤੇ ਹੁਣ ਦਲਿਤਾਂ ਦੇ ਘਰ ਖਾਣਾ ਖਾਣ ਤੇ ਉਨ੍ਹਾਂ ਨਾਲ ਝੂਠੀ ਹਮਦਰਦੀ ਕਰਨ ਦੇ ਦਿਖਾਵੇ ਵਿਚ ਜੋ ਸਵਾਰਥ ਛੁਪੇ ਹੋਏ ਹਨ, ਉਸ ਤੋਂ ਇਥੋ ਦੇ ਮੂਲ ਨਿਵਾਸੀ ਅੱਛੀ ਤਰ੍ਹਾਂ ਸਮਝ ਚੁੱਕੇ ਹਨ । ਇਸ ਲਈ ਨਾ ਤਾਂ ਕਾਂਗਰਸ, ਨਾ ਬੀਜੇਪੀ, ਨਾ ਆਰ.ਐਸ.ਐਸ. ਅਤੇ ਨਾ ਹੀ ਕੋਈ ਹੋਰ ਆਰੀਅਨ ਲੋਕਾਂ ਦੀ ਪਾਰਟੀ ਅਤੇ ਬਾਦਲ ਦਲੀਏ ਦਲਿਤ ਤੇ ਰੰਘਰੇਟੇ ਮੂਲ ਨਿਵਾਸੀਆ ਨੂੰ ਇਨਸਾਫ਼ ਦੇ ਸਕਦੇ ਹਨ । ਇਸ ਲਈ ਸਭ ਉਪਰੋਕਤ ਵਰਗ ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਾਂਝੇ ਮਿਸ਼ਨ ਹੇਠ ਇਕੱਤਰ ਹੋ ਕੇ ਅਮਲੀ ਕਾਰਵਾਈਆ ਕਰਨ । ਸੈਂਟਰ ਹਕੂਮਤ ਦੇ ਰਾਜ ਭਾਗ ਉਤੇ ਬਿਰਾਜਮਾਨ ਹੋਣ ਲਈ ਇਹ ਸਾਂਝਾ ਉਦਮ ਤੇ ਮਿਸਨ ਸਾਨੂੰ ਅਵੱਸ ਪ੍ਰਾਪਤ ਹੋਵੇਗਾ ।