ਨਵੀਂ ਦਿੱਲੀ : ਮੁਕਾਬਲਾ ਪ੍ਰੀਖਿਆਵਾਂ ’ਚ ਧਾਤੂ ਵਸਤੁਆਂ ਦੇ ਇਸਤੇਮਾਲ ’ਤੇ ਰੋਕ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ’ਤੇ ਲੱਗੀ ਰੋਕ ਦਾ ਸਾਹਮਣਾ ਹੁਣ 6 ਮਈ ਨੂੰ ਹੋਣ ਜਾ ਰਹੀ ਮੈਡੀਕਲ ਦਾਖਲਾ ਪ੍ਰੀਖਿਆ ‘‘ਨੀਟ’’ ’ਚ ਨਹੀਂ ਕਰਨਾ ਪਵੇਗਾ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਰਵਿੰਦਰ ਭੱਟ ਅਤੇ ਜਸਟਿਸ ਏ.ਕੇ. ਚਾਵਲਾ ਦੀ ਬੈਂਚ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਨੀਟ ਪ੍ਰੀਖਿਆ ’ਚ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ਸਣੇ ਪ੍ਰੀਖਿਆ ਦੇਣ ਦੀ ਮਨਜੂਰੀ ਦਾ ਅੰਤ੍ਰਿਮ ਆਦੇਸ਼ ਦਿੱਤਾ।
ਦਰਅਸਲ ਪਿੱਛਲੇ ਵਰ੍ਹੇ ਸੀ.ਬੀ.ਐਸ.ਈ. ਵੱਲੋਂ ਆਯੋਜਿਤ ਕੀਤੀ ਗਈ ਨੀਟ ਅਤੇ ਦਿੱਲੀ ਸਰਕਾਰ ਦੀ ਡੀ.ਐਸ.ਐਸ.ਐਸ.ਬੀ. ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਪ੍ਰੀਖਿਆ ਕੇਂਦਰਾਂ ਨੇ ਮਨਾ ਕੀਤਾ ਗਿਆ ਸੀ। ਜਿਸਤੋਂ ਬਾਅਦ ਦਿੱਲੀ ਕਮੇਟੀ ਨੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖਿਲ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਵਕੀਲ ਵੱਲੋਂ ਕੋਰਟ ’ਚ ਦਾਖਿਲ ਕੀਤੇ ਗਏ ਹਲਫ਼ਨਾਮੇ ’ਚ ਕੜੇ-ਕ੍ਰਿਪਾਨ ’ਤੇ ਰੋਕ ਨੂੰ ਜਰੂਰੀ ਦੱਸਿਆ ਗਿਆ ਸੀ। ਪਰ ਬਾਅਦ ’ਚ ਸਿੱਖਾਂ ਦੇ ਵਿਰੋਧ ਕਰਕੇ ਦਿੱਲੀ ਦੇ ਉਪ ਮੁਖਮੰਤਰੀ ਮਨੀਸ਼ ਸਿਸੋਦਿਆਂ ਨੇ ਡੀ.ਐਸ.ਐਸ.ਐਸ.ਬੀ. ਪ੍ਰੀਖਿਆ ’ਚ ਅੱਗੇ ਤੋਂ ਇਹ ਰੋਕ ਹਟਾਉਣ ਦਾ ਆਦੇਸ਼ ਦਿੱਤਾ ਸੀ।
ਇਸ ਮਾਮਲੇ ’ਚ ਅੱਜ ਸੀ.ਬੀ.ਐਸ.ਈ. ਨੇ ਵੀ ਆਪਣਾ ਜਵਾਬ ਦਾਖਿਲ ਕਰ ਦਿੱਤਾ ਹੈ। ਇਸਦੇ ਨਾਲ ਹੀ ਬੀਤੇ ਦਿਨੀਂ ਇੱਕ ਅੰਮ੍ਰਿਤਧਾਰੀ ਬੱਚੀ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼ਿਕਾਇਤੀ ਪੱਤਰ ਦੇ ਕੇ ਨੀਟ ਪ੍ਰੀਖਿਆ ’ਚ ਡੈ੍ਰਸ ਕੋਡ ਲਾਗੂ ਹੋਣ ਕਰਕੇ ਉਸਨੂੰ ਕਕਾਰ ਸਣੇ ਪ੍ਰੀਖਿਆ ਕੇਂਦਰ ’ਚ ਦਾਖਿਲਾ ਨਾ ਮਿਲਣ ਦਾ ਖਦਸਾ ਜਤਾਇਆ ਗਿਆ ਸੀ। ਜਿਸਤੋਂ ਬਾਅਦ ਕਮੇਟੀ ਦੇ ਕਾਨੂੰਨੀ ਵਿਭਾਗ ਨੇ ਦਿੱਲੀ ਹਾਈ ਕੋਰਟ ’ਚ ਇਸ ਮਾਮਲੇ ਨੂੰ ਛੇਤੀ ਸੁਣਨ ਦੀ ਅਰਜੀ ਲਗਾਈ ਸੀ। ਜਿਸ ਕਰਕੇ ਅੱਜ ਹੋਈ ਸੁਣਵਾਈ ਦੌਰਾਨ ਕਮੇਟੀ ਵੱਲੋਂ ਇਸ ਮਾਮਲੇ ’ਚ ਪੇਸ਼ ਹੋਏ ਸੀਨੀਅਰ ਵਕੀਲ ਏ.ਪੀ.ਐਸ. ਆਹਲੂਵਾਲੀਆ ਅਤੇ ਵਕੀਲ ਐਸ.ਐਸ.ਆਹਲੂਵਾਲੀਆ ’ਤੇ ਹਰਪੀ੍ਰਤ ਸਿੰਘ ਹੋਰਾ ਨੇ ਕਕਾਰਾਂ ਦੇ ਪੱਖ ’ਚ ਦਲੀਲਾਂ ਰੱਖੀਆਂ।
ਫੈਸਲਾ ਆਉਣ ਉਪਰੰਤ ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਕਾਰਾਂ ’ਤੇ ਲੱਗੀ ਰੋਕ ਦੇ ਹੱਟਣ ਦਾ ਸੁਆਗਤ ਕੀਤਾ। ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਕੋਰਟ ’ਚ ਸੀ.ਬੀ.ਐਸ.ਈ. ਦੇ ਵਕੀਲ ਨੇ ਕਕਾਰਾ ਦੀ ਤੁਲਨਾਂ ਬਲੂਟੂਥ ਸਣੇ ਕਈ ਧਾਤੂ ਵਸਤੁਆਂ ਨਾਲ ਕਰਦੇ ਹੋਏ ਇਨ੍ਹਾਂ ਦੇ ਕਰਕੇ ਨਕਲ ਹੋਣ ਦਾ ਖਦਸਾ ਜਤਾਇਆ ਸੀ। ਪਰ ਮਾਨਯੋਗ ਜੱਜ ਸਾਹਿਬ ਨੇ ਸੀ.ਬੀ.ਐਸ.ਈ. ਦੇ ਵਕੀਲ ਨੂੰ ਕਿਹਾ ਕਿ ਕਕਾਰ ਧਾਰਮਿਕ ਅਧਿਕਾਰਾਂ ਦੇ ਤਹਿਤ ਆਉਂਦੇ ਹਨ। ਇਨ੍ਹਾਂ ’ਤੇ ਰੋਕ ਲਗਾਉਣ ਦਾ ਕੋਈ ਕਾਨੂੰਨ ਵੀ ਮੌਜੂਦ ਨਹੀਂ ਹੈ। ਜਾਂ ਤਾਂ ਤੁਸੀ ਸਾਬਤ ਕਰੋ ਕਿ ਕਕਾਰਾਂ ਕਰਕੇ ਨਕਲ ਹੋ ਸਕਦੀ ਹੈ। ਸਿਰਫ਼ ਖਦਸੇ ਕਰਕੇ ਕਕਾਰਾਂ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਜੀ.ਕੇ. ਨੇ ਦੱਸਿਆ ਕਿ ਕੋਰਟ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਕੇਂਦਰ ’ਚ ਦਾਖਿਲਾ ਲੈਣ ਲਈ 1 ਘੰਟਾ ਪਹਿਲੇ ਆਉਣ ਦਾ ਵੀ ਆਦੇਸ਼ ਦਿੱਤਾ ਹੈ। ਤਾਂਕਿ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਸਿਰਸਾ ਨੇ ਕਿਹਾ ਕਿ ਕੋਰਟ ਦਾ ਆਦੇਸ਼ ਸਿੱਖ ਵਿਦਿਆਰਥੀਆਂ ਲਈ ਰਾਹਤ ਦੇ ਨਾਲ ਇਸ ਗੱਲ ਦਾ ਵੀ ਸੁਨੇਹਾ ਦਿੰਦਾ ਹੈ ਕਿ ਕਕਾਰਾਂ ’ਤੇ ਰੋਕ ਲਗਾਉਣ ਲਗਾਉਣਾਂ ਸੰਵਿਧਾਨ ਦੀ ਧਾਰਾ 25 ਤਹਿਤ ਸਿੱਖਾਂ ਨੂੰ ਮਿਲੇ ਮੁੱਢਲੇ ਧਾਰਮਿਕ ਆਧਿਕਾਰਾਂ ਦੀ ਅਵੱਗਿਆ ਹੈ। ਸਿਰਸਾ ਨੇ ਇਸ ਨੂੰ ਸਿੱਖ ਵਿਦਿਆਰਥੀਆਂ ਅਤੇ ਇਨਸਾਫ਼ ਦੀ ਵੱਡੀ ਜਿੱਤ ਦੱਸਿਆ।