ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂੰਹ ਮੈਬਰਾਂ ਨੇ ਕਿਹਾ ਕਿ ਚੰਡੀਗੜ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ ਤੇ 5% ਵੈਟ ਘਟਾ ਕੇ ਵੱਡੀ ਰਾਹਤ ਦਿੱਤੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਵਿੱਤੀ ਰਾਹਤ ਮਹਿਸੂਸ ਹੋਈ ਹੈ। ਇਸ ਲਈ ਸਮੂੰਹ ਮੈਂਬਰਾ ਵਲੋਂ ਸਰਵ ਸਮੰਤੀ ਨਾਲ ਮਤਾ ਪਾਸ ਕਰਕੇ ਪੰਜ਼ਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸੇ ਤਰਾਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾ ਕੇ ਪੰਜ਼ਾਬ ਵਾਸੀਆਂ ਨੂੰ ਵੀ ਅਸਮਾਨ ਤੇ ਛੂਹ ਰਹੀ ਮਹਿੰਗਾਈ ਤੋਂ ਛੁਟਕਾਰਾ ਪਾਊਣ ਲਈ ਵਿੱਤੀ ਰਾਹਤ ਦਿੱਤੀ ਜਾਵੇ ਤਾਂ ਜੋ ਕਮਰ ਤੋੜ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਭਾਰਤ ਸਰਕਾਰ ਨੂੰ ਅਪੀਲ਼ ਕੀਤੀ ਜਾਂਦੀ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਤੁਰੰਤ ਜੀ.ਐਸ.ਟੀ ਦੇ ਘੇਰੇ ਵਿਚ ਲਿਆਂਦਾ ਜਾਵੇ ਤਾਂ ਕਿ ਹਰ ਪਾਸੇ ਵੱਧ ਰਹੀ ਮਹਿੰਗਾਈ ਤੇ ਠਲ ਪਾਈ ਜਾ ਸਕੇ।
2. ਪੰਜਾਬ ਸਰਕਾਰ ਵਲੋਂ ਬਿਜ਼ਲੀ ਦੇ ਰੇਟਾਂ ਵਿਚ 12% ਵਾਧਾ ਕਰਕੇ ਇਕ ਹਾਈ ਪਾਵਰ ਵੋਲਟੇਜ਼ ਵਾਲਾ ਘਰੇਲੂ ਖਪਤਕਾਰਾਂ ਨੂੰ ਕਰੰਟ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜ਼ਾਬ ਸਰਕਾਰ ਲੋਕ ਹਿਤੂ ਨਹੀਂ ਸਗੋਂ ਲੋਕ ਵਿਰੋਧੀ ਹੈ। ਪਹਿਲਾਂ ਤਾ ਕੇਂਦਰ ਦੀ ਮਾਰੂ ਨੀਤੀ ਨੋਟ ਬੰਦੀ ਅਤੇ ਜੀ.ਐਸ.ਟੀ ਕਾਰਨ ਲੋਕ ਮਹਿੰਗਾਈ ਦੇ ਪੂੜਾ ਵਿਚ ਬੁਰੀ ਤਰਾਂ ਪਿਸ ਰਹੇ ਹਨ। ਹੁਣ ਪੰਜ਼ਾਬ ਸਰਕਾਰ ਨੇ ਵੀ ਉਸੇ ਮਾਰੂ ਨੀਤੀ ਤੇ ਚਲਦਿਆਂ ਹੋਇਆ ਬਿਜ਼ਲੀ ਦੇ ਰੇਟਾਂ ਵਿਚ ਜਬਰਦਸਤ ਵਾਧਾ ਕਰਕੇ ਘਰੇਲੂ ਖਪਤਕਾਰਾਂ ਦਾ ਕਚੂੰਮਰ ਕੱਢ ਦਿੱਤਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਪੂਰਨ ਰੂਪ ਵਿਚ ਖਪਤਕਾਰ / ਲੋਕ ਵਿਰੋਧੀ ਹੈ। ਸਰਕਾਰ ਕੋਲ ਬਿਜ਼ਲੀ ਦੇ ਰੇਟ ਨਾ ਵਧਾਉਣ ਦੇ ਕਈ ਵਿਕਲਪ ਮੌਜੂਦ ਹਨ ਜਿਨਾਂ ਵਿਚੋਂ ਇਕ ਸਰਕਾਰੀ ਵਿਭਾਗਾਂ ਪਾਸੋਂ ਬਿਜ਼ਲੀ ਬਿਲਾਂ ਦੇ ਫਸੇ ਹੋਏ 8 ਅਰਬ 50 ਕਰੋੜ ਰਕਮ ਵਸੂਲਣਾ ਹੈ। ਪਾਵਰਕੋਮ ਵਲੋਂ ਆਮ ਆਦਮੀ ਦੇ ਘਰੇਲੂ ਜਾਂ ਸਨਤਕਾਰਾਂ ਦੇ ਬਿਜ਼ਲੀ ਦੇ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਬਿਜ਼ਲੀ ਦੇ ਕੁਨੇਕਸ਼ਨ ਕੱਟ ਦਿੱਤੇ ਜਾਂਦੇ ਹਨ, ਭਾਵੇਂ ਰਾਸ਼ੀ ਸੈਂਕੜਿਆ ਵਿਚ ਹੀ ਹੋਵੇ। ਲਗਭਗ ਪੰਜ਼ਾਬ ਦੇ ਸਾਰੇ ਸਰਕਾਰੀ ਵਿਭਾਗ ਪਾਵਰਕੋਮ ਦੇ ਅਰਬਾਂ ਰੁਪਏ ਬਿਜ਼ਲੀ ਬਿਲਾਂ ਦੇ ਨੱਪੀ ਬੈਠੇ ਹਨ। ਜੇ ਕਰ ਸਰਕਾਰ ਇਹ ਰਕਮ ਵਸੂਲ ਲਵੇ ਤਾਂ ਘਰੇਲੂ ਖਪਤਕਾਰਾਂ ਉਪਰ ਹਾਲ ਦੀ ਘੜੀ ਵਾਧੂ ਰੇਟ ਦਾ ਬੋਝ ਪਾਉਣ ਦੀ ਲੋੜ ਨਹੀਂ ਪਵੇਗੀ।
ਪਾਵਰਕੋਮ ਵਲੋਂ 1 ਅਪ੍ਰੈਲ 2017 ਤੋਂ ਵਧਾਏ ਗਏ ਬਿਜ਼ਲੀ ਦੇ ਰੇਟਾਂ ਦੀ ਕੰਜਿਊਮਰ ਪ੍ਰੋਟੇਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਵਲੋਂ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਵਿਚ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਹ ਵਾਧਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਖਪਤਕਾਰ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋ ਜਾਣਗੇ ਕਿਊਂਕਿ ਸਰਕਾਰ ਵਲੋਂ ਚੋਣਾਂ ਵਿਚ ਕੀਤੇ ਵਾਅਦੇ ਤੋਂ ਨਾ ਭੱਜ ਕੇ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।
3. ਐਸ.ਏ ਐਸ. ਨਗਰ ਦੀ ਵੱਧ ਰਹੀ ਅਬਾਦੀ ਕਾਰਨ ਸ਼ਹਿਰ ਵਾਸੀਆਂ ਨੂੰ ਖਾਸ ਕਰ ਉਪਰ ਵਾਲੀਆਂ ਮੰਜ਼ਲਾਂ ਵਿਚ ਰਹਿ ਰਹੇ ਨਿਵਾਸੀਆਂ ਨੂੰ ਹਰ ਸਾਲ ਪਾਣੀ ਸਬੰਧੀ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਸਮਸਿਆ ਨੂੰ ਹਲ ਕਰਨ ਲਈ ਪਿਛਲੀ ਸਰਕਾਰ ਵਲੋਂ 2012 ਤੋਂ ਕਜ਼ੋਲੀ ਵਾਟਰ ਵਰਕਸ ਤੋਂ ਸ਼ਹਿਰ ਵਾਸਤੇ 5ਵੀ ਅਤੇ 6ਵੀ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਸੀ, ਜੋ ਅਜੇ ਤੱਕ ਮੁਕੰਮਲ ਨਹੀਂ ਹੋਇਆ ਅਤੇ ਨਾ ਹੀ ਪਾਣੀ ਦੇ ਭੰਡਾਰ ਲਈ ਕੋਈ ਇੰਤਜ਼ਾਮ ਕੀਤਾ ਗਿਆ, ਜਿਸ ਕਰਕੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਿਚ ਕਾਫੀ ਸਮਾਂ ਲਗਣ ਦੀ ਸੰਭਾਵਨਾ ਹੈ ਜੋ ਕਿ ਸ਼ਹਿਰ ਵਾਸੀਆਂ ਦੇ ਹਿੱਤ ਵਿਚ ਨਹੀਂ ਹੈ। ਕਿਊਕਿ ਇਹ ਸ਼ਹਿਰ ਹੁਣ ਤੱਕ 127 ਸੈਕਟਰਾਂ ਤੱਕ ਫੈਲ ਚੁੱਕਾ ਹੈ ਅਤੇ ਅਬਾਦੀ ਵਿਚ ਵੀ ਵਾਧਾ ਹੋ ਚੁੱਕਾ ਹੈ। ਇਸ ਲਈ ਪੰਜ਼ਾਬ ਸਰਕਾਰ ਅਤੇ ਗਮਾਡਾ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ।
4. ਮਿਊਸਪੈਲ ਕਾਰਪੋਰੇਸ਼ਨ ਐਸ.ਏ.ਐਸ ਨਗਰ ਦੇ ਅਧਿਕਾਰੀਆਂ ਵਲੋਂ ਕਈ ਵਾਰੀ ਬਿਆਨ ਆਏ ਹਨ ਕਿ ਸ਼ਹਿਰ ਤੋਂ ਸਿੱਧੀ ਬੱਸ ਸੇਵਾਂ ਰੇਲਵੇ ਸਟੇਸ਼ਨ ਚੰਡੀਗੜ, ਐਸ.ਏ.ਐਸ ਨਗਰ ਅਤੇ ਅੰਤਰ ਰਾਜ਼ੀ ਏਅਰਪੋਰਟ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਕਿ ਹਾਲੇ ਤੱਕ ਸ਼ੁਰੂ ਨਹੀਂ ਕੀਤੀ ਗਈ ਹੈ, ਇਸ ਲਈ ਫੈਡਰੇਸ਼ਨ ਵਲੋਂ ਮਿਊਸਪੈਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਜਲਦੀ ਤੋਂ ਜਲਦੀ ਇਹ ਬੱਸ ਸੇਵਾ ਸ਼ੁਰੂ ਜਾਂਦੀ ਹੈ।
5. ਸ਼ਹਿਰ ਵਿਚ ਥ੍ਰੀ ਵੀਹਲਰਾਂ ਵਲੋਂ ਸਵਾਰੀਆਂ ਨੂੰ ਕਾਫੀ ਖੱਜ਼ਲ ਖੁਆਰ ਕੀਤਾ ਜਾਂਦਾ ਹੈ ਅਤੇ ਮੰਨ ਮਰਜ਼ੀ ਦੇ ਰੇਟ ਵਸੂਲੇ ਜਾਂਦੇ ਹਨ ਅਤੇ ਉਨਾਂ ਵਲੋਂ ਟਰੈਫਿਕ ਸਮਸਿਆ ਨੂੰ ਵੀ ਕਾਫੀ ਖਰਾਬ ਕੀਤਾ ਜਾਂਦਾ ਹੈ ਇਸ ਲਈ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਨਾਂ ਥ੍ਰੀ ਵੀਲਰਾਂ ਦੇ ਮੀਟਰ ਲਗਾਉਣ ਅਤੇ ਰੇਟ ਤੈਅ ਕਰ ਲਈ ਜਰੂਰੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ / ਸਵਾਰੀਆਂ ਵਾਦ ਵਿਵਾਦ ਤੋਂ ਬੱਚ ਸਕਣ।
6. ਮੁਲਕ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਦੇਸ਼ ਵਿਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੰਤਵ ਲਈ ਇਸ ਫੈਡਰੇਸ਼ਨ ਵਲੋਂ ਭਾਰਤ ਮਾਨਕ ਬਿਊਰੋ ਦੇ ਸਹਿਯੋਗ ਨਾਲ 8 ਨਵੰਬਰ 2017 ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਸਬੰਧੀ ਜਾਗਰੂਕਤਾ ਸੈਮੀਨਾਰ ਫੈਮਲੀ ਪਲੈਨਿੰਗ ਅਸੋਸੀਏਸ਼ਨ ਫੇਜ਼ 3ਏ (ਨੇੜੇ ਪੈਟਰੋਲ ਪੰਪ) ਐਸ.ਏ.ਐਸ ਨਗਰ ਵਿਖੇ ਲਗਾਇਆ ਜਾ ਰਿਹਾ ਹੈ। ਸਹਿਰ ਵਾਸੀਆਂ ਨੂੰ ਅਪੀਲ ਹੈ ਕਿ ਜੇ ਕਰ ਕਿਸੇ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਕੋਈ ਸਮਸਿਆ ਹੈ ਤਾਂ ਇਸ ਸੈਮੀਨਾਰ ਵਿਚ ਸ਼ਮੂਲੀਅਤ ਕਰਕੇ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ।
ਇਸ ਵਿਸ਼ੇਸ਼ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਲੈਫ. ਕਰਨਲ ਐਸ.ਐਸ. ਸੋਹੀ ਪੈਟਰਨ, ਸਰਵ ਸ਼੍ਰੀ ਮਨਜੀਤ ਸਿੰਘ ਭੱਲਾ, ਐਮ.ਐਮ. ਚੋਪੜਾ, ਕੁਲਦੀਪ ਸਿੰਘ ਭਿੰਡਰ, ਸਤਵੀਰ ਸਿੰਘ ਧਨੋਆ, ਜਸਮੇਰ ਸਿੰਘ ਬਾਠ, ਪਰਵੀਨ ਕੁਮਾਰ ਕਪੂਰ, ਜਸਵੰਤ ਸਿੰਘ ਸੋਹਲ, ਸੋਹਨ ਲਾਲ ਸ਼ਰਮਾ, ਗੁਰਚਰਨ ਸਿੰਘ ਕਪੂਰ, ਗੁਰਮੀਤ ਚੰਦ ਸਰੋਆ, ਲਛਮਣ ਸਿੰਘ, ਜਗਜੀਤ ਸਿੰਘ, ਆਰ.ਪੀ. ਸਿੰਘ, ਸੁਰਜੀਤ ਸਿੰਘ ਗਰੇਵਾਲ, ਸੁਰਮੁੱਖ ਸਿੰਘ, ਇੰਜ਼. ਜੇ.ਐਸ. ਟਿਵਾਨਾ ਅਤੇ ਜੀ.ਐਸ. ਮਜੀਠੀਆ ਆਦਿ ਸ਼ਾਮਲ ਹੋਏ।