ਪਟਿਆਲਾ, (ਪਰਮਜੀਤ ਸਿੰਘ ਬਾਗੜੀਆ) – ਪੰਜਾਬੀ ਮਾਂ ਬੋਲੀ, ਕਲਾ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਹੋਕੇ ਨਾਲ ‘ਵਿਰਸਾ ਸੰਭਾਲ’ ਸਮਾਗਮ ਨਾਰਥ ਜੋਨ ਕਲਚਰਲ ਸੈਂਟਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਕਰਵਾਇਆ। ਸਮਾਜਿਕ ਤੇ ਲੋਕ ਭਲਾਈ ਕਾਰਜਾਂ ਨੂੰ ਪ੍ਰਣਾਏ ਨੌਜਵਾਨ ਵਰਿੰਦਰ ਗਰੇਵਾਲ ਅਤੇ ਮੈਡਮ ਮਨਪ੍ਰੀਤ ਕੌਰ ਵਲੋਂ ਸੰਸਥਾ ਯੂਥ ਪਾਵਰ ਵੈਲਫੇਅਰ ਆਰਗੇਨਾਈਜੇਸ਼ਨ ਦੇ ਮੁਖੀ ਸ੍ਰੀ ਭੁਪਿੰਦਰ ਮੈਡੀ ਦੀ ਅਗਵਾਈ ਵਿਚ ਉਲੀਕੇ ਇਸ ਸਮਾਗਮ ਵਿਚ ਰੰਗਲੀਆ ਪੇਸ਼ਕਾਰੀਆਂ ਦੇ ਨਾਲ ਨਾਲ ਆਏ ਮਹਿਮਾਨਾਂ ਤੇ ਬੁੱਧੀਜੀਵੀ ਵਰਗ ਨਾਲ ਸਬੰਧਤ ਬੁਲਾਰਿਆਂ ਨੇ ਵਿਰਸੇ ਦੀਆਂ ਸਭ ਵੰਨਗੀਆਂ ਸੰਭਾਲਣ ਦੀ ਲੋੜ ਦੇ ਨਾਲ ਨਾਲ ਸਮਾਜ ਵਿਚ ਵਧ ਰਹੇ ਨਸ਼ੇ ਤੇ ਅਪਰਾਧ ਦੇ ਰੁਝਾਨ ਪ੍ਰਤੀ ਵੀ ਚਿੰਤਾ ਜਤਾਈ। ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਸ੍ਰੀ ਕਮਲ ਸ਼ਰਮਾ ਮੁਖੀ ਭਾਜਪਾ ਨੇ ਕਰਨ ਉਪਰੰਤ ਸਰੋਤਿਆਂ ਨੂੰ ਸੰਬੋਧਨ ਕਰਦਿਆ ਆਖਿਆ “ਜੋ ਗਾਣਿਆ ਰਾਹੀਂ ਨਵੀਂ ਪੀੜ੍ਹੀ ਨੂੰ ਪਰੋਸਿਆ ਜਾ ਰਿਹਾ ਹੈ ਉਹ ਸੱਭਿਆਚਾਰਕ ਪ੍ਰਦੂਸ਼ਣ ਹੈ, ਬੁਰਾਈਆਂ ਤਾਂ ਹਰ ਸਮਾਜ ਵਿਚ ਨਾਲੋ ਨਾਲ ਚਲਦੀਆਂ ਹਨ ਪਰ ਉਨਹਾਂ ਬੁਰਾਈਆਂ ਦਾ ਗੁਣਗਾਨ ਕਰਨਾ ਅਤੇ ਉਨਹਾਂ ਨੂੰ ਜਿੰਦਗੀ ਦੇ ਕੇਂਦਰੀ ਮੰਚ ‘ਤੇ ਲਿਆਉਣਾ, ਇਹ ਮੰਦਭਾਗਾ ਹੈ, ਸਾਹਿਤ ਸਮਾਜ ਦਾ ਸ਼ੀਸ਼ਾ ਹੈ ਅੱਜ ਜੋ ਲੱਚਰਤਾ ਗਾਣਿਆ ਵਿਚ ਹੈ ਉਹੀ ਲੱਚਰਤਾ ਸਾਡੇ ਸਮਾਜ ਵਿਚ ਹੈ ਪਹਿਲਾ ਸਮਾਜ ਵਿਚੋਂ ਲੱਚਰਤਾ ਖਤਮ ਕਰਨੀ ਪਊ, ਗਾਣਿਆਂ ਵਿਚ ਆਪਣੇ ਆਪ ਖਤਮ ਹੋ ਜਾਊ।” ਪ੍ਰੋ. ਸੁਭਾਗਿਆ ਵਰਧਨ ਨਿਰਦੇਸ਼ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਨੇ ਵੱਡੀ ਗਿਣਤੀ ਵਿਚ ਹਾਜਰ ਸਕੂਲੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਨੇੜੇ ਆ ਰਹੀਆਂ ਸਲਾਨਾ ਛੁੱਟੀਆਂ ਦੌਰਾਨ ਇਥੇ ਲਗਾਈ ਜਾ ਰਹੀ ਇਕ ਮਹੀਨੇ ਦੀ ਸੱਭਿਆਚਾਰਕ ਵਰਕਸ਼ਾਪ ਵਿਚ ਹਿੱਸਾ ਜਰੂਰ ਲੈਣ ਜਿਸ ਵਿਚ ਨਾਟਕ, ਲੋਕ ਨਾਚ, ਚਿਤਰਕਲਾ, ਗਾਇਕੀ, ਪੇਟਿੰਗ ਅਤੇ ਭੰਗੜਾ ਆਦਿ ਮੁਫਤ ਸਿਖਾਇਆ ਜਾਵੇਗਾ। ਮੈਡਮ ਪ੍ਰੋਮਿਲਾ ਦੀ ਨਿਰਦੇਸ਼ਨਾ ਹੇਠ ਲੋਕ ਨਾਚ ਸੰਮੀ ਨੇ ਰੰਗ ਬੰਨ੍ਹਿਆ। ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਦੇ ਰੈਂਪ ਵਾਕ ਇਨਾਮੀ ਮੁਕਾਬਲੇ ਵਿਚ ਜੇਤੂ ਸਨੀ ਵਿਰਕ, ਫਸਟ ਰਨਰ ਅਪ ਰਾਵਿੰਦਰ ਕੌਰ,ਸੈਕਿੰਡ ਰਨਰ ਅਪ ਭੱਵਿਆ ਸ਼ਰਮਾ ਰਹੇ, ਖੁਬਸੁਰਤ ਚਿਹਰਾ ਟਾਈਟਲ ਕਿਰਨ, ਖੁਬਸੂਰਤ ਨੈਣ ਅੰਸ਼ੂਮਨ,ਚੰਗੀ ਸਖਸੀਅਤ ਰੁਪਿੰਦਰ ਕੌਰ,ਖੁਬਸੂਰਤ ਸਿ਼ੰਗਾਰ ਅਮਨਦੀਪ ਕੌਰ ਅਤੇ ਪੰਜਾਬੀ ਪਹਿਰਾਵਾ ਟਾਈਟਲ ਰਾਮ ਸਿੰਘ ਰਾਏ ਨੇ ਜਿੱਤਿਆ। ਜੱਜਾਂ ਦੀ ਭੁਮਿਕਾ ਡਾ. ਚਰਨਜੀਤ ਕੌਰ, ਇਸਿ਼ਤਾ ਅਤੇ ਜੱਸੀ ਆਲਾ ਢਿੱਲੋਂ ਨੇ ਨਿਭਾਈ।
ਸ਼ਹਿਰ ਤੋਂ ਸਮਾਗਮ ਵਿਚ ਹਾਜਰ ਇਕ ਹੋਰ ਹਸਤੀ ਸ. ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਪਟਿਆਲਾ ਨੇ ਆਖਿਆ ਕਿ ਬਦਲੇ ਹਾਲਾਤ ਵਿਚ ਜੋ ਅਸੀਂ ਗੁਆ ਰਹੇ ਹਾਂ ਜਿਵੇਂ ਪਾਣੀ ਤੇ ਵਾਤਾਰਣ ਆਦਿ ਉਸਨੂੰ ਸੰਭਾਲਣਾ ਵੀ ਸਾਡਾ ਹੀ ਫਰਜ ਹੈ। ਸਮਾਗਮ ਵਿਚ ਜੱਜ ਵਜੋਂ ਵਿਚਰੀ ਪ੍ਰਸਿੱਧ ਲੇਖਿਕਾ ਅਤੇ 16 ਕਿਤਾਬਾਂ ਦੀ ਰਚਨਹਾਰੀ ਡਾ. ਚਰਨਜੀਤ ਕੌਰ ਨੇ ਔਰਤਾਂ ਖਾਸਕਰ ਬਾਲੜੀਆਂ ਵਿਰੁੱਧ ਵਧਦੇ ਅਪਰਾਧ ਪ੍ਰਤੀ ਚਿੰਤਾ ਜਤਾਉਂਦਿਆਂ ਆਖਿਆ ਕਿ ਅਖਬਾਰੀ ਰਿਪੋਰਟਾਂ ਤੋਂ ਹੱਟ ਕੇ ਜੇਕਰ ਸਮਾਜ ਵਿਚ ਵਿਚਰ ਕੇ ਵੇਖੋਂ ਤਾਂ ਅਜਿਹੀਆਂ ਘਿਨਾਉਣੀਆਂ ਘਟਨਾਵਾ ਤੁਹਾਨੂੰ ਪੈਰ ਪੈਰ ‘ਤੇ ਵੇਖਣ ਨੂੰ ਮਿਲਣਗੀਆਂ। ਉਨਹਾਂ ਗਾਇਕੀ ਦੇ ਖੇਤਰ ਵਿਚ ਜਾਤੀ ਵਿਸ਼ੇਸ਼ ਉਭਾਰ ਨੂੰ ਵੀ ਮੰਦਭਾਗਾ ਦੱਸਿਆ ਹੈ। ਇ ਮੌਕੇ ਦਿੱਲੀ ਭਾਜਪਾ ਆਗੂ ਮੀਨੂ ਸਹਿਰਾਵਤ, ਐਸ.ਕੇ.ਦੇਵ ਜਿਲ੍ਹਾਂ ਪ੍ਰਧਾਨ ਭਾਜਪਾ ਅਤੇ ਜੀ.ਐਮ ਇੰਟਰਪ੍ਰਾਈਜ ਤੋਂ ਟੀਨੂ ਗਰਗ ਵੀ ਉਚੇਚੇ ਤੌਰ ਤੇ ਹਾਜਰ ਸਨ। ਨੌਜਵਾਨ ਸ਼ਾਇਰ ਸਤਨਾਮ ਨੇ ‘ਦਿਲ ਪੁੱਛ ਕੇ ਤਾਂ ਵੇਖ ਲਓ ਉਨਹਾਂ ਦਾ ਜਿਨ੍ਹਾਂ ਦੀ ਮਾਂ ਨਹੀ ਹੁੰਦੀ’ ਅਤੇ ‘ਰੱਬ ਲੱਭਦਾ ਫਿਰਦਾ ਹੈ ਮੇਰਾ ਇਨਸਾਨ ਕਿੱਧਰ ਗਿਆ’ ਰਾਹੀਂ ਸਰੋਤਿਆ ਦੀ ਵਾਹ ਵਾਹ ਲੁੱਟੀ। ਦੇਵ ਸਮਾਜ ਕਾਲਜ ਚੰਡੀਗੜ੍ਹ ਦੀ ਵਿਦਿਆਰਥਣ ਸ਼ਾਲਿਨੀ ਸਰਮਾ ਨੇ ਪੰਜਾਬੀ ਕਵਿਤਾ ਰਾਹੀ ਸੱਭਿਆਚਾਰ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ। ਨਾਟਕ ‘ਅਜ਼ਾਦੀ’ ਅੱਜ ਦੀ ਨੌਜਵਾਨੀ ਨੂੰ ਦਰਪੇਸ਼ ਬੇਰੁਜ਼ਗਾਰੀ,ਨਸਿ਼ਆਂ ਦਾ ਫੈਲਾਅ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਪਣੀ ਜਿੰਮੇਵਾਰੀ ਸਮਝ ਕੇ ਲੜਨ ਦਾ ਹੋਕਾ ਦੇ ਗਿਆ।
ਅੰਤ ਵਿਚ ਸਮਾਗਮ ਦੀ ਸ਼ਾਨ ਬਣੇ ਡਾ.ਜਗਤਾਰ ਸਿੰਘ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਪੰਜਾਬ ਨੇ ਸੰਬੋਧਬ ਕਰਦਿਆ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦਿੰਦਿਆ ਆਖਿਆ ਕਿ ਅਜਿਹੇ ਸਮਾਗਮਾਂ ਮੌਕੇ ਪੁਖਤਾ ਵਿਉਂਤਬੰਦੀ ਅਤੇ ਸਾਰਿਆਂ ‘ਤੇ ਸਮੇਂ ਦੀ ਪਾਬੰਦੀ ਬਹੁਤ ਅਹਿਮ ਹੈ। ਉਨਹਾਂ ਆਖਿਆ ਕਿ ਗੰਦਾ ਗਾਉਣ ਅਤੇ ਘਟੀਆ ਗੀਤ ਲਿਖਣ ਵਲੇ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੇ ਹਨ। ਇਹਨਾਂ ਦੀ ਰੋਕਥਾਮ ਲਈ ਸਮਾਜਿਕ ਜਾਗਰੂਕਤਾ ਅਤੇ ਬਦਲਾਅ ਜਰੂਰੀ ਹੈ, ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਨੂੰ ਰੋਕਣ ਲਈ ਨਾਰੀ ਸ਼ਕਤੀ ਨੂੰ ਉਭਾਰਨਾ ਜਰੂਰੀ ਹੈ ਤਾਂ ਜੋ ਨਾਰੀ ਜਾਤੀ ਵਿਰੁੱਧ ਗੰਦੀ ਸੋਚ ਅਤੇ ਅਪਰਾਧਿਕ ਬਿਰਤੀ ਨੂੰ ਖਤਮ ਕੀਤਾ ਜਾ ਸਕੇ। ਸਮੂਹ ਮਹਿਮਾਨਾਂ ਨੇ ਵਿਰਸਾ ਸੰਭਾਲ ਦੀ ਪ੍ਰਬੰਧਕਾਂ ਸ੍ਰੀ ਭੁਪਿੰਦਰ ਮੈਡੀ, ਵਰਿੰਦਰ ਗਰੇਵਾਲ ਅਤੇ ਮਨਪ੍ਰੀਤ ਕੌਰ ਦੇ ਯਤਨਾਂ ਦੀ ਸਲਾਘਾ ਕੀਤੀ।