ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਤੋਂ ਸਿੱਖ ਇਤਿਹਾਸ ਨੂੰ ਬਾਹਰ ਕੱਢਣਾ ਸਿੱਖ ਵਿਰੋਧੀ ਮਾਨਸਿਕਤਾ ਨੂੰ ਜ਼ਾਹਰ ਕਰਨ ਦੇ ਨਾਲ ਹੀ ਕੌਮੀ ਸਿੱਖਿਆ ਪਾਠਕ੍ਰਮ ’ਚ ਸਿੱਖ ਇਤਿਹਾਸ ਨੂੰ ਲਿਆਉਣ ਦੀ ਚੱਲ ਰਹੀ ਮੁਹਿੰਮ ਨੂੰ ਖ਼ਤਮ ਕਰਨ ਵਰਗਾ ਹੈ। ਉਕਤ ਦਾਅਵਾ ਸਿੱਖ ਬੁੱਧਿਜੀਵੀਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ। ਜਸਪਾਲ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਸਿੱਖ ਇਤਿਹਾਸ ਨੂੰ ਪੰਜਾਬ ਸਕੂਲੀ ਪਾਠਕ੍ਰਮ ਤੋਂ ਬਾਹਰ ਕੱਢਣ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਮਾਤ 12ਵੀਂ ਦੀ ਇਤਿਹਾਸ ਦੀ ਕਿਤਾਬ ਤੋਂ 22 ਚੈਪਟਰ ਨੂੰ ਬਾਹਰ ਕੱਢ ਕੇ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਹੈ।
ਇਸ ਮੌਕੇ ’ਤੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ, ਇਤਿਹਾਸਕਾਰ ਡਾ। ਹਰਬੰਸ ਕੌਰ ਸਾਗੂ ਅਤੇ ਗੁਰੂ ਗ੍ਰੰਥ ਵਿਦਿਆ ਕੇਂਦਰ ਦੇ ਕਰਨਲ ਜੋਗਿੰਦਰ ਸਿੰਘ ਸ਼ਾਹੀ ਨੇ ਵੀ ਆਪਣੇ ਵਿਚਾਰ ਰੱਖੇ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਿਸੇ ਕੌਮ ਦਾ ਇਤਿਹਾਸ ਹੀ ਉਸਦੇ ਚੰਗੇ-ਮੰਦੇ ਦੀ ਪਛਾਣ ਦੱਸਦਾ ਹੈ। ਪੰਜਾਬ ਦਾ ਇਤਿਹਾਸ ਮਿਟਾਉਣਾ ਇੱਕ ਤਰ੍ਹਾਂ ਨਾਲ ਪੰਜਾਬ ਦੀ ਅਮੀਰ ਵਿਰਾਸਤ ਅਤੇ ਕੁਰਬਾਨਿਆਂ ਨੂੰ ਤਿਲਾਂਜਲੀ ਦੇਣ ਵਰਗਾ ਹੈ। ਇੱਕ ਪਾਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਚਾਰ ਸਾਹਿਬਜਾਦਿਆਂ ਦੀ ਬਹਾਦਰੀ ਕਥਾ ਅਤੇ ਸਾਰਾਗੜ੍ਹੀ ਦੇ ਇਤਿਹਾਸ ਨੂੰ ਐਨ. ਸੀ. ਈ. ਆਰ. ਟੀ. ਨੂੰ ਕੌਮੀ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਸਿੱਖ ਸੰਸਥਾਵਾਂ ਮੁਹਿੰਮ ਚਲਾ ਰਹੀਆਂ ਹਨ ਤੇ ਦੂਜੇ ਪਾਸੇ ਸਿੱਖਾਂ ਦੀ ਮਾਤਭੂਮੀ ਦੇ ਤੌਰ ’ਤੇ ਜਾਣ ਜਾਂਦੇ ਪੰਜਾਬ ਦੇ ਸਕੂਲਾਂ ਤੋਂ ਹੀ ਸਿੱਖ ਇਤਿਹਾਸ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਅਸੀਂ ਕਿਸ ਮੂੰਹ ਨਾਲ ਐਨ. ਸੀ. ਈ. ਆਰ. ਟੀ. ’ਤੇ ਸਿੱਖ ਇਤਿਹਾਸ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦਾ ਦਬਾਅ ਪਾਵਾਂਗੇ। ਆਪਣੇ ਬੱਚਿਆਂ ਤਕ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਪਹੁੰਚਾਉਣਾ ਜਰੂਰੀ ਹੈ।
ਤ੍ਰਿਲੋਚਨ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਸ਼ਹੀਦਾਂ ਤਕ ਦੇ ਸਮੇਂ ਨੂੰ ਸਿੱਖ ਕਾਲ ਦੇ ਤੌਰ ’ਤੇ ਸਥਾਪਿਤ ਕਰਨ ਵਾਸਤੇ ਐਨ. ਸੀ. ਈ. ਆਰ. ਟੀ. ਨੂੰ ਸਲਾਹਕਾਰ ਕਮੇਟੀ ਬਣਾਉਣੀ ਚਾਹੀਦੀ ਹੈ। ਜਿਸ ਤੋਂ ਬਾਅਦ ਸਿੱਖ ਇਤਿਹਾਸ ਇੱਕ ਚੈਪਟਰ ਦੇ ਤੌਰ ’ਤੇ ਕੌਮੀ ਸਕੂਲ ਪਾਠਕ੍ਰਮ ਦਾ ਹਿੱਸਾ ਬਣ ਸਕੇਗਾ। ਮਹਾਰਾਜਾ ਰਣਜੀਤ ਸਿੰਘ ਨੇ ਲੱਦਾਖ ’ਚ ਗਿੱਲਗਿਟ ਅਤੇ ਹੋਰ ਹਿੱਸੇ ਨੂੰ ਚੀਨ ਤੋਂ ਖੋਹ ਕੇ ਆਪਣੇ ਰਾਜ ਦਾ ਹਿੱਸਾ ਬਣਾਇਆ ਸੀ। ਇਸਦੇ ਲਈ ਬਰਫ ’ਚ ਸਿੱਖਾਂ ਨੇ ਸ਼ਹੀਦਿਆਂ ਦਿੱਤੀਆਂ ਸੀ। ਕਿ ਇਹ ਇਤਿਹਾਸ ਦੇਸ਼ ਦੇ ਬੱਚਿਆਂ ਨੂੰ ਨਹੀਂ ਦੱਸਣਾ ਚਾਹੀਦਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 12ਵੀਂ ਦੇ ਹਟਾਏ ਗਏ ਇਤਿਹਾਸ ਦੇ ਹਿੱਸੇ ਨੂੰ 11ਵੀਂ ’ਚ ਪੜਾਉਣ ਦੇ ਕੀਤੇ ਜਾ ਰਹੇ ਦਾਅਵੇ ਦਾ ਨੁਕਸਾਨ ਓਪਨ ਸਕੂਲ ਤੋਂ 12ਵੀਂ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਵੇਗਾ। ਕਿਉਂਕਿ ਓਪਨ ਸਕੂਲ ਦੇ ਵਿਦਿਆਰਥੀ 11ਵੀਂ ਜਮਾਤ ਦੀ ਥਾਂ ਸਿੱਧੀ 12ਵੀਂ ਕਰਦੇ ਹਨ। ਇਸਦੇ ਨਾਲ ਹੀ ਇਸ ਸਾਲ 11ਵੀਂ ਪਾਸ ਕਰਕੇ 12ਵੀਂ ’ਚ ਆਏ ਵਿਦਿਆਰਥੀਆਂ ਤੋਂ ਸਿੱਖ ਇਤਿਹਾਸ ਪੜ੍ਹਨ ਦਾ ਮੌਕਾ ਖੋਹ ਲਿਆ ਗਿਆ ਹੈ। ਇਸਦਾ ਨੁਕਸਾਨ ਲਗਭਗ 10 ਲੱਖ ਬੱਚਿਆਂ ਨੂੰ ਭੁਗਤਣਾ ਪਵੇਗਾ।
ਪੰਜਾਬ ਅਤੇ ਸਿੱਖੀ ਦੇ ਇਤਿਹਾਸ ਨੂੰ ਹਟਾਉਣ ਦੀ ਕੀਮਤ ਤੇ ਸੰਸਾਰ ਦਾ ਇਤਿਹਾਸ ਸ਼ਾਮਿਲ ਕੀਤੇ ਜਾਣ ਦੀ ਨਿਖੇਧੀ ਕਰਦੇ ਹੋਏ ਹਰਿੰਦਰ ਪਾਲ ਨੇ ਕਿਹਾ ਕਿ ਜੇਕਰ ਯਾਦਦਾਸ਼ਤ ਮਿੱਟਾ ਦੇਵਾਂਗੇ ਤਾਂ ਕੌਮ ਮਿੱਟ ਜਾਵੇਗੀ। ਅਜ਼ਾਦੀ ਘੁਲਾਟਿਆਂ ਅਤੇ ਕ੍ਰਾਂਤੀਕਾਰੀ ਦੇ ਇਤਿਹਾਸ ਨੂੰ ਮੌਜੂਦਾ ਕਿਤਾਬ ’ਚ ਛੋਟਾ ਕਰਕੇ ਵਿਖਾਉਣ ਗਲਤ ਹੈ। ਜਿਵੇਂ ਕਿ ਸ਼ਹੀਦ ਊਧਮ ਸਿੰਘ ਵੱਲੋਂ ਬ੍ਰਿਟੇਨ ਦੀ ਅਦਾਲਤ ’ਚ ਰਾਂਝਾ ਦੀ ਪ੍ਰੇਮਿਕਾ ਮੰਨੀ ਜਾਂਦੀ ਹੀਰ ਦੀ ਕਸਮ ਖਾਣਾ, ਭਗਤ ਸਿੰਘ ’ਤੇ ਕ੍ਰਾਂਤੀ ਦੇ ਨਾਮ ’ਤੇ ਲੁੱਟ, ਡਕੈਤੀ, ਰੇਲ ਦੀ ਪਟਰੀ ਪੁੱਟਣਾ ਸਣੇ ਕਤਲ ਕਰਨ ਵਰਗੇ ਦੋਸ਼ ਲਗਾਉਣਾ ਆਦਿਕ ਸ਼ਾਮਿਲ ਹਨ। ਸ਼ਾਹੀ ਨੇ ਪੰਜਾਬ ਸਰਕਾਰ ’ਤੇ ਇਤਿਹਾਸ ਨੂੰ ਤੋੜਨ, ਮਿਥਿਹਾਸ ਨੂੰ ਇਤਿਹਾਸ ਦੱਸਣ ਅਤੇ ਸਥਾਨਕ ਸਭਿਆਚਾਰ ਦਾ ਮਹੱਤਵ ਘਟਾਉਣ ਵਰਗੇ ਗੰਭੀਰ ਦੋਸ਼ ਲਾਏ।
ਸਾਗੂ ਨੇ ਸਿੱਖਾਂ ਵੱਲੋਂ ਆਜ਼ਾਦੀ ਤੋਂ ਪਹਿਲਾਂ ਲਗਾਏ ਗਏ ਮੋਰਚਿਆਂ ਨੂੰ ਸਧਾਰਣ ਅਤੇ ਮਹਤਵਹੀਨ ਦੱਸਣ ’ਤੇ ਹੈਰਾਨੀ ਜਤਾਉਂਦੇ ਹੋਏ ਪੁਸਤਕਾਂ ’ਚ ਸਿੱਖ ਇਤਿਹਾਸ ਦੇ ਦੋਹਰਾਉਣ ਨੂੰ ਜਰੂਰੀ ਦੱਸਿਆ। ਸਾਗੂ ਨੇ ਸਵਾਲ ਪੁੱਛਿਆ ਕਿ ਪੰਜਾਬ ਨੂੰ ਲੁੱਟਣ ਆਏ ਵਿਦੇਸ਼ੀ ਹਮਲਾਵਰਾਂ ਅਤੇ ਸ਼ਹੀਦ ਉਧਮ ਸਿੰਘ ਦਾ ਇਤਿਹਾਸ ਕਿ ਸਿਰਫ਼ ਪੰਜਾਬ ਦਾ ਇਤਿਹਾਸ ਹੈ ? ਕੀ ਇਹ ਭਾਰਤ ਦਾ ਇਤਿਹਾਸ ਨਹੀਂ ਹੈ ? ਇਤਿਹਾਸ ਨੂੰ ਇਤਨਾ ਨਾ ਕੱਟੋ ਕਿ ਉਸਦੀ ਅਹਿਮੀਅਤ ਘੱਟ ਜਾਵੇ। ਕੁਲਮੋਹਨ ਸਿੰਘ ਨੇ ਅਫਸੋਸ ਜਤਾਇਆ ਕਿ ਪੰਜਾਬ ਦੇ ਇਤਿਹਾਸ ਨੂੰ ਸਿੱਖਾਂ ਦੇ ਨਾਲ ਜੋੜ ਦਿੱਤਾ ਗਿਆ ਹੈ ਜਦਕਿ ਇਹ ਦੇਸ਼ ਦਾ ਇਤਿਹਾਸ ਸੀਂ। ਇਸ ਲਈ ਸਿੱਖ ਇਤਿਹਾਸ ਨੂੰ ਮੁੜ੍ਹ ਤੋਂ ਪੰਜਾਬ ਸਰਕਾਰ ਕਿਤਾਬਾਂ ’ਚ ਬਹਾਲ ਕਰੇ। ਪੰਜਾਬ ਦੇ ਨਾਲ ਹੀ ਕੌਮੀ ਸਕੂਲ ਪਾਠਕ੍ਰਮ ’ਚ ਇਤਿਹਾਸ ਸ਼ਾਮਿਲ ਹੋਵੇ, ਇਸਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।