ਸਿੱਖ ਧਰਮ ਦੇ ਪੈਰੋਕਾਰਾਂ ਦੀ ਬਦਕਿਸਮਤੀ ਇਹ ਹੈ ਕਿ ਉਹ ਲਾਈਲੱਗ ਬਹੁਤ ਹਨ। ਸੁਣੀ ਸੁਣਾਈ ਗੱਲ ਤੇ ਯਕੀਨ ਕਰਨਾ ਅਤੇ ਬਿਨਾ ਸੋਚੇ ਸਮਝੇ ਪਾਲਾ ਕੱਢਕੇ ਦੋ ਹੱਥ ਕਰਨ ਲਈ ਤਿਆਰ ਹੋ ਜਾਣਾ, ਉਨ੍ਹਾਂ ਦੀ ਫਿਤਰਤ ਹੈ। ਚਾਲਾਕ ਸਿਆਸਤਦਾਨ ਹਮੇਸ਼ਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਆਪਣਾ ਸਿਆਸੀ ਉਲੂ ਸਿੱਧਾ ਕਰਦੇ ਰਹਿੰਦੇ ਹਨ। ਸੰਬਾਦ ਕਰਨ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦੇ ਜਦੋਂ ਕਿ ਸਿੱਖ ਗੁਰੂ ਸਾਹਿਬਾਨ ਨੇ ਹਰ ਸਮੱਸਿਆ ਦਾ ਹਲ ਸੰਬਾਦ ਕਰਕੇ ਕੀਤਾ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਹੋਣ ਜਾਂ ਭਾਵੇਂ ਬਾਕੀ ਗੁਰੂ ਸਾਹਿਬਾਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਿੱਧ ਯੋਗੀਆਂ ਅਤੇ ਸੂਰਜ ਨੂੰ ਪਾਣੀ ਦੇਣ ਵਾਲੇ ਪੰਡਤਾਂ ਨੂੰ ਵੀ ਸੰਬਾਦ ਨਾਲ ਨਿਰਉਤਰ ਕਰ ਦਿੱਤਾ ਸੀ। ਪ੍ਰੰਤੂ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਧਰਮ ਦੇ ਬੁੱਧੀਜੀਵੀ ਵਿਦਵਾਨ ਵੀ ਧੜਿਆਂ ਤੇ ਸਿਆਸੀ ਪਾਰਟੀਆਂ ਵਿਚ ਵੰਡੇ ਹੋਏ ਹਨ। ਉਹ ਆਪਣੀ ਰਾਏ ਆਪਣੀ ਪਾਰਟੀ ਅਤੇ ਧੜੇ ਅਨੁਸਾਰ ਹੀ ਦਿੰਦੇ ਹਨ। ਸੱਚੀ ਅਤੇ ਸਹੀ ਨਿਰਪੱਖ ਰਾਏ ਦੇਣ ਤੋਂ ਕੰਨੀ ਕਤਰਾਉਂਦੇ ਹਨ। ਅਕਾਲੀ ਦਲ ਤਾਂ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੀ ਸਮਝਦਾ ਹੈ। ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿ ਕੇ ਪੱਲਾ ਝਾੜ ਲੈਂਦੀ ਹੈ ਅਤੇ ਮੈਦਾਨ ਅਕਾਲੀ ਦਲ ਲਈ ਖਾਲੀ ਛੱਡ ਦਿੰਦੀ ਹੈ। ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੀ ਚੋਣ ਲੜਨ ਬਾਰੇ ਬਿਆਨ ਦਿੱਤਾ ਸੀ ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਰੋੜਾ ਅਟਕਾ ਦਿੱਤਾ ਸੀ।
ਹੁਣ ਵਰਤਮਾਨ ਤਾਜਾ ਪੰਜਾਬ ਸਕੂਲ ਸਿਖਿੱਆ ਬੋਰਡ ਦੀਆਂ ਪੁਸਤਕਾਂ ਵਿਚੋਂ ਸਿੱਖ ਧਰਮ ਨਾਲ ਸੰਬੰਧਤ ਅਧਿਆਏ ਕੱਢਣ ਦੇ ਵਾਦਵਿਵਾਦ ਦੀ ਗੱਲ ਕਰੀਏ, ਜੋ ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਪਾਠਕ੍ਰਮ ਬਣਾਉਣ ਵਿਚ ਕਿਸੇ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੁੰਦਾ। ਇਹ ਪਾਠਕ੍ਰਮ ਪੰਜਾਬ ਸਕੂਲ ਸਿੱਖਿਆ ਬੋਰਡ ਤਿਆਰ ਕਰਦਾ ਹੈ। ਇਸ ਵਿਚ ਵਿਸ਼ਿਆਂ ਦੇ ਮਾਹਿਰ ਭਰਤੀ ਕੀਤੇ ਹੁੰਦੇ ਹਨ। ਚਲੋ ਮੰਨ ਲਓ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਇਹ ਜ਼ਿੰਮੇਵਾਰੀ ਸਿਖਿਆ ਵਿਭਾਗ ਦੇ ਮੰਤਰੀ ਦੀ ਹੋਵੇਗੀ। ਇਸਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹ ਪਾਠਕ੍ਰਮ ਵਿਚ ਤਬਦੀਲੀ ਕਰਕੇ 2014 ਵਿਚ ਕੌਮੀ ਪੱਧਰ ਦਾ ਬਣਾਉਣ ਦਾ ਫੈਸਲਾ ਹੋਇਆ ਤਾਂ ਉਸ ਸਮੇਂ ਸਿਖਿਆ ਮੰਤਰੀ ਪਹਿਲਾਂ ਸਿਕੰਦਰ ਸਿੰਘ ਮਲੂਕਾ ਅਤੇ ਬਾਅਦ ਵਿਚ ਡਾ.ਦਲਜੀਤ ਸਿੰਘ ਚੀਮਾ ਸਨ। ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਸਨ। ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਇਕ ਇਤਿਹਾਸਕਾਰ ਸੀ। ਫਿਰ ਇਹ ਰਾਮ ਰੌਲਾ ਕਿਸ ਗੱਲ ਦਾ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਹਾਸੋਹੀਣਾ ਮਾਹੌਲ ਬਣਾ ਦਿੱਤਾ ਹੈ। ਇਹ ਸੰਜੀਦਾ ਮਸਲਾ ਹੈ। ਵਿਦਵਾਨਾਂ ਦਾ ਕੰਮ ਹੈ, ਪੜਚੋਲ ਕਰਨਾ। ਅਸਲ ਵਿਚ ਅਜਿਹੀ ਬਿਆਨਬਾਜ਼ੀ ਸਿਆਸੀ ਲੋਕ ਆਪਣੀ ਅਸਫਲਤਾ ਅਤੇ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਦਿੱਤੇ ਜਾਂਦੇ ਹਨ। ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਾਉਣ ਲਈ ਵੀ ਅਜਿਹੇ ਬਿਆਨ ਦਾਗੇ ਜਾਂਦੇ ਹਨ। ਹੁਣ ਤਾਂ ਹਰ ਜਣਾ ਖਣਾ ਛੋਟਾ ਮੋਟਾ ਨੇਤਾ ਆਪਣੀ ਹਾਜ਼ਰੀ ਲਵਾਉਣ ਲਈ ਬਿਆਨ ਦੇ ਰਿਹਾ ਹੈ। ਭਾਵੇਂ ਉਨ੍ਹਾਂ ਨੂੰ ਇਸ ਵਾਦਵਿਵਾਦ ਬਾਰੇ ਭੋਰਾ ਵੀ ਜਾਣਕਾਰੀ ਨਹੀਂ। ਜੇਕਰ ਕੋਈ ਸਿਆਸੀ ਮਕਸਦ ਨਾਲ ਮੁੱਦਾ ਬਣਾਉਣਾ ਹੈ ਤਾਂ ਸੋਚ ਸਮਝਕੇ ਬਣਾਇਆ ਜਾਵੇ। ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਪੜਤਾਲ ਸ਼ੁਰੂ ਹੋਵੇਗੀ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ। ਜੇ ਅਕਾਲੀ ਦਲ ਵਾਲੇ ਅਖੌਤੀ ਸਿੱਖਾਂ ਦੇ ਨੁਮਾਇੰਦੇ ਐਨੇ ਹੀ ਸਿੱਖ ਧਰਮ ਬਾਰੇ ਸੰਜੀਦਾ ਹਨ ਤਾਂ ਜਿਹੜੀਆਂ ਚਾਰ ਕਮੇਟੀਆਂ ਪੰਜਾਬ ਸਕੂਲ ਸਿਖਿਆ ਬੋਰਡ ਨੇ 2014 ਵਿਚ ਬਣਾਈਆਂ ਸਨ ਤਾਂ ਉਨ੍ਹਾਂ ਵਿਚ ਸਿੱਖ ਵਿਦਵਾਨਾ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਇਨ੍ਹਾਂ ਚਾਰੇ ਕਮੇਟੀਆਂ ਵਿਚ ਨਾਮਾਤਰ ਹੀ ਸਿੱਖ ਨੁਮਾਇੰਦੇ ਹਨ। ਇਹ ਮਾਹਿਰ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਪਾਠਕ੍ਰਮ ਬਣਾਏ ਗਏ ਹਨ। ਫਿਰ ਅਸੀਂ ਪੰਜਾਬ ਤੱਕ ਹੀ ਸੀਮਤ ਕਿਉਂ ਰਹਿਣਾ ਚਾਹੁੰਦੇ ਹਾਂ? ਵੈਸੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਭੇਜਦੇ ਹਾਂ।
ਹੈਰਾਨੀ ਦੀ ਗੱਲ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾ ਅਜਿਹੇ ਹਾਲਾਤ ਦੇ ਜ਼ਿੰਮੇਵਾਰ ਹਨ, ਉਹੀ ਰਾਜਪਾਲ ਕੋਲ ਪਹੁੰਚਕੇ ਇਨ੍ਹਾਂ ਪੁਸਤਕਾਂ ਵਿਚ ਤਬਦੀਲੀ ਦੀ ਗੱਲ ਕਰ ਰਹੇ ਹਨ। ਅਜੇ 11ਵੀਂ ਦੀ ਪੁਸਤਕ ਪ੍ਰਕਾਸ਼ਤ ਹੀ ਨਹੀਂ ਹੋਈ ਵਾਦਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ। ਅਕਾਲੀ ਦਲ ਆਪਣਾ ਮਕਸਦ ਪੂਰਾ ਕਰ ਗਿਆ ਹੈ। 23 ਮਈ 2014 ਨੂੰ 9ਵੀਂ, 10ਵੀਂ, 11ਵੀਂ ਅਤੇ ਬਾਰਵੀਂ ਦੀਆਂ ਪੁਸਤਕਾਂ ਦਾ ਪਾਠਕ੍ਰਮ ਬਣਾਕੇ ਅਤੇ ਪ੍ਰਕਾਸ਼ਤ ਕਰਵਾਉਣ ਦਾ ਫੈਸਲਾ ਕਰ ਲਿਆ ਸੀ। 9ਵੀਂ ਅਤੇ ਦਸਵੀਂ ਦੀਆਂ ਪੁਸਤਕਾਂ 2016 ਵਿਚ ਪ੍ਰਕਾਸ਼ਤ ਹੋ ਗਈਆਂ। 11 ਅਤੇ 12 ਦੀਆਂ 2018 ਵਿਚ ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ ਸੀ। ਇਹ ਫ਼ੈਸਲਾ ਤਾਂ ਅਕਾਲੀ ਸਰਕਾਰ ਮੌਕੇ ਹੋਇਆ ਹੈ। ਸੋਧਿਆ ਹੋਇਆ ਪੁਸਤਕਾਂ ਦਾ ਖਰੜਾ 2014 ਵਿਚ ਹੀ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਉਤੇ ਪਾ ਕੇ ਇਤਰਾਜ਼ ਮੰਗੇ ਗਏ ਸਨ। ਫਿਰ ਇਹ ਵਾਦਵਿਵਾਦ ਕਾਂਗਰਸ ਦੇ ਗਲ ਕਿਉਂ ਪਾਇਆ ਜਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਸਰਕਾਰ ਦਾ ਫੈਸਲਾ ਹੈ। ਸਕੂਲ ਸਿਖਿਆ ਬੋਰਡ ਦੇ ਗਲਿਆਰਿਆਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਦਾ ਉਪ ਚੇਅਰਮੈਨ ਇਹ ਸਾਰਾ ਕੰਮ ਕਰ ਰਿਹਾ ਸੀ। ਭਾਰਤੀ ਜਨਤਾ ਪਾਰਟੀ ਨੇ ਆਪਣਾ ਨੁਮਾਇੰਦਾ ਬਣਾਕੇ ਨਿਯੁਕਤ ਕਰਵਾਇਆ ਸੀ। ਅਕਾਲੀ ਦਲ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਤਾਕਤ ਦੇ ਨਸ਼ੇ ਵਿਚ ਆਨੰਦ ਮਾਣ ਰਹੇ ਸਨ। ਜਦੋਂ ਪੜਤਾਲ ਹੋਵੇਗੀ ਤਾਂ ਬਿੱਲੀ ਥੈਲਿਓਂ ਬਾਹਰ ਆਵੇਗੀ। ਕਿਹਾ ਜਾ ਰਿਹਾ ਹੈ ਕਿ 12ਵੀਂ ਦੀ ਪੁਸਤਕ ਵਿਚੋਂ ਗੁਰੂ ਸਾਹਿਬਾਨ ਸੰਬੰਧੀ 23 ਚੈਪਟਰ ਨਿਕਾਲ ਦਿੱਤੇ ਗਏ ਹਨ। ਨਾਲੇ ਇਹ ਕਿਹਾ ਜਾ ਰਿਹਾ ਹੈ ਕਿ ਨਿਕਾਲੇ ਗਏ ਚੈਪਟਰ 11ਵੀਂ ਜਮਾਤ ਦੀ ਪੁਸਤਕ ਵਿਚ ਪਾ ਦਿੱਤੇ ਗਏ ਹਨ। ਸਗੋਂ ਗਿਆਰਵੀਂ ਦੀ ਪੁਸਤਕ ਵਿਚ ਚਾਰ ਸਾਹਿਬਜ਼ਾਦੇ ਚੈਪਟਰ ਵਾਧੂ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਨੇ ਘਟਾ ਦਿੱਤੇ ਹਨ, ਚੈਪਟਰ ਸੰਖੇਪ ਕਰ ਦਿੱਤੇ ਗਏ ਹਨ। ਛੋਟੀਆਂ ਜਮਾਤਾਂ ਵਿਚ ਸੰਖੇਪ ਹੀ ਹੋਣੇ ਚਾਹੀਦੇ ਹਨ। ਵੱਡੀਆਂ ਕਲਾਸਾਂ ਵਿਚ ਵਿਸਥਾਰ ਪੂਰਬਕ ਹੁੰਦਾ ਹੈ। ਸਾਰੀਆਂ ਆਪਾ ਵਿਰੋਧੀ ਗੱਲਾਂ ਹੋ ਰਹੀਆਂ ਹਨ। ਇਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਗੰਗਸਰ ਤੇ ਪੰਜਾ ਸਾਹਿਬ ਦਾ ਮੋਰਚਾ, ਕਾਮਾਗਾਟਾ ਮਾਰੂ ਦਾ ਸਾਕਾ, ਅਕਾਲੀ ਲਹਿਰਾਂ ਤੇ ਮੋਰਚੇ ਅਤੇ ਕੂਕਿਆਂ ਦਾ ਯੋਗਦਾਨ ਸ਼ਾਮਲ ਕੀਤੇ ਗਏ ਹਨ, ਫਿਰ ਬਵਾਲ ਕਿਸ ਗੱਲ ਦਾ ਹੈ। ਸਮਝ ਤੋਂ ਬਾਹਰ ਹੈ। ਸਾਰਾ ਸਿਆਸੀ ਲਾਭ ਲੈਣ ਦਾ ਮਸਲਾ ਹੈ।
ਸੰਤ ਕਬੀਰ ਅਤੇ ਭਗਤ ਰਵੀਦਾਸ ਵਾਲੇ ਚੈਪਟਰ ਨੂੰ ਰਾਮ ਭਗਤੀ ਲਹਿਰ ਲਿਖ ਦਿੱਤਾ। ਇਹ ਇਕ ਕਿਸਮ ਨਾਲ ਭਗਵਾਂਕਰਨ ਦਾ ਰੂਪ ਵੀ ਕਿਹਾ ਜਾ ਸਕਦਾ ਹੈ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਲਾਜ਼ਮੀ ਵਿਸ਼ਾ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਹੈ ਜੋ ਹਰ ਬੱਚੇ ਨੇ ਪੜ੍ਹਨਾ ਹੈ। ਉਸ ਵਿਚ ਸਿੱਖ ਧਰਮ, ਤੇ ਸਿੱਖ ਰਾਜ ਨਾਲ ਸੰਬੰਧਤ ਪਾਠਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਉਨ੍ਹਾਂ ਦੇ ਉਤਰ ਅਧਿਕਾਰੀ ਹੋਰ ਗੁਰੂ ਸਾਹਿਬਾਨ, ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੀ ਸ਼ਹੀਦੀ, ਸਿੱਖ ਪੰਜਾਬ ਦੇ ਮਾਲਕ ਬਣ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਪੰਜਾਬ ਸ਼ਾਮਲ ਹਨ। ਪਾਠਕ੍ਰਮ ਪੰਜਾਬ ਸਕੂਲ ਸਿਖਿੱਆ ਬੋਰਡ ਨੇ ਬਣਾਉਣਾ ਹੁੰਦਾ ਹੈ ਜੇ ਅਕਾਲੀ ਦਲ ਨੂੰ ਐਨੀ ਹੀ ਚਿੰਤਾ ਸੀ ਤਾਂ 10 ਸਾਲ ਦੇ ਰਾਜ ਵਿਚ ਲਾਜ਼ਮੀ ਵਿਸ਼ੇ ਇਤਿਹਾਸ ਦੇ ਪਾਠਕ੍ਰਮ ਵਿਚ ਸਾਰਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਕਿਉਂ ਨਹੀਂ ਸ਼ਾਮਲ ਕੀਤਾ? ਇਕ ਦੂਜੇ ਉਪਰ ਇਲਜ਼ਾਮ ਲਗਾਉਣਾ ਸੌਖਾ ਹੁੰਦਾ ਹੈ ਪ੍ਰੰਤੂ ਇਲਜ਼ਾਮ ਖ਼ੁਦ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ। ਸਰਕਾਰ ਨੂੰ ਵੀ ਹੁਣ ਚਾਹੀਦਾ ਹੈ ਕਿ ਉਹ ਪਾਠਕ੍ਰਮ ਦੇ ਹੱਕ ਵਿਚ ਭੁਗਤਣ ਦੀ ਥਾਂ ਪੜਤਾਲ ਕਰਕੇ ਜੇਕਰ ਕੁਝ ਰਹਿ ਗਿਆ ਹੈ ਤਾਂ ਉਹ ਸ਼ਾਮਲ ਕਰ ਲਿਆ ਜਾਵੇ। ਇਕ ਹੋਰ ਵੀ ਸੁਝਾਆ ਹੈ ਕਿ ਨਿਰਾ ਅਧਿਕਾਰੀਆਂ ਉਪਰ ਨਿਰਭਰ ਰਹਿਣ ਦੀ ਥਾਂ ਸਿਆਸਤਦਾਨ ਵੀ ਧਿਆਨ ਰੱਖਣ ਕਿ ਕਿਤੇ ਕੇਂਦਰੀ ਸਰਕਾਰ ਪੰਜਾਬ ਨੂੰ ਵੀ ਭਗਵਾਂਕਰਨ ਦੇ ਚਕਰ ਵਿਚ ਫਸਾ ਨਾ ਲਵੇ ਜਿਵੇਂ ਦਿਆਲ ਸਿੰਘ ਕਾਲਜ ਦਾ ਨਾਮ ਬਦਲਿਆ ਗਿਆ ਹੈ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਵੀ ਮੀਟਿੰਗਾਂ ਵਿਚ ਜਾਂਦਾ ਰਿਹਾ ਹੈ। ਜੇਕਰ ਉਸਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਆਪਣਾ ਪੱਖ ਲਿਖਵਾ ਸਕਦਾ ਸੀ ਜਾਂ ਵਿਰੋਧੀ ਨੋਟ ਲਿਖਵਾ ਸਕਦਾ ਸੀ। ਉਦੋਂ ਕਿਸੇ ਨੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ ਕਿਉਂਕਿ ਆਰ.ਐਸ.ਐਸ.ਅੱਗੇ ਅਕਾਲੀ ਦਲ ਨੇ ਰਾਜ ਭਾਗ ਬਰਕਰਾਰ ਰੱਖਣ ਲਈ ਗੋਡੇ ਟੇਕੇ ਹੋਏ ਸਨ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਕਾਲੀ ਦਲ ਦੀ ਕੋਈ ਗੱਲ ਨਹੀਂ ਮੰਨ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ¦ਗਰ ਤੇ ਜੀ.ਐਸ.ਟੀ.ਵੀ ਮੁਆਫ ਨਹੀਂ ਕਰ ਰਹੇ। ਇਥੇ ਇਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਇਸ ਬਬਾਲ ਵਿਚ ਪ੍ਰਾਈਵੇਟ ਪਬਲਿਸ਼ਰਾਂ ਦੇ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪੁਸਤਕਾਂ ਬੋਰਡ ਨੇ ਪ੍ਰਕਾਸ਼ਤ ਕਰਨੀਆਂ ਸ਼ੁਰੂ ਕਰ ਦਿੱਤੀਆਂਹਨ। ਉਨ੍ਹਾਂ ਦਾ ਧੰਦਾ ਚੌਪਟ ਹੋ ਰਿਹਾ ਹੈ।
ਅਖ਼ੀਰ ਵਿਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਹੜੇ ਗੁਰਦਰਸ਼ਨ ਸਿੰਘ ਢਿਲੋਂ ਅਤੇ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ.ਅਧਿਕਾਰੀ ਵਰਗੇ ਸੁਲਝੇ ਹੋਏ ਵਿਦਵਾਨ ਹਨ, ਉਨ੍ਹਾਂ ਦਾ ਕਿਹਾ ਹਰ ਸ਼ਬਦ ਵਿਚਾਰਨ ਯੋਗ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨਾਲ ਸੰਬੰਧਤ ਵਿਦਵਾਨ ਖੋਜ ਸਹਾਇਕਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦਾ ਪੱਖ ਰੱਖ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਸਾਰੇ ਧੜਿਆਂ ਦੇ ਵਿਦਵਾਨ ਸੰਬਾਦ ਕਰਕੇ ਕੋਈ ਨਿਚੋੜ ਕੱਢਕੇ ਬਿਆਨ ਦੇਣ। ਜਿਹੜੇ ਆਪੋ ਆਪਣੀ ਡਫਲੀ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਵਜਾ ਰਹੇ ਹਨ, ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਜੋ ਕੁਝ ਉਹ ਕਹਿ ਰਹੇ ਹਨ, ਕੀ ਉਨ੍ਹਾਂ ਦੀ ਜ਼ਮੀਰ ਇਹ ਇਜ਼ਾਜਤ ਦਿੰਦੀ ਹੈ? ਫੋਕੀ ਪਬਲਿਸਿਟੀ ਲੈਣ ਤੋਂ ਅਕਾਲੀ ਦਲ ਨਾਲ ਸੰਬੰਧਤ ਵਿਦਵਾਨ ਗੁਰੇਜ ਕਰਨ ਕਿਉਂਕਿ ਅਜਿਹੇ ਬਿਆਨ ਉਨ੍ਹਾਂ ਦੇ ਅਹੁਦਿਆਂ ਦੇ ਅਨੁਕੂਲ ਨਹੀਂ ਹਨ। ਸੰਬਾਦ ਹੀ ਹਰ ਸਮੱਸਿਆ ਦਾ ਹੱਲ ਹੈ। ਆਪਣੇ ਸਿੱਖ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਖੇਚਲ ਕਰੋ। ਅਹੁਦੇ ਅਤੇ ਤਾਜ ਸਭ ਵਕਤੀ ਗੱਲਾਂ ਹਨ। ਜਿਹੜਾ ਸਿੱਖ ਧਰਮ ਦਾ ਨੁਕਸਾਨ ਹੋ ਜਾਣਾ ਹੈ ਉਹ ਪੂਰਿਆ ਨਹੀਂ ਜਾ ਸਕਣਾ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ