ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਮੀਡੀਆ ਸੈਂਟਰ ਖੋਲਣ ਦਾ ਅੱਜ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੀਨੀਅਰ ਪੱਤਰਕਾਰ ਸੁੰਦਰ ਸਿੰਘ ਬੀਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਬੋਲਦੇ ਹੋਏ ਆਧੂਨਿਕ ਤਕਨੀਕ ਨਾਲ ਲੈਸ ਪੰਜਾਬੀ ਮੀਡੀਆ ਸੈਂਟਰ ਸਥਾਪਤ ਕਰਨ ਦੀ ਗੱਲ ਕਹੀ।
ਜੀ.ਕੇ. ਨੇ ਕਿਹਾ ਕਿ ਪੱਤਰਕਾਰ ਸਮਾਜ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਰੱਖਣ ਦਾ ਮਾਧਿਅਮ ਹੈ। ਪਰ ਕਈ ਵਾਰ ਖ਼ਬਰਾਂ ਨੂੰ ਕਵਰ ਕਰਨ ਉਪਰੰਤ ਪੱਤਰਕਾਰਾਂ ਕੋਲ ਖ਼ਬਰਾਂ ਨੂੰ ਬਣਾਉਣ ਜਾਂ ਭੇਜਣ ਲਈ ਯੋਗ ਥਾਂ ਅਤੇ ਸ਼ਾਂਤ ਮਾਹੌਲ ਨੂੰ ਲੱਭਣਾ ਕੇਂਦਰੀ ਦਿੱਲੀ ’ਚ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਕਮੇਟੀ ਵੱਲੋਂ ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂਕਿ ਦੇਸ਼-ਵਿਦੇਸ਼ ’ਚ ਵੱਸਦੇ ਪੰਜਾਬੀਆਂ ਤਕ ਦਿੱਲੀ ਦੀਆਂ ਖ਼ਬਰਾਂ ਸਮੇਂ ਸਿਰ ਸੁਚਾਰੂ ਰੂਪ ’ਚ ਪੁੱਜ ਸਕਣ।
ਮੀਡੀਆ ਸੈਂਟਰ ਨੂੰ ਸਥਾਪਤ ਕਰਨ ਦਾ ਮਤਾ ਕਮੇਟੀ ਦੇ 12 ਮਈ ਨੂੰ ਹੋਣ ਜਾ ਰਹੇ ਜਨਰਲ ਇਜ਼ਲਾਸ ’ਚ ਪਾਸ ਕਰਾਉਣ ਦਾ ਜੀ.ਕੇ. ਨੇ ਇਸ਼ਾਰਾ ਕਰਦੇ ਹੋਏ ਬੀਰ ਨੂੰ ‘‘ਆਵਾਜ਼ ਚੁੱਪ ਕਰਿਸ਼ਮਾ’ ਵੀ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਬੀਰ ਨੇ ਬਿਨਾਂ ਸ਼ੋਰ ਪਾਏ ਪੰਜਾਬੀ ਪੱਤਰਕਾਰਿਤਾ ਦੇ ਖੇਤਰ ’ਚ ਜੋ ਬੇਮਿਸ਼ਾਲ ਕਾਰਜ ਕੀਤੇ ਸਨ, ਉਸਤੋਂ ਨੌਜਵਾਨਾਂ ਪੱਤਰਕਾਰਾਂ ਨੂੰ ਪ੍ਰੇਰਣਾਂ ਲੈਣੀ ਚਾਹੀਦੀ ਹੈ।
ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਬੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਕਈ ਕਮੇਟੀ ਮੈਂਬਰਾਂ ਅਤੇ ਸਮਾਜਿਕ ਸਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸਦੇ ਨਾਲ ਹੀ ਬੀਰ ਦੇ ਪਰਿਵਾਰ ਵੱਲੋਂ ਹਰ ਸਾਲ ਪੱਤਰਕਾਰਿਤਾ ਖੇਤਰ ’ਚ ਚੰਗਾ ਕਾਰਜ ਕਰਨ ਵਾਲੇ ਪੱਤਰਕਾਰ ਨੂੰ ਬੀਰ ਦੇ ਨਾਂ ’ਤੇ ਐਵਾਰਡ ਦੇਣ ਐਲਾਨ ਕੀਤਾ ਗਿਆ। ਬੀਰ ਦੇ ਪੁੱਤਰ ਹਿੰਮਤ ਸਿੰਘ ਅਤੇ ਸੁਦੀਪ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ।