ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਖ-ਵੱਖ ਸਥਾਨਾਂ ਤੇ ਮੋਦੀ ਦੀ ਫੋਟੋ ਦੇ ਉਪਰ ‘ਦਾ ਲਾਈ ਲਾਮਾ’ ਲਿਖੇ ਪੋਸਟਰ ਲਗੇ ਹੋਏ ਹਨ। ਬੀਜੇਪੀ ਦੇ ਕੁਝ ਨੇਤਾਵਾਂ ਵੱਲੋਂ ਇਸ ਤਰ੍ਹਾਂ ਦੇ ਪੋਸਟਰਾਂ ਤੇ ਇਤਰਾਜ਼ ਜਾਹਿਰ ਕੀਤਾ ਹੈ। ਇਸ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਮੰਦਿਰ ਮਾਰਗ ਦੇ ਇਲਾਕੇ ਵਿੱਚੋਂ ਇੱਕ ਪੋਸਟਰ ਜਬਤ ਕਰਕੇ ਸੰਪਤੀ ਬਦਰੰਗ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ਼ ਕਰ ਦਿੱਤਾ ਹੈ।
ਇਹ ਪੋਸਟਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਪੋਸਟਰਾਂ ਦੁਆਰਾ ਪ੍ਰਧਾਨਮੰਤਰੀ ਮੋਦੀ ਦੇ ਵਾਅਦਿਆਂ ਨੂੰ ਝੂਠਾ ਦੱਸ ਕੇ ‘ਲਾਈ ਲਾਮਾ’ ਕਹਿ ਕੇ ਵਿਅੰਗ ਕਸਿਆ ਜਾ ਰਿਹਾ ਹੈ। ਇਹ ਪੋਸਟਰ ਐਨਡੀਐਮਸੀ ਦੇ ਖੇਤਰ ਤੋਂ ਇਲਾਵਾ ਮੋਤੀ ਨਗਰ, ਮਾਡਲ ਟਾਊਨ ਸਮੇਤ ਹੋਰ ਵੀ ਸਥਾਨਾਂ ਤੇ ਵੱਖ-ਵੱਖ ਜਗ੍ਹਾ ਤੇ ਕੰਧਾਂ ਤੇ ਲਗੇ ਹੋਏ ਵੇਖੇ ਗਏ ਹਨ।
ਦਿੱਲੀ ਪੁਲਿਸ ਅਨੁਸਾਰ ਇਨ੍ਹਾਂ ਪੋਸਟਰਾਂ ਤੇ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਜਾਂ ਪ੍ਰਿੰਟਰ ਦਾ ਅਤਾ-ਪਤਾ ਨਹੀਂ ਹੈ। ਪੋਸਟਰਾਂ ਨੂੰ ਸਰਕਾਰੀ ਪ੍ਰਾਪਰਟੀ ਤੇ ਲਗਾ ਕੇ ਉਸ ਦੀ ਸੁੰਦਰਤਾ ਅਤੇ ਸਫ਼ਾਈ ਵਗੈਰਾ ਨੂੰ ਖਰਾਬ ਕਰਨ ਕਰਕੇ ਕੇਸ ਦਾਇਰ ਕੀਤਾ ਗਿਆ ਹੈ। ਇਸ ਲਈ ਡਿਫੇਸਮੇਂਟ ਐਕਟ ( ਸੰਪਤੀ ਬਦਰੰਗ ਕਾਨੂੰਨ) ਦੇ ਤਹਿਤ ਅਗਿਆਤ ਲੋਕਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।