ਅੰਮ੍ਰਿਤਸਰ : ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਦੀ ਸਖਤ ਨਿਖੇਧੀ ਹੋ ਰਹੀ ਹੈ। ਅਜ ਇੱਥੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦਿੰਦਿਆਂ ਦਮਦਮੀ ਟਕਸਾਲ ਨਾਲ ਸੰਬੰਧਿਤ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਕਾਰਜਕਾਰੀ ਕਮੇਟੀ ਅਤੇ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਉਕਤ ਅਖੌਤੀ ਸਾਧ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਣ ਦੀ ਮੰਗ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਨਰਾਇਣ ਦਾਸ ਨਾਮੀ ਅਖੌਤੀ ਸਾਧ ਵੱਲੋਂ ਉਦਾਸੀਨ ਸੰਪਰਦਾ ਦਾ ਭੇਖ ਧਾਰਨ ਕਰਦਿਆਂ ਭਗਤਾਂ ਦੀ ਬਾਣੀ ਨਾਲ ਗੁਰੂ ਸਾਹਿਬ ਵੱਲੋਂ ਛੇੜ ਛੇੜ ਦਾ ਦੋਸ਼ ਲਾਉਂਦੇ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ। ਗੁਰੂ ਸਾਹਿਬ ਪ੍ਰਤੀ ਭਗਤ ਸਾਹਿਬਾਨ ਵੱਲੋਂ ਸਰਾਪ ਦੇਣ ਦੀ ਮਨੋਨੀਤ ਗਲਾਂ ਨਾਲ ਸਿਖ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ। 11 ਮਿੰਟ 31 ਸਕਿੰਟ ਦੀ ਇਹ ਕਲਿਪ ਸੁਣ ਕੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਅਜਿਹਾ ਕਰ ਕੇ ਉਹ ਸਿਖ ਅਤੇ ਭਗਤਾਂ ਦੇ ਸ਼ਰਧਾਲੂ ਭਾਈਚਾਰਿਆਂ ’ਚ ਖ਼ਾਨਾ-ਜੰਗੀ ਕਰਾਉਣਾ ਚਾਹੁੰਦਾ ਹੈ। ਹਾਲਾਤ ਨੂੰ ਅਨ ਸੁਖਾਵੇਂ ਹੋਣ ਤੋਂ ਬਚਾਉਣ ਲਈ ਅਜਿਹੀ ਦੋਸ਼ੀ ਸ਼ਰਾਰਤੀ ਵਿਅਕਤੀਆਂ ਖ਼ਿਲਾਫ਼ ਤੁਰੰਤ ਕੇਸ ਦਰਜ ਕਰਦਿਆਂ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਜਗਤ ਜਾਣਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਸਾਹਿਬਾਨ ਦੀ ਬਾਣੀ ਨਾਲ ਸਮਾਨੰਤਰ ਸਥਾਨ ਦੇ ਕੇ ਭਗਤ ਬਾਣੀ ਨੂੰ ਗੁਰਬਾਣੀ ਦਾ ਦਰਜਾ ਦਿਤਾ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਵਲ ਕਦਮ ਪੁਟਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਗੁਰੂ ਸਾਹਿਬ ਵੱਲੋਂ ਭਗਤਾਂ ਦੀ ਬਾਣੀ ਨੂੰ ਗਲਤ ਦਰਜ ਕਰਨ ਦਾ ਦੋਸ਼ ਲਾ ਕੇ ਅਖੌਤੀ ਸਾਧ ਗੁਰੂ ਅਰਜਨ ਦੇਵ ਜੀ ਦਾ ਅਪਮਾਨ ਕਰਨ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਸਿਖ ਮਨਾਂ ’ਚ ਸ਼ੰਕਾ ਪੈਦਾ ਕਰਨਾ ਚਾਹੁੰਦਾ ਹੈ। ਉਨ੍ਹਾਂ ਭਗਤ ਰਵੀਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਦੇ ਸ਼ਰਧਾਲੂਆਂ ਨੂੰ ਵੀ ਅਜਿਹੇ ਵੰਡ ਪਾਊ ਅਖੌਤੀ ਸਾਧਾਂ ਦਾ ਤ੍ਰਿਸਕਾਰ ਕਰਨ ਦੀ ਅਪੀਲ ਕੀਤੀ। ਮੰਗ ਪਤਰ ਪੁਲੀਸ ਕਮਿਸ਼ਨਰ ਦੇ ਰੀਡਰ ਸਤਨਾਮ ਸਿੰਘ ਨੇ ਹਾਸਲ ਕੀਤਾ। ਪੁਲੀਸ ਦੇ ਉਚ ਅਧਿਕਾਰੀਆਂ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ ਹੈ।