ਵਰਤਮਾਨ ਸਮਾਜ ਵਿਚ ਬੇਰੋਜ਼ਗਾਰੀ, ਨਸ਼ੇ ਅਤੇ ਇਸ਼ਕ ਮੁਸ਼ਕ ਦੇ ਝਮੇਲਿਆਂ ਵਿਚ ਨੌਜਵਾਨੀ ਹਾਲਾਤ ਦਾ ਮੁਕਾਬਲਾ ਕਰਨ ਦੀ ਥਾਂ ਨਿਰਾਸ਼ਾ ਦੇ ਆਲਮ ਵਿਚ ਗ੍ਰਸਤ ਹੋ ਰਹੀ ਹੈ। ਸਾਹ ਲੈਂਦੀ ਕਬਰਗਾਰ ਕਾਵਿ ਸੰਗ੍ਰਹਿ ਵੀ ਇਕ ਨੌਜਵਾਨ ਦੀਆਂ ਇਛਾਵਾਂ ਦੀ ਪੂਰਤੀ ਨਾ ਹੋਣ ਕਰਕੇ ਅਤੇ ਬੇਰੋਜ਼ਗਾਰੀ ਅਤੇ ਇਸ਼ਕ ਦੇ ਅੱਧ ਵਿਚਕਾਰ ਟੁੱਟਣ ਦੇ ਦਰਦ ਨੂੰ ਨਾ ਬਰਦਾਸ਼ਤ ਕਰਨ ਦੀ ਦਾਸਤਾਂ ਕਵਿਤਾਵਾਂ ਦੇ ਰੂਪ ਵਿਚ ਪ੍ਰਗਟ ਕੀਤੀ ਗਈ ਹੈ। ਕਵੀ ਦੀਆਂ ਖੁਲ੍ਹੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦੀਆਂ ਸੱਧਰਾਂ ਅਤੇ ਖ਼ੁਆਬਾਂ ਦੇ ਪੂਰੇ ਨਾ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਖ਼ਤਮ ਹੋ ਜਾਂਦਾ ਹੈ, ਭਾਵੇਂ ਸਰੀਰਕ ਤੌਰ ਤੇ ਇਨਸਾਨ ਸਮਾਜ ਵਿਚ ਵਿਚਰਦਾ ਰਹੇ। ਉਸਦੀਆਂ ਕਵਿਤਾਵਾਂ ਇਸ਼ਕ ਮੁਸ਼ਕ ਦੇ ਅਸਫਲ ਹੋਣ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਹੈ। ਕਵੀ ਅਨੁਸਾਰ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿਉਂਕਿ ਅੰਤਰ ਆਤਮਾ ਦੀ ਅਵਾਜ਼ ਸੁਣਨ ਨਾਲ ਉਸਨੂੰ ਸੰਤੁਸ਼ਟੀ ਪ੍ਰਾਪਤ ਹੋ ਸਕਦੀ ਹੈ। ਪਿਆਰ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਇਸਤੋਂ ਸਿਰਫ ਹਾਉਕੇ, ਦਰਦ, ਵਿਛੋੜਾ ਅਤੇ ਭਟਕਣਾ ਹੀ ਪੱਲੇ ਪੈਂਦੀ ਹੈ। ਇਕਤਰਫਾ ਪਿਆਰ ਹੋਰ ਵੀ ਖ਼ਤਰਨਾਕ ਹੁੰਦਾ ਹੈ। ਉਸ ਅਨੁਸਾਰ ਅੱਜ ਕਲ੍ਹ ਪਿਆਰ ਵਿਚ ਧੋਖਾ, ਫਰੇਬ, ਦਗਾ ਅਤੇ ਨਫ਼ਰਤ ਭਾਰੂ ਹੋ ਗਈ ਹੈ। ਲੋਕ ਸੱਚੇ ਸੁੱਚੇ ਪਿਆਰ ਦਾ ਢੌਂਗ ਰਚਦੇ ਹਨ, ਉਨ੍ਹਾਂ ਦਾ ਮੰਤਵ ਹਵਸ ਦੀ ਪੂਰਤੀ ਹੁੰਦਾ ਹੈ। ਧੋਖੇਬਾਜ਼ ਇਸ਼ਕ ਦੀ ਪ੍ਰਾਪਤੀ ਲਈ ਫਕੀਰੀ ਦੇ ਢੰਗ ਤਰੀਕੇ ਅਪਣਾਉਂਦੇ ਹਨ। ਸੱਚੇ ਆਸ਼ਕ ਭਟਕਦੇ ਰਹਿ ਜਾਂਦੇ ਹਨ। ਕਵੀ ਨੇ ਆਪਣੀਆਂ ਭਾਵਨਾਵਾਂ ਨੂੰ ਬਿੰਬਾਂ ਰਾਹੀਂ ਪ੍ਰਗਟ ਕੀਤਾ ਹੈ। ਲੋਕ ਮੁਹੱਬਤਾਂ ਦੇ ਨਾਂ ਤੇ ਧੋਖੇ ਕਰ ਰਹੇ ਹਨ। ਇਉਂ ਲੱਗਦਾ ਹੈ ਕਿ ਕਵੀ ਇਸ਼ਕ ਵਿਚ ਅਸਫਲ ਰਿਹਾ ਹੋਵੇਗਾ। ਧੋਖੇਬਾਜ਼ ਆਸ਼ਕਾਂ ਦੀ ਆਦਤ ਬਣ ਗਈ ਹੈ ਕਿ ਆਪਣੇ ਪ੍ਰੇਮੀਆਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਵੇ। ਜਦੋਂ ਇਨਸਾਨ ਪਿਆਰ ਦੇ ਵਣਜ ਵਿਚ ਅਸਫਲ ਹੋ ਜਾਂਦਾ ਹੈ ਤਾਂ ਉਹ ਸੁਪਨੇ ਸਿਰਜਦਾ ਰਹਿੰਦਾ ਹੈ। ਪ੍ਰੇਮੀਆਂ ਨੂੰ ਕਵੀ ਸਲਾਹ ਦਿੰਦਾ ਹੈ ਐਵੇਂ ਰੋਮਾਂਸ ਦੇ ਚਕਰ ਵਿਚ ਸਮਾਂ ਨਾ ਗੁਆਇਆ ਜਾਵੇ ਕਿਉਂਕਿ ਪੱਥਰ ਉਪਰ ਪਾਣੀ ਦਾ ਅਸਰ ਨਹੀਂ ਹੁੰਦਾ ਸਗੋਂ ਉਹੀ ਪਾਣੀ ਪੰਛੀਆਂ ਨੂੰ ਪਿਆਇਆ ਜਾਵੇ। ਜਿਸਤੋਂ ਉਸਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਸੰਦੀਪ ਆਲਮ ਲਿਖਦਾ ਹੈ-
ਪੱਥਰ ਹੋਏ ਜਜ਼ਬਿਆਂ ਨੂੰ
ਕਿਸੇ ਦੀ ਪਿਆਸ ‘ਚ ਭਿਉਂ ਛੱਡੋ.. .. ..।
ਦੋ ਘੁੱਟ ਨੀਰ ਆਪਣੇ ਹਿੱਸੇ ਦਾ
ਪਰਿੰਦਿਆਂ ਨੂੰ ਦੇ ਛੱਡੋ.. .. ..।
ਸੰਦੀਪ ਆਲਮ ਇਕ ਕਵਿਤਾ ਵਿਚ ਲਿਖਦਾ ਹੈ ਕਿ ਅਤਿਰਿਪਤ ਮਨ ਕਦੀਂ ਤ੍ਰਿਪਤ ਨਹੀਂ ਹੋ ਸਕਦਾ। ਇਸ ਕਰਕੇ ਪਿਆਰ ਵਿਹੁਣੇ ਇਨਸਾਨ ਦੇ ਸਾਰੇ ਰੰਗ ਖ਼ਤਮ ਹੋ ਜਾਂਦੇ ਹਨ। ਵਕਤ, ਤਸੀਹੇ, ਦੁੱਖ-ਸੁੱਖ ਇਕੋ ਵਸਤੂ ਹਨ, ਇਨ੍ਹਾਂ ਦੇ ਨਾਮ ਹੀ ਵੱਖਰੇ ਹਨ। ਇਨ੍ਹਾਂ ਉਪਰ ਕਾਬੂ ਆਦਮੀ ਤੇ ਤੀਵੀਂ ਇਕੱਠਿਆਂ ਪਾ ਸਕਦੇ ਹਨ। ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ। ਅਜਿਹੇ ਮਾਹੌਲ ਵਿਚ ਸਾਥੀ ਦੀ ਮਿਹਰ ਦੀ ਨਿਗਾਹ ਬੇੜੀ ਪਾਰ ਲਾ ਸਕਦੀ ਹੈ। ਇਨਸਾਨ ਨੂੰ ਨਮਰਤਾ ਦਾ ਪੱਲਾ ਫੜਕੇ ਹੰਕਾਰ ਤੋਂ ਤਿਲਾਂਜਲੀ ਲੈਣੀ ਚਾਹੀਦੀ ਹੈ। ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ। ਚੁੱਪ ਹਮੇਸ਼ਾ ਰੜਕਦੀ ਹੈ। ਪਿਆਰਿਆਂ ਦਾ ਲੜਨਾ ਵੀ ਸ਼ੁਭ ਸ਼ਗਨ ਹੈ ਪ੍ਰੰਤੂ ਚੁੱਪ ਨਹੀਂ ਰਹਿਣਾ ਚਾਹੀਦਾ। ਇਸਦੇ ਨਾਲ ਹੀ ਉਹ ਆਸ਼ਾਵਾਦੀ ਵੀ ਹੈ। ਉਹ ਲਿਖਦਾ ਹੈ ਕਿ ਪੀੜਾਂ ਦੇ ਰੁੱਖ ਛਾਂ ਵੀ ਨਸਰ ਕਰਦੇ ਹਨ, ਜਿਹੜੀ ਸੁਖਦਾਈ ਹੁੰਦੀ ਹੈ। ਕਈ ਵਾਰੀ ਕਵੀ ਸਵੈ ਵਿਰੋਧੀ ਕਵਿਤਾਵਾਂ ਵੀ ਲਿਖਦਾ ਹੈ। ਇਕ ਪਾਸੇ ਕਹਿੰਦਾ ਹੈ ਕਿ ਕੁੜੀਆਂ ਇਸ਼ਕ ਵਿਚ ਗੁਮਰਾਹ ਹੁੰਦੀਆਂ ਹਨ ਅਤੇ ਨਾਲ ਹੀ ਇਹ ਵੀ ਲਿਖਦਾ ਹੈ ਕਿ ਹੌਸਲਾ ਨਹੀਂ ਛੱਡਣਾ ਚਾਹੀਦਾ ਕਦੀਂ ਤਾਂ ਮੁਹੱਬਤ ਸਫਲ ਹੋਵੇਗੀ ਹੀ। ਉਸ ਅਨੁਸਾਰ ਅੱਜ ਦੀ ਇਸਤਰੀ ਦੁਬਿਧਾ ਵਿਚ ਹੈ। ਜੇ ਉਸਦੀ ਭਰੂਣ ਹੱਤਿਆ ਹੁੰਦੀ ਹੈ ਤਾਂ ਵੀ ਉਹੀ ਕਤਲ ਹੁੰਦੀ ਹੈ ਪ੍ਰੰਤੂ ਜੇਕਰ ਜਨਮ ਲੈਂਦੀ ਹੈ ਤਾਂ ਵੀ ਸਮਾਜ ਵਿਚ ਵਿਚਰਦੀ ਹਰ ਰੋਜ਼ ਕਤਲ ਹੁੰਦੀ ਰਹਿੰਦੀ ਹੈ। ਉਸ ਨਾਲ ਬਲਾਤਕਾਰ ਹੁੰਦੇ ਹਨ। ਬਲਾਤਕਾਰ ਤੋਂ ਬਾਅਦ ਪੁਲਿਸ ਦੇ ਦੋਹਾਂ ਹੱਥਾਂ ਵਿਚ ਲਡੂ ਹੁੰਦੇ ਹਨ। ਭਰਿਸ਼ਟਾਚਾਰ ਭਾਰੂ ਹੋ ਜਾਂਦਾ ਹੈ। ਸਮਾਜ ਦਾ ਮੁੱਦਾ ਬਣਦੀ ਹੈ। ਸਮਾਜ ਸੇਵਕ ਅਤੇ ਪੁਲਿਸ ਵਿਕ ਜਾਂਦੀ ਹੈ। ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਤੇ ਉਨ੍ਹਾਂ ਤੋਂ ਆਮਦਨ ਹੁੰਦੀ ਹੈ। ਅੱਜ ਦੀ ਲੂਣਾ ਸਲਵਾਨ ਨੂੰ ਛੱਡ ਨਹੀਂ ਸਕਦੀ ਕਿਉਂਕਿ ਪੈਸੇ ਬਿਨਾ ਗੁਜ਼ਾਰਾ ਨਹੀਂ। ਪੂਰਨ ਨੂੰ ਵੀ ਨਹੀਂ ਛੱਡ ਸਕਦੀ ਕਿਉਂਕਿ ਸਲਵਾਨ ਨਾਲ ਠਰ ਚੁੱਕੇ ਰਿਸ਼ਤੇ ਦੇ ਨਿੱਘ ਦੀ ਪੂਰਤੀ ਹੋਰ ਕਿਧਰੋਂ ਹੋਵੇਗੀ? ਇਸ਼ਕ ਨੂੰ ਉਹ ਜਿਸਮਾਨੀ ਬਿਮਾਰੀ ਗਿਣਦਾ ਹੈ। ਜਿਸਮ ਭੋਗੇ ਨਹੀਂ ਮਾਣੇ ਜਾਂਦੇ ਹਨ। ਅੱਜ ਦੀ ਲੂਣਾ ਦੋ ਬੇੜੀਆਂ ਵਿਚ ਸਵਾਰ ਹੈ। ਕਵੀ ਲਿਖਦਾ ਹੈ-
ਨਹੀਂ ਮੈਨੂੰ ਕੋਈ ਸ਼ਿਕਵਾ ਨਹੀਂ
ਤੇਰੇ ਨਾਲ ਅਣਜੰਮੀਏ ਧੀਏ.. ..
ਨਹੀਂ ਤੇ ਕਹਿਣ ਵਾਲੇ ਕਹਿਣਗੇ,
ਕਿ ਜੋ ਜਨਮੀਆਂ, ਉਨ੍ਹਾਂ ਨਾਲ ਵੀ ਗਿਲੇ।
ਤੇ ਜੋ ਨਹੀਂ ਜਨਮੀਆਂ ਉਨ੍ਹਾਂ ਨਾਲ ਵੀ ਗਿਲੇ।
ਸਮਾਜਕ ਦਾ ਵਰਤਾਰਾ ਵੀ ਘੁੱਟਨ ਮਹਿਸੂਸ ਕਰਦਾ ਹੈ। ਦਹਿਸ਼ਤ ਅਤੇ ਵਹਿਸ਼ਤ ਭਰਿਆ ਮਾਹੌਲ ਹੈ। ਇਸਤਰੀ ਬਾਰੇ ਉਹ ਲਿਖਦਾ ਹੈ ਕਿ ਜੇਕਰ ਆਦਮੀ ਤੇ ਔਰਤ ਦਾ ਪਿਆਰ ਸਦਭਾਵਨਾ ਵਾਲਾ ਹੋਵੇਗਾ ਤਾਂ ਘਰ ਸਵਰਗ ਅਰਥਾਤ ਘਰ ਹੋਵੇਗਾ ਪ੍ਰੰਤੂ ਜਿਥੇ ਸਦਭਾਵਨਾ ਨਹੀਂ ਉਹ ਤਾਂ ਵੇਸਵਾ ਦੇ ਕੋਠੇ ਵਰਗਾ ਮਕਾਨ ਹੋਵੇਗਾ, ਜਿਥੇ ਵਾਸ਼ਨਾ ਦੀ ਪੂਰਤੀ ਲਈ ਲੋਕ ਆਉਂਦੇ ਜਾਂਦੇ ਰਹਿਣਗੇ। ਉਹ ਵੇਸਵਾ ਨੂੰ ਵਿਆਹੁਤਾ ਜ਼ਿੰਦਗੀ ਜਿਓਣ ਲਈ ਪ੍ਰੇਰਕੇ ਵਾਪਸ ਮੋੜਨ ਦੀ ਤਾਕੀਦ ਵੀ ਕਰਦਾ ਹੈ। ਸਮੁੱਚੇ ਤੌਰ ਤੇ ਸੰਦੀਪ ਆਲਮ ਦੀਆਂ ਬਹੁਤੀਆਂ ਕਵਿਤਾਵਾਂ ਇਸ਼ਕ ਮੁਸ਼ਕ ਦੇ ਰੋਣੇ ਧੋਣੇ ਰੋਂਦੀਆਂ ਹਨ। ਬਿਰਹਾ, ਅਸੰਜਮ ਅਤੇ ਭਟਕਣਾ ਭਾਰੂ ਹੈ ਪ੍ਰੰਤੂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੀ ਹਨ। ਉਸਦੀਆਂ ਕਈ ਕਵਿਤਾਵਾਂ ਨਿਰਾਸਤਾ ਦੇ ਆਲਮ ਵਿਚ ਜਕੜੀਆਂ ਹੋਈਆਂ ਹਨ। ਇਕ ਕਵਿਤਾ ਵਿਚ ਲਿਖਦਾ ਹੈ-
ਜਿਉਂ ਆਪਣੇ ਕੀਤਿਆਂ ਕਿਧਰੇ ਕਦ ਇਸ਼ਕ ਹੋ ਜਾਏ,
ਕਿਸੇ ਇਛਿਆ ਦਾ ਮੋਹਤਾਜ ਹੋ ਜਾਏ, ਨਿਰਛਲ ਨਿਰਮਲ।
ਕੋਮਲ ਅਹਿਸਾਸ ਹੈ ਜਿਸਮਾਂ ਦੀ ਭੁੱਖ ਨਹੀਂ, ਰੂਹਾਂ ਦੀ ਪਿਆਸ ਹੈ.. ..।
ਜੁੜਦੀਆਂ ਭਾਵੇਂ ਰੂਹਾਂ ਨਾਲ ਰੂਹਾਂ ਹੀ ਨੇ ਐਪਰ.. ..
ਰੂਹ ਨੂੰ ਰੂਹ ਤੀਕਰ ਜਿਸਮ ਹੀ ਪਹੁੰਚਾਉਂਦੇ ਨੇ।
ਫੇਰ ਦੱਸ ਜਿਸਮਾਂ ਨੂੰ ਕਿੰਝ ਨਜ਼ਰਅੰਦਾਜ਼ ਕਰੀਏ।
ਹੋਰਾਂ ਲਈ ਤੇ ਜਿਸਮ ਤੇਰਾ ਤੇ ਰਾਤ ਦੀ ਰੋਟੀ,
ਇੱਕੋ ਜਿਹੇ ਰਹਿਣੇ ਮੇਰੇ ਜਿਹੇ ਕਮਲੇ ਨੂੰ ਕਾਇਨਾਤ ਨਜ਼ਰ ਆਉਣੀ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੰਦੀਪ ਆਲਮ ਨਿਰਾਸਤਾ ਦੇ ਆਲਮ ਵਿਚ ਹੁੰਦਿਆਂ ਪਿਆ, ਬਿਰਹਾ, ਸਮਾਜਿਕ ਤਾਣੇ ਬਾਣੇ ਦੀਆਂ ਤਰੁਟੀਆਂ, ਬੇਰੋਜ਼ਗਾਰੀ, ਭਰੂਣ ਹੱਤਿਆ, ਬਾਲ ਮਜ਼ਦੂਰੀ ਅਤੇ ਦਾਜ ਵਰਗੀ ਸਮਾਜਿਕ ਲਾਹਨਤ ਕਰਕੇ ਕਰੂਰਤਾ ਜਨਮ ਲੈਂਦੀ ਹੈ। ਅਜਿਹੇ ਹਾਲਾਤ ਵਿਚ ਇਨਸਾਨ ਗ਼ਲਤ ਰਸਤੇ ਚਲਦਿਆਂ ਆਪਣੀ ਜ਼ਿੰਦਗੀ ਦਾ ਲੁਤਫ ਨਹੀਂ ਲੈ ਸਕਦਾ। ਉਸਦੀ ਕਵਿਤਾ ਪਿਆਰ ਵਰਗੇ ਬਿਹਤਰੀਨ ਅਹਿਸਾਸ ਦੀ ਗਾਥਾ ਹੈ ਪ੍ਰੰਤੂ ਇਸ ਚਕਰ ਵਿਚ ਪੈਣ ਤੋਂ ਪਹਿਲਾਂ ਇਨਸਾਨ ਨੂੰ ਆਪਣੇ ਅੰਤਹਕਰਨ ਦੀ ਅਵਾਜ਼ ਨੂੰ ਸੁਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਇਨਸਾਨ ਆਪਣਾ ਸਾਰਾ ਜੀਵਨ ਕਸ਼ਮਕਸ਼ ਵਿਚ ਹੀ ਗੁਜ਼ਾਰ ਦਿੰਦਾ ਹੈ। ਇਛਾਵਾਂ ਦੀ ਪੂਰਤੀ ਅਸੰਭਵ ਹੁੰਦੀ ਹੈ, ਸਗੋਂ ਇਹ ਮੁਸੀਬਤਾਂ ਖੜ੍ਹੀਆਂ ਕਰਦੀਆਂ ਹਨ। ਇਨ੍ਹਾਂ ਤੇ ਕਾਬੂ ਪਾ ਕੇ ਰੱਖਣਾ ਹੀ ਬਿਹਤਰ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ