ਅੰਮ੍ਰਿਤਸਰ – ਰਾਸ਼ਟਰੀ ਸਵੈਮ ਸੇਵਕ ਸੰਘ ( ਆਰ ਐਸ ਐਸ) ਵੱਲੋਂ ਪੁਸਤਕਾਂ ਅਤੇ ਲਿਖਤ ਸਾਹਿੱਤ ਸਮਗਰੀ ਰਾਹੀਂ ਸਿਖ ਇਤਿਹਾਸ ਨੂੰ ਢਾਅ ਲਾਉਣ ਪ੍ਰਤੀ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਚੁਫੇਰਿਓਂ ਆਲੋਚਨਾ ਹੋ ਰਹੀ ਹੈ। ਆਰ ਐਸ ਐਸ ਆਪਣੇ ਵੱਲੋਂ ਪ੍ਰਕਾਸ਼ਿਤ ਪੁਸਤਕਾਂ ‘ਚ ਸਿਖ ਗੁਰੂ ਸਾਹਿਬਾਨ ਦੇ ਇਤਿਹਾਸਕ ਤੱਥਾਂ ਨੂੰ ਆਪਣੀ ਸੁਵਿਧਾ ਅਨੁਸਾਰ ਅੰਤਕ ਕਰਨ ਨੂੰ ਲੈ ਕੇ ਇਕ ਵਾਰ ਫਿਰ ਇਨਸਾਫ਼ ਪਸੰਦ ਨਾਗਰਿਕਾਂ ਦੀ ਕਟਹਿਰੇ ‘ਚ ਖੜਾ ਹੈ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰ ਐਸ ਐਸ ਵੱਲੋਂ ਸਿਖ ਇਤਿਹਾਸ ਨਾਲ ਸੰਬੰਧਿਤ ਤੱਥਾਂ ਨੂੰ ਵਿਗਾੜ ਕੇ ਪ੍ਰਕਾਸ਼ਿਤ ਕੀਤੀਆਂ ਵਿਵਾਦਮਈ ਪੁਸਤਕਾਂ ਨੂੰ ਤੁਰੰਤ ਜ਼ਬਤ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੇ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਆਰ ਐਸ ਐਸ ਸਿਖ ਕੌਮ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਅਤੇ ਅਪੀਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਹੀ ਆਰ ਐਸ ਐਸ ਗੁਰ ਇਤਿਹਾਸ ਨੂੰ ਤੋੜ ਮਰੋੜ ਕੇ ਪ੍ਰਕਾਸ਼ਿਤ ਕਰਨ ਦੀ ਗੁਸਤਾਖ਼ੀ ਕਰਦਿਆਂ ਸਿਖ ਹਿਰਦਿਆਂ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਆਰ ਐਸ ਐਸ ਦੇ ਉਕਤ ਕੋਝੇ ਯਤਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿਖ ਪੰਥ ਕਿਸੇ ਨੂੰ ਵੀ ਸਿਖ ਪੰਥ ਅਤੇ ਗੁਰੂ ਸਾਹਿਬਾਨ ਦੇ ਇਤਿਹਾਸਕ ਪੱਖਾਂ ਤੱਥਾਂ ਨਾਲ ਛੇੜ ਛਾੜ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਸਿਖ ਪੰਥ ਨੂੰ ਇਹ ਬਿਲਕੁਲ ਵੀ ਮਨਜ਼ੂਰ ਅਤੇ ਬਰਦਾਸ਼ਤ ਯੋਗ ਨਹੀਂ ਹੈ ਕਿ ਉਸ ਦੇ ਸ਼ਾਨਾਮਤੀ ਇਤਿਹਾਸ ਨੂੰ ਢਾਅ ਲਾਉਣ ਦੀ ਕੋਈ ਕੋਸ਼ਿਸ਼ ਕਰੇ।
ਉਨ੍ਹਾਂ ਆਰ ਐਸ ਐਸ ਨੂੰ ਯਾਦ ਦਵਾਇਆ ਕਿ ਭਾਰਤ ਇਕ ਬਹੁ ਕੌਮੀ ਅਨੇਕ ਸੰਸਕ੍ਰਿਤੀਆਂ ਵਾਲਾ ਦੇਸ਼ ਹੈ। ਜਿੱਥੇ ਹਰੇਕ ਕੌਮ ਅਤੇ ਫ਼ਿਰਕਿਆਂ ਨੂੰ ਬਰਾਬਰ ਦੇ ਅਧਿਕਾਰ ਅਤੇ ਕਰਤੱਵ ਹਨ, ਇਸ ‘ਤੇ ਪਹਿਰਾ ਦਿਤੇ ਬਿਨਾ ਦੇਸ਼ ਦੀ ਅਖੰਡਤਾ ਕਾਇਮ ਨਹੀਂ ਰਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਿਖ ਇਕ ਵੱਖਰੀ ਕੌਮ ਹਨ ਅਤੇ ਇਸ ਦਾ ਗੌਰਵਸ਼ਾਲੀ ਵਿਲੱਖਣ ਇਤਿਹਾਸ ਹੈ। ਆਰ ਐਸ ਐਸ ਆਪਣੇ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਾਕੇ ਮਨੋਨੀਤ ਅਤੇ ਗਲਤ ਤਥ ਪੇਸ਼ ਕਰਨ ਅਤੇ ਦਸਮੇਸ਼ ਪਿਤਾ ਵੱਲੋਂ ਵਿਸਾਖੀ ਮੌਕੇ ਪੰਜ ਪਿਆਰਿਆਂ ਤੋਂ ਸੀਸ ਭੇਟਾ ਕਰਾਉਣ ਦੇ ਵਰਤਾਰਿਆਂ ਜਾਂ ਅਨੰਦਪੁਰ ਸਾਹਿਬ ਦੀ ਲੜਾਈ ਦੌਰਾਨ ਇਕੱਲੇ ਔਰੰਗਜ਼ੇਬ ਵੱਲੋਂ ਕਸਮਾਂ ਖਾਣ ਦੀਆਂ ਗਲਤ ਤੇ ਗੁਮਰਾਹਕੁਨ ਤੱਥਾਂ ਦੀ ਪੇਸ਼ਕਾਰੀ ਨਾਲ ਇਤਿਹਾਸ ਦੇ ਉਨ੍ਹਾਂ ਸ਼ਰਮਨਾਕ ਵਰਤਾਰਿਆਂ ਦੀ ਹਕੀਕਤ ਤੋਂ ਪਿਛਾ ਨਹੀ ਛਡਾ ਸਕਦਾ ਜਿਨ੍ਹਾਂ ਨਾਲ ਆਰ ਐਸ ਐਸ ਦੀ ਨੁਮਾਇੰਦਗੀ ਵਾਲਾ ਫ਼ਿਰਕਾ ਵਾਬਸਤਾ ਹੈ। ਉਨ੍ਹਾਂ ਆਰ ਐਸ ਐਸ ਵੱਲੋਂ ਮੌਜੂਦਾ ਇਤਿਹਾਸ ਨੂੰ ਹਿੰਦੂ ਵਿਰੋਧੀ ਠਹਿਰਾਉਂਦਿਆਂ ਨਵੇ ਸਿਰੇ ਤੋਂ ਇਤਿਹਾਸ ਲਿਖਣ ਦੀਆਂ ਕੀਤੀਆਂ ਜਾ ਰਹੀਆਂ ਗਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਇਤਿਹਾਸ ਦੀ ਇਹ ਗਵਾਹੀ ਹਮੇਸ਼ਾਂ ਯਾਦ ਰਖਣ ਦੀ ਨਸੀਹਤ ਦਿੱਤੀ ਕਿ ”ਨਾ ਕਹੁ ਅਬ ਕੀ ਨਾ ਕਹੁ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ।” ਉਨ੍ਹਾਂ ਕਿਹਾ ਕਿ ਸਿਖ ਇਤਿਹਾਸ ਨਾਲ ਛੇੜ ਛੇੜ ਕਰਨ ਤੋਂ ਪਹਿਲਾਂ ਇਹ ਯਾਦ ਰਵੇ ਕਿ ਸਿਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦਿੱਤੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਨੇ ਸਿਖ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਰ ਐਸ ਐਸ ਆਪਣੇ ਏਜੰਡੇ ਦੀ ਸਫਲਤਾ ਲਈ ਅਜਿਹੀ ਸਿਖਿਆ ਪ੍ਰਣਾਲੀ ਲਿਆਉਣਾ ਚਾਹੁੰਦੀ ਹੈ ਜੋ ਨਵੀ ਪੀੜੀ ਨੂੰ ਹਿੰਦੂ ਰਾਸ਼ਟਰਵਾਦ ਦੇ ਪ੍ਰਤੀ ਪ੍ਰਤੀਬੱਧ ਕੀਤਾ ਜਾ ਸਕੇ।
ਅਖੌਤੀ ਸਾਧ ਨਰਾਇਣ ਦਾਸ ਦੀ ਕੀਤੀ ਸਖ਼ਤ ਨਿਖੇਧੀ
ਅਖੀਰ ‘ਚ ਉਨ੍ਹਾਂ ਅਖੌਤੀ ਸਾਧ ਨਰਾਇਣ ਦਾਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਪਮਾਨਜਨਕ ਟਿੱਪਣੀਆਂ ਲਈ ਉਸ ‘ਤੇ ਸਖ਼ਤ ਕਾਰਵਾਈ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਠਲ ਪਾਏ ਬਿਨਾ ਸਮਾਜ ਦਾ ਵਾਪਾਰਨ ਖ਼ੁਸ਼ਗਵਾਰ ਨਹੀਂ ਰਖਿਆ ਜਾ ਸਕਦਾ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਬਰਾਂਚ ਵੱਲੋਂ ਦੋਸ਼ੀਆਂ ਦੀ ਭਾਲ ਲਈ ਉਕਤ ਕੇਸ ਦੀ ਤਹਿ ਤਕ ਜਾਇਆ ਜਾ ਰਿਹਾ ਹੈ।