ਨਵੀਂ ਦਿੱਲੀ – ਕਰਨਾਟਕ ਦੀ ਰਾਜਨੀਤਕ ਲੜਾਈ ਹੁਣ ਸੁਪਰੀਮ ਕੋਰਟ ਪਹੁੰਚ ਗਈ ਹੈ। ਕਾਂਗਰਸ ਅਤੇ ਜਦਐਸ ਨੇ ਜਿੱਥੇ ਰਾਜਪਾਲ ਦੇ ਫੈਂਸਲੇ ਨੂੰ ਸਰਵਉਚ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।ਪ੍ਰਸਿੱਧ ਵਕੀਲ ਅਤੇ ਰਾਜਸਭਾ ਮੈਂਬਰ ਰਾਮ ਜੇਠਮਲਾਨੀ ਵੀ ਇਸ ਸਿਆਸੀ ਯੁੱਧ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਰਾਜਪਾਲ ਦੇ ਇਸ ਫੈਂਸਲੇ ਨੂੰ ਸੰਵਿਧਾਨਿਕ ਸ਼ਕਤੀ ਦਾ ਦੁਰਉਪਯੋਗ ਦੱਸਿਆ ਹੈ। ਜੇਠਮਲਾਨੀ ਨੇ ਅਦਾਲਤ ਵਿੱਚ ਦਰਖਾਸਤ ਦਿੰਦੇ ਹੋਏ ਕਿਹਾ, ‘ ਮੈਂ ਇਸ ਮਾਮਲੇ ਵਿੱਚ ਵਿਅਕਤੀਗਤ ਤੌਰ ਤੇ ਆਪਣਾ ਪੱਖ ਰੱਖਣਾ ਚਾਹੁੰਦਾ ਹਾਂ। ਇਸ ਤੇ ਕੋਰਟ ਨੂੰ ਵਿਚਾਰ ਕਰਨਾ ਚਾਹੀਦਾ ਹੈ। ਮੈਂ ਕਿਸੇ ਪਾਰਟੀ ਵੱਲੋਂ ਨਹੀਂ ਬਲਿਕ ਨਿਜੀ ਤੌਰ ਤੇ ਆਇਆ ਹਾਂ।’
ਇਸ ਮਾਮਲੇ ਤੇ ਮੁੱਖ ਜੱਜ ਦੀਪਕ ਮਿਸ਼ਰਾ ਨੇ ਕਿਹਾ, ‘ ਇਹ ਮਾਮਲਾ ਜਸਟਿਸ ਏਕੇ ਸਿਕਰੀ ਦੀ ਅਗਵਾਈ ਵਾਲੀ ਬੈਂਚ ਸੁਣ ਰਹੀ ਹੈ। ਇਹ ਬੈਂਚ ਸ਼ੁਕਰਵਾਰ ਨੂੰ ਬੈਠੇਗੀ। ਆਪ ਵੀ ਇਸ ਮਾਮਲੇ ਨੂੰ ਉਥੇ ਉਠਾ ਸਕਦੇ ਹੋ।’ ਇਸ ਦੇ ਬਾਅਦ ਜੇਠਮਲਾਨੀ ਨੇ ਰਾਜਪਾਲ ਦਾ ਬੀਜੇਪੀ ਨੂੰ ਸਦਾ ਦੇਣਾ ਸੰਵਿਧਾਨਿਕ ਪਦ ਦਾ ਦੁਰਉਪਯੋਗ ਦੱਸਿਆ। ਜੇਠਮਲਾਨੀ ਹੁਣ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਸ਼ੁਕਰਵਾਰ ਨੂੰ ਉਠਾਉਣਗੇ। ਉਨ੍ਹਾਂ ਨੇ ਕਰਨਾਟਕ ਦੀ ਰਾਜਨੀਤੀ ਤੇ ਕਿਹਾ, ‘ਆਖਿਰ ਭਾਜਪਾ ਨੇ ਰਾਜਪਾਲ ਨੂੰ ਅਜਿਹਾ ਕੀ ਕਿਹਾ ਕਿ ਉਸ ਨੇ ਇਸ ਤਰ੍ਹਾਂ ਦਾ ਬਚਕਾਨਾ ਕਦਮ ਉਠਾਂਇਆ? ਰਾਜਪਾਲ ਦਾ ਇਹ ਆਦੇਸ਼ ਭ੍ਰਿਸ਼ਟਾਚਾਰ ਨੂੰ ਇੱਕ ਖੁਲ੍ਹਾ ਨਿਮੰਤਰਣ ਹੈ। ਜੇਠਮਲਾਨੀ ਨੇ ਰਾਜਪਾਲ ਦੁਆਰਾ ਯੇਦਿਯੁਰਪਾ ਨੂੰ ਸਰਕਾਰ ਬਣਾਉਣ ਦਾ ਸਦਾ ਦੇਣ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।