ਚੰਡੀਗੜ੍ਹ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਅਤੇ ਸਾਬਕਾ ਜਥੇਦਾਰ ਅਤੇ ਬਾਦਲ ਦਲ ਦੇ ਆਕਾ ਗੁਰਬਚਨ ਸਿੰਘ ਵੱਲੋਂ ਆਰ.ਐਸ.ਐਸ. ਦੀਆਂ ਗਤੀਵਿਧੀਆਂ ਦੇ ਖਿਲਾਫ਼ ਬਿਆਨ ਦੇਣਾ ਇਹ ਸਿੱਧ ਕਰਦਾ ਹੈ ਕਿ ਬੜਾ ਵੱਡਾ ਸਿੱਖ ਕੌਮ ਦਾ ਨੁਕਸਾਨ ਕਰਵਾਉਣ ਤੋਂ ਬਾਅਦ ਇਨ੍ਹਾਂ ਨੂੰ ਕੁਝ ਪ੍ਰਮਾਤਮਾ ਨੇ ਸੁਮੱਤ ਬਖਸ਼ੀ ਹੈ। ਇਨ੍ਹਾਂ ਉਤੇ ਪੰਜਾਬੀ ਕਹਾਵਤ ‘ਦੇਰ ਆਏ ਦਰੁਸਤ ਆਏ’ ਪੂਰੀ ਤਰ੍ਹਾਂ ਢੁੱਕਦੀ ਹੈ । ਇਹ ਵਿਚਾਰ ਪਾਰਟੀ ਦੇ ਜਰਨਲ ਸਕੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪ੍ਰੋ. ਮਹਿੰਦਰਪਾਲ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਲੰਮੇਂ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਰ.ਐਸ.ਐਸ. ਦੀਆਂ ਸਿੱਖ ਵਿਰੋਧੀ ਨੀਤੀਆ ਦਾ ਭਾਂਡਾ ਚੌਰਾਹੇ ਭੰਨਦਾ ਆਇਆ ਹੈ । ਜਿਸ ਬਦਲੇ ਪਾਰਟੀ ਨੂੰ ਸਰਕਾਰੀ ਜ਼ਬਰ ਦਾ ਸਾਹਮਣਾ ਕਰਦਿਆ ਬੜੀ ਜੱਦੋਂ-ਜ਼ਹਿਦ ਕਰਨੀ ਪਈ ਹੈ । ਜਦੋਂਕਿ ਬਾਦਲ ਦਲ ਨੇ ਪੰਥ ਵਿਰੋਧੀ ਸ਼ਕਤੀਆਂ ਬੀਜੇਪੀ, ਆਰ.ਐਸ.ਐਸ ਆਦਿ ਨਾਲ ਮਿਲਕੇ ਸਿਆਸੀ ਸਮਝੌਤੇ ਕਰਕੇ ਇਨ੍ਹਾਂ ਮੁਤੱਸਵੀ ਪਾਰਟੀਆਂ ਦੀ ਪਿੱਠ ਥਾਪੜੀ ਹੈ । ਹੁਣ ਜਦੋਂ ਨਰਿੰਦਰ ਮੋਦੀ ਦੇ ਤਾਕਤ ਵਿਚ ਆਉਣ ਤੋਂ ਬਾਅਦ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਇਸਾਈ, ਮੂਲਨਿਵਾਸੀਆਂ, ਐਸ.ਸੀ/ਐਸ.ਟੀ. ਆਦਿ ਨੂੰ ਨਿਸ਼ਾਨਾਂ ਬਣਾਕੇ ਹਿੰਦੂਤਵ ਦਾ ਏਜੰਡਾ ਲਾਗੂ ਕਰਨਾ ਸੁਰੂ ਕਰ ਦਿੱਤਾ ਹੈ ਅਤੇ ਜਦੋਂ ਬਾਦਲ ਦਲ ਸਤ੍ਹਾ ਤੋਂ ਦੂਰ ਹੋ ਗਿਆ ਹੈ, ਤਾਂ ਹੁਣ ਆਪਣੇ ਇਨ੍ਹਾਂ ਨਕਾਰੇ ਹੋਏ ਆਗੂਆਂ ਤੋਂ ਆਰ.ਐਸ.ਐਸ. ਦੇ ਖਿਲਾਫ਼ ਬਿਆਨ ਜਾਰੀ ਕਰਵਾਕੇ ਬਾਦਲ ਦਲ ਸਿੱਖ ਕੌਮ ਵਿਚ ਆਪਣੇ ਖ਼ਰਾਬ ਹੋਏ ਅਕਸ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ । ਪਰ ਸਿੱਖ ਕੌਮ ਇਸ ਗੱਲ ਨੂੰ ਭਲੀਭਾਂਤ ਜਾਣਦੀ ਹੈ ਕਿ ਬਾਦਲ ਦਲ-ਬੀਜੇਪੀ ਦੇ ਰਾਜ ਦੌਰਾਨ ਅਨੇਕਾ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬਰਗਾੜੀ ਵਿਖੇ ਇਸ ਬੇਅਦਬੀ ਦੇ ਖਿਲਾਫ਼ ਰੋਸ ਜਾਹਰ ਕਰ ਰਹੇ ਭਾਈ ਕ੍ਰਿਸਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾਂ ਨੂੰ ਪੰਜਾਬ ਪੁਲਿਸ ਤੋਂ ਸ਼ਹੀਦ ਕਰਵਾ ਦਿੱਤਾ। ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਗਏ ਅਤੇ ਨਾ ਹੀ ਇਨ੍ਹਾਂ ਨੌਜ਼ਵਾਨਾਂ ਦੇ ਕਾਤਲਾਂ ਨੂੰ ਫੜਕੇ ਕੋਈ ਕੇਸ ਦਰਜ ਕੀਤੇ ਗਏ ।
ਇਨ੍ਹਾਂ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਬਾਦਲ ਦਲ ਅਤੇ ਸਿੱਖ ਕੌਮ ਤੇ ਥੋਪੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਸੱਚਮੁੱਚ ਹੀ ਆਰ.ਐਸ.ਐਸ. ਨੂੰ ਆਪਣਾ ਅਤੇ ਸਿੱਖ ਕੌਮ ਦਾ ਦੁਸ਼ਮਣ ਮੰਨਦੇ ਹਨ ਤਾਂ ਸ੍ਰੀ ਮੋਦੀ ਦੀ ਵਿਜਾਰਤ ਵਿਚ ਸਾਮਿਲ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਵਾਪਸ ਬੁਲਾ ਲੈਣਾ ਚਾਹੀਦਾ ਹੈ । ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਯੋਗ ਅਤੇ ਸਤਿਕਾਰਯੋਗ ਮੰਤਰੀ ਪਦ ਨਹੀਂ ਦਿੱਤਾ ਗਿਆ । ਸਿਰਫ਼ ਫੂਡ ਪ੍ਰੋਸੈਸਿੰਗ ਦਾ ਨਿਗੁਣਾ ਜਿਹਾ ਮਹਿਕਮਾ ਦੇ ਕੇ ਸਿੱਖ ਕੌਮ ਦੀ ਕਦਰ ਨੂੰ ਘਟਾਇਆ ਹੈ । ਇਨ੍ਹਾਂ ਆਗੂਆਂ ਨੇ ਅੱਗੇ ਕਿਹਾ ਕਿ ਸਾਹਕੋਟ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਸਾਂਝੇ ਉਮੀਦਵਾਰ ਭਾਈ ਸੁਲੱਖਣ ਸਿੰਘ ਸ਼ਾਹਕੋਟ ਨੂੰ ਭਾਰੀ ਬਹੁਮੱਤ ਨਾਲ ਵੋਟਾਂ ਪਾ ਕੇ ਪੰਜਾਬ ਅਸੈਬਲੀ ਵਿਚ ਭੇਜਣਾ ਚਾਹੀਦਾ ਹੈ ਤਾਂ ਜੋ ਆਰ.ਐਸ.ਐਸ. ਅਤੇ ਬੀਜੇਪੀ, ਕਾਂਗਰਸ ਦੀਆਂ ਸਿੱਖ ਅਤੇ ਕੌਮ ਵਿਰੋਧੀ ਨੀਤੀਆਂ ਦਾ ਡੱਟਕੇ ਮੁਕਾਬਲਾ ਕਰਨ ਲਈ ਸ. ਸੁਲੱਖਣ ਸਿੰਘ ਸ਼ਾਹਕੋਟ ਆਵਾਜ਼ ਬੁਲੰਦ ਕਰ ਸਕਣ ।