ਮੁੰਬਈ – ਕਰਨਾਟਕ ਵਿੱਚ ਬੀਜੇਪੀ ਵੱਲੋਂ ਕੀਤੇ ਗਏ ਬਹੁਮੱਤ ਹਾਸਿਲ ਕਰਨ ਦੇ ਡਰਾਮੇ ਅਤੇ ਫਿਰ ਆਖਰੀ ਮੌਕੇ ਤੇ ਫਲੋਰ ਟੈਸਟ ਦੌਰਾਨ ਯੇਦਿਯੁਰਪਾ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਪਾਲ ਵਜੂਭਾਈ ਦੀ ਬਹੁਤ ਕਿਰਕਿਰੀ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰ ਜੀ ਅਤੇ ਅਖਿਲੇਸ਼ ਯਾਦਵ ਨੇ ਬੀਜੇਪੀ ਦੀ ਇਸ ਹਾਰ ਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਇਸ ਦਰਮਿਆਨ ਕਾਂਗਰਸ ਨੇਤਾ ਸੰਜੇ ਨਿਰੂਪਮ ਨੇ ਤਾਂ ਰਾਜਪਾਲ ਵਜੂਭਾਈ ਦੀ ਵਫਾਦਾਰੀ ਦੀ ਤੁਲਣਾ ਕੁੱਤੇ ਨਾਲ ਕਰ ਦਿੱਤੀ ਹੈ।
ਸੰਜੇ ਨਿਰੂਪਮ ਨੇ ਕਿਹਾ, ‘ਇਸ ਨਾਲ ਦੇਸ਼ ਵਿੱਚ ਵਜੂਭਾਈ ਵਾਲਾ ਨੇ ਵਫਾਦਾਰੀ ਦਾ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਹੁਣ ਸ਼ਾਇਦ ਹਿੰਦੁਸਤਾਨ ਦਾ ਹਰੇਕ ਆਦਮੀ ਆਪਣੇ ਕੁੱਤੇ ਦਾ ਨਾਮ ਵਜੂਭਾਈ ਵਾਲਾ ਹੀ ਰੱਖੇਗਾ, ਕਿਉਂਕਿ ਇਸ ਤੋਂ ਵੱਧ ਵਫਾਦਾਰ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ। ਤੁਸੀਂ ਆਰਐਸਐਸ ਤੋਂ ਆਏ ਹੋ, ਮੋਦੀ ਦੇ ਲਈ ਆਪਣੀ ਸੀਟ ਛੱਡ ਦਿੱਤੀ ਸੀ। ਇਹ ਸੱਭ ਤਾਂ ਠੀਕ ਹੈ ਸਾਹਬ ਪਰ ਹੁਣ ਆਪ ਸੰਵਿਧਨਿਕ ਅਹੁਦੇ ਤੇ ਵਿਰਾਜਮਾਨ ਹੋ। ਅਗਰ ਆਪ ਕਾਨੂੰਨ ਦਾ ਪਾਲਣ ਨਹੀਂ ਕਰ ਸਕਦੇ ਤਾਂ ਅਸਤੀਫਾ ਦੇ ਦੇਵੋ।’
ਉਧਰ, ਬੀਜੇਪੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਵੀ ਗਵਰਨਰ ਵਜੂਭਾਈ ਦੀ ਆਲੋਚਨਾ ਕਰਦੇ ਹੋਏ ਆਪਣੇ ਟਵੀਟ ਤੇ ਲਿਖਿਆ ਹੈ, ‘ ਕਰਨਾਟਕ ਵਿੱਚ ਵਾਪਰਿਆ ਘਟਨਾਕਰਮ ਇਹ ਦਰਸਾਉਂਦਾ ਹੈ ਕਿ ਰਾਜਨੀਤੀ ਵਿੱਚ ਅਜੇ ਵੀ ਕੁਝ ਨੈਤਿਕਤਾ ਬਾਕੀ ਹੈ, ਪਰ ਬੀਜੇਪੀ ਵਿੱਚ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਕਰਨਾਟਕ ਦੇ ਰਾਜਪਾਲ ਵੀ ਆਪਣੇ ਪਦ ਤੋਂ ਅਸਤੀਫ਼ਾ ਦੇ ਦੇਵੇ।’
ਕਰਨਾਟਕ ਵਿੱਚ 15 ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਸੀ। ਇਸ ਸਮੇਂ ਗਰਵਨਰ ਵੱਲੋਂ ਇੱਕਤਰਫ਼ੀ ਨਿਭਾਈ ਗਈ ਭੂਮਿਕਾ ਦੀ ਸਖਤ ਆਲੋਚਨਾ ਹੋਈ ਤੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਸੁਪਰੀਮ ਕੋਰਟ ਦੇ ਦਖ਼ਲ ਕਾਰਣ ਹੀ ਝੂਠ ਦਾ ਪਰਦਾ ਫਾਸ਼ ਹੋਇਆ। ਹੁਣ ਕਾਂਗਰਸ ਅਤੇ ਜੇਡੀਐਸ ਮਿਲੇ ਸਰਕਾਰ ਬਣਾਉਣਗੇ। ਜੇਡੀਐਸ ਦੇ ਕੁਮਾਰ ਸਵਾਮੀ ਕਰਨਾਟਕ ਦੇ ਅੱਗਲੇ ਮੁੱਖਮੰਤਰੀ ਬਣ ਸਕਦੇ ਹਨ।