ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੀ ਦੁਨੀਆਂ ਨੂੰ ਪਤਾ ਸੀ ਕਿ ਕਰਨਾਟਕਾ ਸੂਬੇ ਦੀਆਂ ਹੋਈਆ ਚੋਣਾਂ ਵਿਚ ਬੀਜੇਪੀ ਨੂੰ ਉਥੋਂ ਦੇ ਨਿਵਾਸੀਆ ਨੇ ਸਤ੍ਹਾ ਉਤੇ ਬੈਠਣ ਲਈ ਹਾਮੀ ਨਹੀਂ ਭਰੀ ਅਤੇ ਬਣਦਾ ਬਹੁਮੱਤ ਪ੍ਰਾਪਤ ਨਹੀਂ ਕਰ ਸਕੀ ਤਾਂ ਗਵਰਨਰ ਕਰਨਾਟਕਾ ਵੱਲੋਂ ਬੀਜੇਪੀ ਦੇ ਫਿਰਕੂ ਪ੍ਰਭਾਵ ਨੂੰ ਪ੍ਰਵਾਨ ਕਰਦੇ ਹੋਏ ਪੂਰਨ ਬਹੁਮੱਤ ਪ੍ਰਾਪਤ ਨਾ ਕਰਨ ਵਾਲੀ ਬੀਜੇਪੀ ਜਮਾਤ ਨੂੰ ਕਰਨਾਟਕਾ ਵਿਚ ਸਰਕਾਰ ਬਣਾਉਣ ਦਾ ਸੱਦਾ ਦੇਣਾ ਹੀ ਗੈਰ-ਵਿਧਾਨਿਕ ਤੇ ਗੈਰ-ਸਿਧਾਤਿਕ ਸੀ । ਪਰ ਜਦੋਂ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਬਣੀ ਯੇਦੀਯਰੂਪਾ ਸਰਕਾਰ ਨੂੰ ਬਹੁਮੱਤ ਸਾਬਤ ਕਰਨ ਲਈ ਕਿਹਾ ਤਾਂ ਸ੍ਰੀ ਯੇਦੀਯੂਰਪਾ ਨੇ ਖੁਦ ਹੀ ਆਪਣੀ ਹਾਸੋਹੀਣੀ ਸਥਿਤੀ ਨੂੰ ਭਾਪਦਿਆ ਅਸਤੀਫ਼ਾਂ ਦੇਣ ਦੇ ਅਮਲ ਫਿਰਕੂ ਬੀਜੇਪੀ ਦੀ ਸੋਚ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਦੇ ਨਾਲ-ਨਾਲ ਅਸਲੀ ਜਾਲਮਨਾ ਕਰੂਪ ਚਿਹਰੇ ਨੂੰ ਵੀ ਸਾਹਮਣੇ ਲਿਆਂਦਾ ਹੈ । ਬੇਸ਼ੱਕ ਇਹ ਵਰਤਾਰਾ ਬਿਲਕੁਲ ਗੈਰ-ਸਿਧਾਤਿਕ ਸੀ ਪਰ ਇਸਨੇ ਸੱਚ ਨੂੰ ਮਜ਼ਬੂਤ ਕਰਨ ਵਿਚ ਭੂਮਿਕਾ ਨਿਭਾਈ ਹੈ ਅਤੇ ਸਮੁੱਚੇ ਭਾਰਤ ਨਿਵਾਸੀਆ ਨੂੰ ਬੀਜੇਪੀ ਵਰਗੀ ਜਮਾਤ ਦੇ ਤਾਨਾਸ਼ਾਹੀ ਅਮਲਾਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਨਾਟਕਾ ਵਿਚ ਸੰਵਿਧਾਨਿਕ ਮੁੱਖੀ ਗਵਰਨਰ ਵੱਲੋਂ ਅਤੇ ਬੀਜੇਪੀ ਜਮਾਤ ਵੱਲੋਂ ਕਰਨਾਟਕਾ ਦੀ ਸਰਕਾਰ ਨੂੰ ਤਾਨਾਸ਼ਾਹੀ ਸੋਚ ਅਧੀਨ ਬਣਾਉਣ ਅਤੇ ਵਿਧਾਨਿਕ ਲੀਹਾਂ ਦਾ ਘਾਣ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਤੇ ਅੰਮਿਤ ਸ਼ਾਹ ਦੀ ਜੋੜੀ ਸਮੁੱਚੇ ਭਾਰਤ ਵਿਚ ਆਰ.ਐਸ.ਐਸ. ਦੇ ਫਿਰਕੂ ਪ੍ਰੋਗਰਾਮਾਂ ਨੂੰ ਹੀ ਲਾਗੂ ਕਰਦੀ ਆ ਰਹੀ ਹੈ । ਅਜਿਹੇ ਅਮਲ ਸ੍ਰੀ ਮੋਦੀ ਤੇ ਸ਼ਾਹ ਵਰਗੇ ਆਗੂਆਂ ਦੀਆਂ ਮੰਦਭਾਵਨਾ ਅਤੇ ਤਾਨਾਸ਼ਾਹੀ ਸੋਚ ਨੂੰ ਪ੍ਰਤੱਖ ਕਰਦੇ ਹਨ । ਜਦੋਂਕਿ ਅਜਿਹੀ ਜਮਾਤ ਅਤੇ ਫਿਰਕੂ ਆਗੂ ਇਥੋਂ ਦੇ ਨਿਵਾਸੀਆ ਨੂੰ ਸਹੀ ਅਗਵਾਈ ਦੇਣ ਅਤੇ ਇਥੇ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਦੀ ਸਮਰੱਥਾਂ ਨਹੀਂ ਰੱਖਦੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇਂ ਵਿਚ ਕਾਂਗਰਸ ਜਮਾਤ ਵੱਲੋਂ ਵੀ ਅਜਿਹੇ ਵਰਤਾਰੇ ਹੁੰਦੇ ਰਹੇ ਹਨ । ਇਸ ਲਈ ਜੇਕਰ ਦੋਵਾਂ ਪਾਰਟੀਆਂ ਦੇ ਇਖ਼ਲਾਕ ਬਾਰੇ ਗੱਲ ਕਰਨੀ ਹੋਵੇ ਤਾਂ ਉਪਰੋਕਤ ਦੋਵੇ ਪਾਰਟੀਆਂ ਇਕੋ ਹਮਾਮ ਵਿਚ ਅਲਫ ਨੰਗੀਆਂ ਖੜ੍ਹੀਆ ਹਨ ਅਤੇ ਇਥੋਂ ਦੇ ਨਿਵਾਸੀਆ ਨੂੰ ਨਵੇਂ-ਨਵੇਂ ਢੰਗਾਂ ਤੇ ਅਮਲਾਂ ਰਾਹੀ ਗੁੰਮਰਾਹ ਕਰਨ ਵਿਚ ਹੀ ਲੱਗੀਆ ਰਹਿੰਦੀਆ ਹਨ । ਇਹ ਦੋਵੇ ਜਮਾਤਾਂ ਇਥੋਂ ਦੇ ਨਿਵਾਸੀਆ ਨੂੰ ਕਦੀ ਵੀ ਸਾਫ਼-ਸੁਥਰਾ ਇਨਸਾਫ਼ ਪਸੰਦ ਰਿਸਵਤ ਤੋਂ ਰਹਿਤ ਰਾਜ ਪ੍ਰਬੰਧ ਨਹੀਂ ਦੇ ਸਕਦੀਆ । ਇਸ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮ, ਕਬੀਲੇ, ਘੱਟ ਗਿਣਤੀਆ ਐਸ.ਸੀ/ਐਸ.ਟੀ. ਪੱਛੜੇ ਵਰਗਾਂ ਆਦਿ ਨੂੰ ਚਾਹੀਦਾ ਹੈ ਕਿ ਜਦੋਂ ਵੀ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਪਾਰਲੀਮੈਂਟ ਚੋਣਾਂ ਹੋਣ, ਤਾਂ ਉਹ ਆਪਣੇ ਵੋਟ ਹੱਕ ਦੀ ਬਿਨ੍ਹਾਂ ਕਿਸੇ ਡਰ-ਭੈ ਤੋਂ ਵਰਤੋਂ ਕਰਦੇ ਹੋਏ ਉਪਰੋਕਤ ਦੋਵੇ ਗੈਰ-ਸਿਧਾਂਤਿਕ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆ ਪਾਰਟੀਆ ਨੂੰ ਸਤ੍ਹਾ ਵਿਚ ਬਿਲਕੁਲ ਨਾ ਬਿਠਾਉਣ, ਬਲਕਿ ਜੋ ਸ੍ਰੀ ਵਾਮਨ ਮਹੇਸਰਾਮ, ਲਿੰਗਾਇਤ ਧਰਮ ਦੇ ਮੁੱਖੀ ਸੁਆਮੀ ਕੰਨੇਸਵਰ ਅੱਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਕਬੀਲਿਆ ਦਾ ਸਾਂਝਾ ਪਲੇਟਫਾਰਮ ਬਣਿਆ ਹੈ, ਉਨ੍ਹਾਂ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਕੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਰਾਜ ਭਾਗ ਕਾਇਮ ਕਰਨ ਵਿਚ ਯੋਗਦਾਨ ਪਾਉਣ ਤਾਂ ਕਿ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਫਿਰਕੂ ਹੁਕਮਰਾਨ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਜਾਂ ਬੇਇਨਸਾਫ਼ੀ ਨਾ ਕਰ ਸਕਣ । ਬਲਕਿ ਬਰਾਬਰਤਾ ਦੇ ਆਧਾਰ ਤੇ ਆਪਣੇ ਹੱਕ-ਹਕੂਕ ਪ੍ਰਾਪਤ ਕਰਦੇ ਹੋਏ ਹਰ ਖੇਤਰ ਵਿਚ ਤਰੱਕੀ ਕਰ ਸਕਣ ।