ਪਟਨਾ – ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਤੂਤੀਕੋਰਿਨ ਵਿੱਚ ਵਿਖਾਵਾਕਾਰੀਆਂ ਤੇ ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਲੈ ਕੇ ਮੋਦੀ ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਇਸ ਦੀ ਸਖਤ ਨਿੰਦਿਆ ਕੀਤੀ। ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨਮੰਤਰੀ ਨੂੰ ਚੁੱਪੀ ਧਾਰਨ ਕਰਕੇ ਵੀ ਆੜੇ ਹੱਥੀਂ ਲਿਆ।
ਬਿਹਾਰ ਤੋਂ ਐਮਪੀ ਸ਼ਤਰੂਘਨ ਸਿਨਹਾ ਨੇ ਇਸ ਘਟਨਾ ਨੂੰ ਬਹੁਤ ਹੀ ਸ਼ਰਮਨਾਕ, ਦਰਦਨਾਕ ਅਤੇ ਨਿੰਦਿਆ ਦੇ ਲਾਇਕ ਦੱਸਦੇ ਹੋਏ ਦੇਸ਼ ਦੇ ਸੇਵਕ ਨੂੰ ਇਸ ਨਿਰੰਕੁਸ਼ ਹੱਤਿਆ ਬਾਰੇ ਕੁਝ ਬੋਲਣ ਦੀ ਗੱਲ ਕੀਤੀ। ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਅਪੀਲ ਕੀਤੀ ਕਿ ਉਹ ਤਾਮਿਲਨਾਡੂ ਵਿੱਚ ਪ੍ਰਦੂਸ਼ਣ ਚਿੰਤਾਵਾਂ ਨੂੰ ਲੈ ਕੇ ਵੇਦਾਂਤਾ ਸਮੂੰਹ ਦੇ ਸਟਰਲਾਈਟ ਕਾਪਰ ਯੰਤਰ ਨੂੰ ਬੰਦ ਕਰਨ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ 11 ਦੇ ਕਰੀਬ ਮਾਰੇ ਗਏ ਨਿਰਦੋਸ਼ ਲੋਕਾਂ ਸਬੰਧੀ ਘੱਟ ਤੋਂ ਘੱਟ ਇੱਕ ਬਿਆਨ ਦੇਵੇ।
ਸਿਨਹਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘ ਸਰ,ਹੁਣ ਬੋਲਣ ਦਾ ਸਮਾਂ ਹੈ, ਕਠੂਆ ਤੇ, ਪੈਟਰੋਲ ਦੇ ਰੇਟ ਵੱਧਣ ਤੇ, ਤੂਤੀਕੋਰਿਨ ਵਿੱਚ ਨਿਰੰਕੁਸ਼ ਹੱਤਿਆਵਾਂ ਤੇ, ਕਿਸੇ ਤੇ ਵੀ ਪੀਐਮ ਦਾ ਕੋਈ ਬਿਆਨ ਨਹੀਂ ਆਇਆ। ਨਿਰਦੋਸ਼ ਨਾਗਰਿਕਾਂ ਤੇ ਗੋਲੀ ਚਲਾਉਣ ਦਾ ਆਦੇਸ਼ ਕਿਸ ਨੇ ਦਿੱਤਾ। ਕਸ਼ਮੀਰ ਸੜ ਗਿਆ, ਆਪਨੇ ਕੁਝ ਨਹੀਂ ਕਿਹਾ। ਹੁਣ ਤਾਮਿਲਨਾਡੂ ਉਬਲ ਰਿਹਾ ਹੈ। ਕੀ ਅਸੀਂ ਸੱਭ ਤੋਂ ਵੱਧ ਵਾਕਪਟੂ ਸੇਵਕ ਤੋਂ ਕੁਝ ਸੁਣ ਸਕਦੇ ਹਾਂ।’
ਵਰਨਣਯੋਗ ਹੈ ਕਿ ਸਟਰਲਾਈਟ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਸਥਾਨਕ ਲੋਕ ਕਈ ਮਹੀਨਿਆਂ ਤੋਂ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਸਨ। ਯੂਨਿਟ ਦੇ ਖਿਲਾਫ਼ ਲੋਕਾਂ ਵੱਲੋਂ ਮੰਗਲਵਾਰ ਨੂੰ ਸੜਕਾਂ ਤੇ ਉਤਰਨ ਕਾਰਣ ਸਥਿਤੀ ਬੇਕਾਬੂ ਹੋ ਗਈ ਸੀ। ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਜਖਮੀ ਹੋ ਗਏ ਸਨ।