ਅੰਮ੍ਰਿਤਸਰ, (ਸਰਚਾਂਦ ਸਿੰਘ) – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਹੋਰ ਇਤਿਹਾਸਕ ਵਿਰਾਸਤੀ ਧਰੋਹਰ ਨੂੰ ਹਥ ਪਾਉਣ ਦੀ ਤਿਆਰੀ ਕੀਤੀ ਜਾ ਚੁਕੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਪੁਰਾਣੀ ਅਤੇ ਖਸਤਾ ਹੋਣ ਦਾ ਹਵਾਲਾ ਦੇ ਕੇ ਇਸ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਜ਼ਿੰਮਾ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਕਾਰਸੇਵਾ ਵਾਲੇ ਇਕ ਮਹਾਂਪੁਰਸ਼ ਨੂੰ ਮਤਾ ਨੰ: 151 ਮਿਤੀ 16 ਫਰਵਰੀ 2018 ਰਾਹੀਂ ਦੇ ਦਿਤਾ ਗਿਆ ਅਤੇ 31 ਜੁਲਾਈ 2019 ਤਕ ( ਭਾਵ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਸਮਾਗਮ ਤੋਂ ਪਹਿਲਾਂ ) ਇਸ ਨੂੰ ਮੁਕੰਮਲ ਕਰਨ ਲਈ ਕਿਹਾ ਗਿਆ। ਜਿਸ ਤਹਿਤ ਕਾਰਸੇਵਾ ਰਾਹੀਂ ਗੁਰਦਵਾਰਾ ਸਾਹਿਬ ਨੂੰ ਢਾਹ ਕੇ ਨਵ ਉਸਾਰੀ ਕਰਨ ਦੌਰਾਨ ਦਰਬਾਰ ਹਾਲ ਪਛਮ ਵਲ ਬਣਾਉਣ ਅਤੇ ਬਾਉਲੀ ਸਾਹਿਬ ਦੇ ਖੂਹ ਨੂੰ ਦਰਬਾਰ ਦੀ ਇਮਾਰਤ ਤੋਂ ਬਾਹਰ ਕਰਨ ਦੀ ਗਲ ਆਖੀ ਗਈ। ਸ਼੍ਰੋਮਣੀ ਕਮੇਟੀ ਦੇ ਇਕ ਮਤੇ ਵਿਚ ਇਹ ਗਲ ਵੀ ਆਖੀ ਗਈ ਹੈ ਕਿ ਇਹ ਇਮਾਰਤ ਪੁਰਾਤਨ ਨਹੀਂ ਹੈ ਕਿਉਂਕਿ ਇਸ ਦੀ ਉਸਾਰੀ 1973 ਦੌਰਾਨ ਕਰਾਈ ਗਈ ਹੈ। ਸਿਰਫ਼ ਥੜ੍ਹਾ ਸਾਹਿਬ ਹੀ ਪੁਰਾਤਨ ਹੈ। ਇਸ ਨੂੰ ਖਸਤਾ ਕਹਿਣ ਪਿੱਛੇ ਦਾ ਤਰਕ ਇਹ ਦਿਤਾ ਹੈ ਕਿ ਬਰਸਾਤਾਂ ਦੇ ਮੌਸਮ ‘ਚ ਇਮਾਰਤ ਦੀ ਛੱਤ ਵਿਚੋਂ ਪਾਣੀ ਚੋਂਦਾ ਰਹਿੰਦਾ ਹੈ। ਬੇਸ਼ੱਕ ਗੁਰਦਵਾਰਾ ਸਾਹਿਬ ਦਾ ਵਧੇਰੇ ਹਿੱਸਾ 1973 ਦੌਰਾਨ ਉਸਾਰੀ ਗਈ ਪਰ ਇਸ ਦਾ ਪਹਿਲਾ ਅਤੇ ਪੁਰਾਤਨ ਸਰੂਪ ਕਰੀਬ 1744 – 61 ਦੌਰਾਨ ਹੋਂਦ ਵਿਚ ਆਇਆ। ਜਿਸ ਦੀ ਉਸਾਰੀ ਨਿਜ਼ਾਮ ਹੈਦਰਾਬਾਦ ਦੇ ਪ੍ਰਧਾਨ ਮੰਤਰੀ ਦੀਵਾਨ ਚੰਦੂ ਲਾਲ ਹੈਦਰਾਬਾਦੀਏ ਦੇ ਚਾਚੇ ਨਾਨਕ ਚੰਦ ਨੇ ਕਰਵਾਈ ਸੀ। ਇਸ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਵਿਲੱਖਣ ਪਖ ਇਹ ਹੈ ਕਿ ਇਹ ਗੁਰਦਵਾਰਾ ਉਸ ਥੜ੍ਹਾ ਸਾਹਿਬ ਉੱਤੇ ਉਸਾਰਿਆ ਗਿਆ ਜਿਸ ਦੇ ਹੇਠਾਂ ਉਸ ਚਾਦਰ ਦੀ ਬਿਭੂਤੀ ਵਾਲੀ ਗਾਗਰ ਦਫ਼ਨ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਹਿੰਦੂਆਂ ਦੇ ਹਿੱਸੇ ਆਈ ਚਾਦਰ ਦੀ ਸਸਕਾਰ ਉਪਰੰਤ ਪੈਦਾ ਹੋਈ ਸੀ, ਜੋ ਪਹਿਲਾਂ ਕਰਤਾਰ ਪੁਰ ਵਿਖੇ ਹੀ ਦਫ਼ਨ ਸੀ। ਜਿਸ ਨੂੰ ਰਾਵੀ ਦਰਿਆ ਦੇ ਢਾਹ ਲਾਉਣ ਕਾਰਨ ਬਾਬਾ ਸ੍ਰੀ ਚੰਦ ਜੀ, ਬਾਬਾ ਬੁੱਢਾ ਜੀ ਤੇ ਸੰਗਤ ਵੱਲੋਂ ਲਿਆ ਕੇ ਇੱਥੇ ਸੁਸ਼ੋਭਿਤ ਕੀਤੀ ਗਈ। ਹਿੰਦੂ ਤੇ ਮੁਸਲਮਾਨਾਂ ‘ਚ ਝਗੜੇ ਦਾ ਕਾਰਨ ਬਣੇ ਉਸ ਚਾਦਰ ਦਾ ਦੂਜਾ ਹਿੱਸਾ ਮੁਸਲਮਾਨਾਂ ਵੱਲੋਂ ਕਰਤਾਰਪੁਰ ਵਿਖੇ ਦਫ਼ਨਾ ਦਿਤਾ ਗਿਆ ਸੀ। ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਇਹ ਉਹ ਇਲਾਕੇ ਹਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜੀਵਨ ਦੇ ਅੰਤਲੇ ਕਰੀਬ 18 ਸਾਲ ਗੁਜਾਰੇ ਸਨ, ਜਿੱਥੇ ਸੰਗਤਾਂ ਨੂੰ ਉਪਦੇਸ਼ ਦੇ ਨਾਲ ਨਾਲ ਆਪ ਜੀ ਖੇਤੀਬਾੜੀ ਕਰਿਆ ਕਰਦੇ ਸਨ। ਇਹ ਉਹੀ ਥੜ੍ਹਾ ਹੈ ਜੋ ਖੇਤ ਸਿੰਜਣ ਲਈ ਬਣਾਏ ਗਏ ਖੂਹ ਦੇ ਨੇੜੇ ਬਣਿਆ ਸੀ ਅਤੇ ਜਿਸ ਦੇ ਉੱਪਰ ਗੁਰੂ ਨਾਨਕ ਸਾਹਿਬ ਬੰਦਗੀ ਕਰਿਆ ਕਰਦੇ ਸਨ। ਇਸ ਨੂੰ ਖੂਹ ਸਰਜੀ ਸਾਹਿਬ ਕਿਹਾ ਜਾਂਦਾ ਹੈ, ਜਿਸ ਨੂੰ ਉਸ ਸਮੇਂ ਅਜਿਤੇ ਰੰਧਾਵੇ ਨੇ ਆਪਣੀ ਖੇਤ ਨੂੰ ਸਿੰਜਣ ਲਈ ਬਣਾਇਆ ਸੀ। ਜੋ ਕਿ ਅਜ ਕਲ ਬਾਉਲੀ ਸਾਹਿਬ ਦੇ ਰੂਪ ਵਿਚ ਮੌਜੂਦ ਹੈ।
ਇਤਿਹਾਸਕ ਪਖ ਪ੍ਰਤੀ ਹੋਰ ਅਗੇ ਵੇਖਿਆ ਜਾਵੇ ਤਾਂ ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪਾਕਿਸਤਾਨ ਤੋਂ ਤਕਰੀਬਨ ਇਕ ਫ਼ਰਲਾਂਗ ਦੀ ਵਿੱਥ ‘ਤੇ ਸਥਿਤ ਹੈ। ਏਥੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਦਸੰਬਰ 1515 ਈ: ਵਿਚ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ। ਉਨ੍ਹਾਂ ਦਾ ਪਰਿਵਾਰ ਗੁਰੂ ਕੇ ਮਹਿਲ ਮਾਤਾ ਸੁੱਲਖਣੀ ਜੀ ਅਤੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਆਪਣੇ ਨਾਨਾ ਮੂਲ ਚੰਦ ਜੀ ਪਾਸ ਜੋ ਕਿ ਪਖੋਕੇ ਟਾਹਲੀ ਰੰਧਾਵਾ ਦੇ ਪਟਵਾਰੀ ਸਨ, ਆਏ ਹੋਏ ਸਨ। ਇਹ ਨਗਰ ਪਹਿਲਾਂ ਦਰਿਆ ਰਾਵੀ ਤੋਂ ਪਾਰ ਹੁੰਦਾ ਸੀ। ਚੌਧਰੀ ਅਜਿਤੇ ਰੰਧਾਵੇ ਨਾਲ ਗੁਰੂ ਸਾਹਿਬ ਦੀ ਗੋਸ਼ਟੀ ਇਸੇ ਸਰਜੀ ਖੂਹ ‘ਤੇ ਹੋਈ ਸੀ। ਜਿੱਥੇ ਅਜਿਤਾ ਰੰਧਾਵਾ ਗੁਰੂ ਦਾ ਅਨਿਨ ਸਿਖ ਬਣਿਆ। ਕਿਹਾ ਜਾਂਦਾ ਹੈ ਕਿ ਇਸੇ ਹੀ ਚੌਧਰੀ ਅਤੇ ਰੰਧਾਵਿਆਂ ਨੇ ਰਲ ਕੇ ਗੁਰੂ ਸਾਹਿਬ ਨੂੰ ਜ਼ਮੀਨ ਦਿਤੀ ਜਿੱਥੇ ਗੁਰੂ ਸਾਹਿਬ ਨੇ ਕਰਤਾਰ ਪੁਰ ਨਗਰ ਵਸਾਇਆ।
ਵਿਲੱਖਣ ਸੋਨ ਪਾਲਕੀ ਅਤੇ ਗੁੰਬਦ ਲਾਸਾਨੀ ਇਮਾਰਤਸਾਜ਼ੀ ਦਾ ਨਮੂਨਾ : ਥੜ੍ਹਾ ਸਾਹਿਬ ਉੱਪਰ ਦੀਵਾਨ ਚੰਦੂ ਲਾਲ ਵੱਲੋਂ ਉਸਾਰੇ ਗਏ ਗੁਰਦਵਾਰਾ ਦਰਬਾਰ ਡੇਰਾ ਬਾਬਾ ਨਾਨਕ ਦੀ ਇਮਾਰਤ ਦਾ ਗੁੰਬਦ ਆਪਣੇ ਆਪ ਵਿਚ ਹੀ ਇਕ ਵਿਲੱਖਣ ਹੈ। ਜਿਸ ਦੀ ਇਮਾਰਤਸਾਜ਼ੀ ਅਤੇ ਸ਼ਾਨਦਾਰ ਬਨਾਵਟ ਦਾ ਕੋਈ ਸਾਨੀ ਨਹੀਂ। ਕਿਹਾ ਜਾਂਦਾ ਹੈ ਕਿ ਇਸੇ ਗੁੰਬਦ ਦੀ ਕਾਪੀ ਕਰ ਕੇ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਦੀ ਗੁੰਬਦ ਉਸਾਰੀ ਦੀ ਕੋਸ਼ਿਸ਼ ਕੀਤੀ ਗਈ। ਗੁਰਦਵਾਰਾ ਸਾਹਿਬ ‘ਚ ਸੁਸ਼ੋਭਿਤ ਸੁਨਹਿਰੀ ਪਾਲਕੀ ਸਾਹਿਬ ਦੀ ਦਿੱਖ ਅਤੇ ਪੁਰਾਤਨਤਾ ਮੂੰਹੋਂ ਬੋਲਦੀ ਹੈ ਜਿਸ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ।
ਗੁਰਦਵਾਰਾ ਸਾਹਿਬ ਦੀ ਪੁਰਾਤਨਤਾ ਦਾ ਪ੍ਰਮਾਣ : ਸ਼੍ਰੋਮਣੀ ਕਮੇਟੀ ਦਾ ਦਾਅਵਾ ਕਿ ਉਕਤ ਗੁਰਦਵਾਰਾ ਸਾਹਿਬ 1973 ‘ਚ ਉਸਾਰਿਆ ਗਿਆ, ਗਲਤ ਹੈ, ਬਲਕੇ ਇਸ ਦਾ ਉਸ ਵਕਤ ਵਿਸਥਾਰ ਕੀਤਾ ਗਿਆ ਸੀ। ਰਿਕਾਰਡ ਗਵਾਹ ਹੈ ਕਿ ਇਹ ਇਮਾਰਤ ਦੋ ਸਦੀਆਂ ਤੋਂ ਵੀ ਵੱਧ ਪੁਰਾਤਨ ਹੈ। ਸੁਨਹਿਰੀ ਪਾਲਕੀ ਦੀ ਇਕ ਬਾਹੀ ‘ਤੇ ਸੋਨੇ ਦੇ ਪੱਤਰੇ ‘ਤੇ ਮੂਲ ਮੰਤਰ ”ਨਾਨਕ ਹੋਸੀ ਭੀ ਸਚ” ਤੋਂ ਬਾਅਦ ਲਿਖਿਆ ਹੋਇਆ ”ਸੰਮਤ 1884 ਟਹਲ ਮਹਾਰਾਜਾ ਰਣਜੀਤ ਸਿੰਘ ਸਿਖ ਗੁਰੂ ਨਾਨਕ ਜੀ ਕਾ” ਸਾਬਤ ਕਰਦਾ ਹੈ ਕਿ ਇਸ ਗੁਰਦਵਾਰਾ ਸਾਹਿਬ ਦੀ ਸੁਨਹਿਰੀ ਪਾਲਕੀ ਅਤੇ ਗੁੰਬਦ ‘ਤੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ । ਜਿਸ ਨੂੰ ਉਨ੍ਹਾਂ ਆਪਣੇ ਜਰਨੈਲ ਸੁੱਧ ਸਿੰਘ ਦੁਆਰਾ ਨੇਪਰੇ ਚੜਾਇਆ। ਇਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ ਸੋਨਾ ਚੜਾਏ ਜਾਣ ਤੋਂ ਬਾਅਦ ਸੰਨ 1827 ਈ: ਦੌਰਾਨ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਪਰੰਤ ਸਭ ਤੋਂ ਵਧ ਸੋਨਾ ਇਸੇ ਗੁਰਦਵਾਰਾ ਸਾਹਿਬ ‘ਤੇ ਲਗਾਇਆ ਗਿਆ।
ਇਸੇ ਤਰਾਂ 1895 ‘ਚ ਗਿਆਨੀ ਗਿਆਨ ਸਿੰਘ ਵੱਲੋਂ ਗੁਰਧਾਮਾਂ ਪ੍ਰਤੀ ਲਿਖੀ ਗਈ ਗੁਰਧਾਮ ਸੰਗ੍ਰਹਿ ਵਿਚ ਵੀ ਇਸ ਦਾ ਜ਼ਿਕਰ ਵਿਸਥਾਰ ਸਹਿਤ ਮਿਲਦਾ ਹੈ ਅਤੇ ਭਾਈ ਕਾਨ ਸਿੰਘ ਨਾਭਾ ਨੇ ਵੀ ਮਹਾਨ ਕੋਸ਼ ‘ਚ ਇਸ ਦੀ ਤਸਵੀਰ ਸਮੇਤ ਇਸ ਬਾਬਤ ਬਹੁਤ ਕੁੱਝ ਦਰਜ ਕੀਤਾ ਹੈ।
71 ਦੀ ਜੰਗ ਦੇ ਸ਼ਹੀਦਾਂ ਦੀ ਯਾਦ: ਗੁਰਦਵਾਰਾ ਸਾਹਿਬ ਦੇ ਅੰਦਰ ਥੜ੍ਹਾ ਸਾਹਿਬ ਨਾਲ ਇਕ ਸਿਲ ਲਗੀ ਹੋਈ ਹੈ , ਜੋ 6 ਸਿੱਖ ਰੈਜੀਮੈਟ ਵੱਲੋਂ ਦਸੰਬਰ 1971 ਦੀ ਲੜਾਈ ਦੌਰਾਨ ਹੋਏ ਸ਼ਹੀਦਾਂ ਦੀ ਯਾਦ ਨੂੰ ਭੇਟਾ ਕੀਤਾ ਗਿਆ ਹੈ। ਦੱਸਦੇ ਹਨ ਕਿ ਗੁਰਦਵਾਰਾ ਸਾਹਿਬ ਦੇ ਕੰਧਾਂ ਨਾਲ ਜੋ ਪਥਰ ਲਗਾਏ ਗਏ ਉਹ ਉਕਤ ਭੇਟਾ ਤੋਂ ਹੀ ਹਨ।
ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਮੌਜੂਦਾ ਸਥਿਤੀ : ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਜ਼ਰ ਨਹੀਂ ਆਉਂਦਾ। ਇਹ ਕਰੀਬ ਦੋ – ਦੋ ਫੁੱਟ ਚੌੜੀਆਂ ਮਜ਼ਬੂਤ ਕੰਧਾਂ ਉੱਪਰ ਖੜੀ ਹੈ। ਜਿਸ ਵਿਚ ਅਜ ਤਕ ਕੋਈ ਇਕ ਵੀ ਤਰੇੜ ਨਜ਼ਰ ਨਹੀਂ ਆਉਂਦਾ। ਸਿਵਾਏ ਬਿਜਲੀ ਦੀਆਂ ਤਾਰਾਂ ਵਾਲੀਆਂ ਪਾਈਪਾਂ ਦੀ ਅਯੋਗ ਫਿਟਿੰਗ ਕਾਰਨ ਕੰਧ ਦੀ ਓਪਰੀ ਸਤਾ ‘ਤੇ ਆਈਆਂ ਝਰੀਟਾਂ ਦੇ। ਗੁਰਦਵਾਰਾ ਸਾਹਿਬ ਦੀ ਛੱਤ ਚੋਣ ਦੀ ਕਹਾਣੀ ਤਾਂ ਇਹ ਬਿਜਲੀ ਦੀਆਂ ਪਾਈਆਂ ਦੀ ਨੁਕਸਦਾਰ ਫਿਟਿੰਗ ਤੋਂ ਇਲਾਵਾ ਕੁੱਝ ਹੋਰ ਕਾਰਨ ਵੀ ਹੋ ਸਕਦੇ ਹਨ। ਪਾਣੀ ਦੀ ਲੀਕੇਜ ਬੰਦ ਕਰਾਈ ਜਾ ਸਕਦੀ ਹੈ। ਜਾਂ ਫਿਰ ਲੋੜ ਪੈਣ ‘ਤੇ ਛੱਤਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ। ਸਿਰਫ਼ ਪਾਣੀ ਚੋਣਾ ਹੀ ਇਮਾਰਤ ਦੀ ਖਸਤਾ ਹਾਲਤ ਹੋਣ ਦਾ ਪੈਮਾਨਾ ਨਹੀਂ ਹੁੰਦਾ। ਇਤਿਹਾਸਕ ਇਮਾਰਤਾਂ ਨੂੰ ਨਸ਼ਟ ਕਰਨ ਦੀ ਥਾਂ ਉਨ੍ਹਾਂ ਦੀ ਲੋੜ ਅਨੁਸਾਰ ਮੁਰੰਮਤ ਕੀਤੀ ਜਾ ਸਕਦੀ ਹੈ। ਪਰਿਕਰਮਾ ‘ਚ ਨਵੇ ਪਥਰ ਲਗਾਏ ਜਾਣ ਦੀ ਲੋੜ ਹੈ।
ਇਤਿਹਾਸ ਧਰੋਹਰਾਂ ਨੂੰ ਨਸ਼ਟ ਕਰਨਾ ਸਮਝਦਾਰੀ ਨਹੀਂ : ਸ਼ਾਨਦਾਰ ਇਮਾਰਤਾਂ ਆਪਣੇ ਆਪ ‘ਚ ਇਕ ਪ੍ਰਾਪਤੀ ਹੋ ਸਕਦੀ ਹੈ ਪਰ ਇਤਿਹਾਸਕ ਧਰੋਹਰਾਂ ਸਾਹਮਣੇ ਸਭ ਫਿਕੇ ਹਨ। ਇਤਿਹਾਸਕ ਮਹੱਤਤਾ ਨੂੰ ਮੁਖ ਰਖ ਕੇ ਪ੍ਰਾਚੀਨਤਾ ਅਤੇ ਪੁਰਾਤਨਤਾ ਵਾਲੇ ਵਿਰਾਸਤੀ ਧਰੋਹਰਾਂ ਦੀ ਆਉਣ ਵਾਲੀਆਂ ਪੀੜੀਆਂ ਤੇ ਨਸਲਾਂ ਲਈ ਸੰਭਾਲ ਕੇ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਕਾਰਸੇਵਾ ਆਪਣੇ ਆਪ ‘ਚ ਇਕ ਬਹੁਤ ਵਡਾ ਮਹਾਨ ਕਾਰਜ ਹੈ ਪਰ ਜਾਣੇ ਅਨਜਾਣੇ ‘ਚ ਕਾਰਸੇਵਾ ਦੇ ਨਾਮ ‘ਤੇ ਅਸੀ ਉਹ ਕੁੱਝ ਨਸ਼ਟ ਕਰ ਚੁਕੇ ਹਨ ਜਿਨ੍ਹਾਂ ਦੀ ਭਰਪਾਈ ਹੋ ਹੀ ਨਹੀਂ ਸਕਦੀ। ਅੰਮ੍ਰਿਤਸਰ ਵਿਖੇ ਮੌਜੂਦ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਲਿਆ ਉਹ ਛੋਟੀਆਂ ਇੱਟਾਂ ਵਾਲੀਆਂ ਕੋਠੜੀਆਂ ਹੁਣ ਕਿਥੇ? ਇਸ ਤਰਾਂ ਸਰਹੰਦ ਦਾ ਠੰਢਾ ਬੁਰਜ, ਚਮਕੌਰ ਦੀ ਕੱਚੀ ਗੜੀ, ਅਨੰਦਪੁਰ ਸਾਹਿਬ ਦੇ ਕਈ ਇਤਿਹਾਸਕ ਅਸਥਾਨ, ਸੁਲਤਾਨਪੁਰ ਲੋਧੀ ਦਾ ਉਹ ਮਸੀਤ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਮਾਜ਼ ਪੜਣ ਲਈ ਲਿਜਾਇਆ ਗਿਆ, ਕਿਥੇ ਗਈਆਂ ? ਸਾਨੂੰ ਇਤਿਹਾਸਕ ਵਿਰਾਸਤੀ ਧਰੋਹਰਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਅਸੀਮ ਕੀਮਤ ਪ੍ਰਤੀ ਗਿਆਨ ਹੋਣਾ ਚਾਹੀਦਾ ਹੈ। ਚੱਪੇ ਚੱਪੇ ਖਿੱਲਰੇ ਆਪਣੇ ਅਮੀਰ ਇਤਿਹਾਸਕ ਵਿਰਾਸਤ ਨੂੰ ਸੰਗਮਰਮਰੀ ਕਾਰਸੇਵਾ ਦੇ ਹਵਾਲੇ ਨਾਲ ਨਸ਼ਟ ਕਰਨ ਦੀ ਥਾਂ ਇਨ੍ਹਾਂ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੋਈਏ।
ਪ੍ਰਤੀਕਰਮ : ਇਸ ਸੰਬੰਧੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਪੁਰਾਤਨ ਤੇ ਇਤਿਹਾਸਕ ਧਰੋਹਰਾਂ ਨੂੰ ਖ਼ਤਮ ਕਰਨ ਦੀ ਥਾਂ ਨਵੀ ਪੀੜੀ ਲਈ ਇਹਨਾਂ ਨੂੰ ਸੰਭਾਲ ਕੇ ਰਖਣ ਦੀ ਲੋੜ ਹੈ । ਲੋੜ ਪੈਣ ‘ਤੇ ਇਹਨਾਂ ਅਸਥਾਨਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ , ਇਹਨਾਂ ਨੂੰ ਨਸ਼ਟ ਕਰ ਦੇਣਾ ਕੋਈ ਸਮਝਦਾਰੀ ਨਹੀਂ ਹੈ। ਇਹੀ ਵਿਚਾਰ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਡਾ: ਚਰਨਜੀਤ ਸਿੰਘ ਗੁੰਮਟਾਲਾ ਅਤੇ ਦੇ ਹਨ ਅਤੇ ਸੰਗਤ ਲਾਂਘਾ ਕਰਤਾਰਪੁਰ ਸੰਸਥਾ ਦੇ ਸੰਸਥਾਪਕ ਬੀ ਐੱਸ ਗੁਰਾਇਆ ਦੇ ਹਨ। ਇਲਾਕਾ ਨਿਵਾਸੀ ਜਥੇਦਾਰ ਬਲਬੀਰ ਸਿੰਘ ਰਾਏਚਕ ਅਤੇ ਡੇਰਾ ਬਾਬਾ ਨਾਨਕ ਦੇ ਸਮੂਹ ਦੁਕਾਨਦਾਰ ਵਪਾਰੀਆਂ ਦੀ ਵੀ ਇਸੇ ਤਰਾਂ ਦੇ ਪ੍ਰਤੀਕਰਮ ਹਨ। ਸੋ ਸ਼੍ਰੋਮਣੀ ਕਮੇਟੀ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।