ਵਾਸ਼ਿੰਗਟਨ –ਅਮਰੀਕਾ 50 ਅਰਬ ਡਾਲਰ ਦੇ ਮੁੱਲ ਦੀਆਂ ਚੀਨ ਵੱਲੋਂ ਆਯਾਤ ਕੀਤੀਆਂ ਗਈਆਂ ਤਕਨੀਕੀ ਵਸਤੂਆਂ ਤੇ 25% ਟੈਰਿਫ਼ ਲਗਾਵੇਗਾ। ਕਾਰੋਬਾਰੀ ਰਿਸ਼ਤਿਆਂ ਵਿੱਚ ਤਣਾਅ ਸਮਾਪਤ ਕਰਨ ਦੇ ਲਈ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਾ ਹੋਣ ਅਤੇ ਇੱਕ ਦੂਸਰੇ ਦੇ ਖਿਲਾਫ਼ ਟਰੇਡ ਵਾਰ ਨਾ ਛੇੜਨ ਦੀ ਘੋਸ਼ਣਾ ਦੇ ਕੁਝ ਦਿਨਾਂ ਬਾਅਦ ਹੀ ਵਾਈਟ ਹਾਊਸ ਵੱਲੋਂ ਇਹ ਫੈਂਸਲਾ ਲਿਆ ਗਿਆ ਹੈ।
ਅਮਰੀਕਾ ਅਤੇ ਚੀਨ ਨੇ ਟਰੇਡ ਵਾਰ ਟਾਲਣ ਦੇ ਲਈ ਮਈ ਵਿੱਚ ਇੱਕ ਸਮਝੌਤਾ ਕੀਤਾ ਸੀ, ਜਿਸ ਅਨੁਸਾਰ ਚੀਨ ਨੇ ਅਮਰੀਕੀ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਵਿੱਚ ਹੋਰ ਵਾਧਾ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਸੀ ਤਾਂ ਕਿ ਅਮਰੀਕਾ ਨਾਲ 375 ਅਰਬ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕੀਤਾ ਜਾ ਸਕੇ। ਪਰ ਵਾਈਟ ਹਾਊਸ ਵੱਲੋਂ ਅੱਜ ਹੀ ਜਾਰੀ ਬਿਆਨ ਅਨੁਸਾਰ ਅਮਰੀਕਾ 50 ਅਰਬ ਡਾਲਰ ਦੀਆਂ ਚੀਨ ਦੀਆਂ ਵਸਤੂਆਂ ਤੇ 25 ਫੀਸਦੀ ਦਾ ਭਾਰੀ ਟੈਰਿਫ਼ ਲਗਾਇਆ ਜਾਵੇਗਾ। ਮੇਡ ਇਨ ਚਾਈਨਾ 2025 ਪ੍ਰੋਗਰਾਮ ਦੇ ਤਹਿਤ ਆਉਣ ਵਾਲੇ ਪ੍ਰੋਡੈਕਟਸ ਇਸ ਟੈਕਸ ਦੇ ਦਾਇਰੇ ਵਿੱਚ ਆਉਣਗੇ। ਵਾਈਟ ਹਾਊਸ ਦਾ ਮੰਨਣਾ ਹੈ ਕਿ ਚੀਨ ਦੇ ਇਸ ਪ੍ਰੋਗਰਾਮ ਨਾਲ ਅਮਰੀਕਾ ਅਤੇ ਪੂਰੀ ਦੁਨੀਆਂ ਦੀਆਂ ਕੰਪਨੀਆਂ ਨੂੰ ਨੁਕਸਾਨ ਹੋਵੇਗਾ।
ਟੈਰਿਫ਼ ਦੇ ਦਾਇਰੇ ਵਿੱਚ ਆਉਣ ਵਾਲੀਆਂ ਚੀਨ ਦੀਆਂ ਵਸਤੂਆਂ ਦੀ ਸੂਚੀ 15 ਜੂਨ ਤੱਕ ਜਾਰੀ ਕੀਤੀ ਜਾਵੇਗੀ ਅਤੇ ਫਿ ਟੈਕਸ ਲਗਾ ਦਿੱਤਾ ਜਾਵੇਗਾ। ਅਮਰੀਕੀ ਵਪਾਰ ਪ੍ਰਤੀਨਿਧੀ ਦੀ ਇੱਕ ਰਿਪੋਰਟ ਦੇ ਬਾਅਦ ਟੈਕਸ ਦਾ ਐਲਾਨ ਕੀਤਾ ਗਿਆ ਹੈ।