ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਐਸ.ਜੀ.ਪੀ.ਸੀ. ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰਿਆ ਦੇ ਡਾਈਰੈਕਟਰ ਦੇ ਮੁੱਖ ਅਹੁਦੇ ਉਤੇ ਜੇ.ਐਸ. ਸਿੱਧੂ ਨੂੰ ਬਿਠਾਇਆ ਗਿਆ ਹੈ, ਉਸ ਸਮੇਂ ਤੋਂ ਹੀ ਐਸ.ਜੀ.ਪੀ.ਸੀ. ਅਧੀਨ ਚੱਲ ਰਹੇ ਵਿਦਿਅਕ ਅਦਾਰਿਆ ਦੇ ਪ੍ਰਬੰਧ ਵਿਚ ਵੱਡਾ ਨਿਘਾਰ ਉਤਪੰਨ ਹੋ ਚੁੱਕਾ ਹੈ । ਕਿਉਂਕਿ ਵੱਡੇ-ਵੱਡੇ ਕਰੋੜਾਂ ਰੁਪਏ ਦੇ ਘਪਲੇ ਅਤੇ ਹੋਰ ਵੱਡੀਆਂ ਬੇਨਿਯਮੀਆਂ ਦੀ ਬਦੌਲਤ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨੀਕਲ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ, ਰੋਪੜ੍ਹ ਜਿ਼ਲ੍ਹੇ ਦੇ ਝਾੜ ਸਾਹਿਬ ਦੇ ਕਾਲਜ ਅਤੇ ਹੋਰ ਕਈ ਵਿਦਿਅਕ ਅਦਾਰਿਆ ਵਿਚ 6-6 ਮਹੀਨਿਆ ਤੋਂ ਸੰਬੰਧਤ ਅਦਾਰਿਆ ਦੇ ਪ੍ਰੋਫੈਸਰ ਸਾਹਿਬਾਨ ਅਤੇ ਸਟਾਫ਼ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਅਤੇ ਇਨ੍ਹਾਂ ਪ੍ਰਬੰਧਕਾਂ ਦੀਆਂ ਵੱਡੀਆ ਖਾਮੀਆਂ ਦੀ ਬਦੌਲਤ ਇਹ ਸਿੱਖ ਕੌਮ ਨਾਲ ਸੰਬੰਧਤ ਅਦਾਰਿਆਂ ਨੂੰ ਘਾਟੇ ਵਿਚ ਦਿਖਾਕੇ ਇਨ੍ਹਾਂ ਅਦਾਰਿਆਂ ਨੂੰ ਬੰਦ ਕਰਨ ਦੀਆਂ ਕੌਮ ਵਿਰੋਧੀ ਸਾਜਿਸ਼ਾਂ ਹੋ ਰਹੀਆਂ ਹਨ । ਜਿਸ ਨੂੰ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਸਹਿਣ ਨਹੀਂ ਕਰਨਗੇ । ਜੇਕਰ ਐਸ.ਜੀ.ਪੀ.ਸੀ. ਨੇ ਘੱਪਲੇਬਾਜ ਤੇ ਰਿਸ਼ਵਤਖੋਰ ਪ੍ਰਬੰਧਕਾਂ ਨੂੰ ਪਾਸੇ ਨਾ ਕੀਤਾ ਅਤੇ ਸਿੱਖ ਕੌਮ ਦੀ ਇਨ੍ਹਾਂ ਅਦਾਰਿਆਂ ਵਿੱਚ ਹੋਣ ਵਾਲੀ ਬਦਨਾਮੀ ਦੇ ਮੁੱਦੇ ਦਾ ਹੱਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਸ ਗੰਭੀਰ ਵਿਸ਼ੇ ਤੇ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਕਰਨ ਅਤੇ ਆਪਣੇ ਕੌਮੀ ਵਿਦਿਅਕ ਅਦਾਰਿਆਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਮਜ਼ਬੂਰ ਹੋਵੇਗੀ । ਜਿਸਦੇ ਨਿਕਲਣ ਵਾਲੇ ਨਤੀਜਿਆਂ ਲਈ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ, ਵਿਦਿਅਕ ਅਦਾਰਿਆਂ ਦੇ ਡਾਈਰੈਕਟਰ ਅਤੇ ਹੋਰ ਸੰਬੰਧਤ ਸੱਜਣ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਪ੍ਰਬੰਧਕਾਂ ਦੀਆਂ ਖਾਮੀਆਂ ਦੀ ਬਦੌਲਤ ਹੋ ਰਹੇ ਵੱਡੇ ਘਾਟੇ, ਪ੍ਰੋਫੈਸਰਾਂ ਅਤੇ ਸਟਾਫ਼ ਨੂੰ 6-6 ਮਹੀਨਿਆ ਤੋਂ ਤਨਖਾਹਾਂ ਨਾ ਦਿੱਤੇ ਜਾਣ ਅਤੇ ਸਾਡੀਆ ਇਨ੍ਹਾਂ ਸੰਸਥਾਵਾਂ ਨੂੰ ਬਦਨਾਮ ਕਰਨ ਦੇ ਹੋ ਰਹੇ ਕੌਮ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸੰਬੰਧਤ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅਗਜੈਕਟਿਵ ਕਮੇਟੀ ਨੂੰ ਸੰਜ਼ੀਦਗੀ ਨਾਲ ਅਮਲ ਨਾ ਕਰਨ ਦੇ ਮਾਰੂ ਨਤੀਜਿਆਂ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚੋਂ ਨਿਰਪੱਖ ਅਤੇ ਇਮਾਨਦਾਰ ਸਖਸ਼ੀਅਤਾਂ ਤੇ ਅਧਾਰਿਤ ਐਸ.ਜੀ.ਪੀ.ਸੀ. ਇਨ੍ਹਾਂ ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਬੀਤੇ ਕੁਝ ਸਮੇਂ ਤੋਂ ਹੋਏ ਵੱਡੇ ਘਪਲਿਆਂ ਤੇ ਕੌਮੀ ਖਜਾਨੇ ਨਾਲ ਹੋ ਰਹੀ ਖਿਲਵਾੜ ਦੀ ਜਾਂਚ ਸੰਬੰਧੀ ਉੱਚ ਪੱਧਰੀ ਜਾਂਚ ਕਮੇਟੀ ਦਾ ਤੁਰੰਤ ਐਲਾਨ ਕੀਤਾ ਜਾਵੇ ਜੋ ਸਾਰੇ ਤੱਥਾਂ ਨੂੰ ਘੋਖਦੀ ਹੋਈ ਸੀਮਤ ਸਮੇਂ ਵਿਚ ਆਪਣੀ ਰਿਪੋਰਟ ਪੇਸ਼ ਵੀ ਕਰੇ ਅਤੇ ਸਿੱਖ ਕੌਮ ਨੂੰ ਵੀ ਇਸ ਰਿਪੋਰਟ ਤੋਂ ਜਾਣੂੰਂ ਕਰਵਾਇਆ ਜਾਵੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮੌਜੂਦਾ ਇਮਾਨਦਾਰ ਅਤੇ ਸੇਵਾ ਭਾਵ ਵਾਲੇ ਸਤਿਕਾਰਯੋਗ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਮਾਤਾ ਗੁਜਰੀ ਕਾਲਜ ਦੇ ਨਾਲ 40 ਲੱਖ ਰੁਪਏ ਦੀ ਮੌਜੂਦਾ ਵਿਦਿਅਕ ਡਾਈਰੈਕਟਰ ਜੇ.ਐਸ. ਸਿੱਧੂ ਵੱਲੋਂ ਕੀਤੀ ਗਈ ਘਪਲੇਬਾਜੀ ਦਾ ਮੁੱਦਾ ਜਦੋਂ ਸਾਹਮਣੇ ਲਿਆਂਦਾ ਤਾਂ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਵੱਲੋਂ ਦੋਸ਼ੀ ਜੇ.ਐਸ. ਸਿੱਧੂ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਡਾ. ਕਸਮੀਰ ਸਿੰਘ ਨੂੰ ਹੀ ਨਿਸ਼ਾਨਾਂ ਬਣਾਕੇ ਪਿ੍ੰਸੀਪਲ ਦੇ ਅਹੁਦੇ ਤੋਂ ਫਾਰਗ ਕਰਨ ਦੀ ਸਾਜਿ਼ਸ ਰਚੀ ਗਈ । ਲੇਕਿਨ ਇਲਾਕਾ ਨਿਵਾਸੀਆ ਅਤੇ ਪ੍ਰੋਫੈਸਰਾਂ ਦੇ ਸਾਂਝੇ ਉਦਮਾਂ ਸਦਕਾ ਡਾ. ਕਸ਼ਮੀਰ ਸਿੰਘ ਨੂੰ ਉਸੇ ਸਤਿਕਾਰਯੋਗ ਰੁਤਬੇ ਉਤੇ ਬਿਠਾਇਆ ਗਿਆ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਘੱਪਲੇਬਾਜ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਹੋਰ ਕੋਈ ਕਾਰਵਾਈ ਨਾ ਕਰਨਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਨ੍ਹਾਂ ਘੱਪਲਿਆ ਵਿੱਚ ਹੋਰ ਵੀ ਕਈ ਵੱਡੇ ਅਹੁਦੇਦਾਰ ਸਾਹਮਣੇ ਆਉਣਗੇ । ਇਸ ਲਈ ਜਿੰਨੀ ਜਲਦੀ ਹੋ ਸਕੇ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਅਗਜੈਕਟਿਵ ਕਮੇਟੀ ਇਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਹੋ ਰਹੇ ਘਪਲਿਆਂ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਉਪਰੋਕਤ ਵਿਦਿਅਕ ਅਦਾਰਿਆਂ ਵਿਚ ਜਿਨ੍ਹਾਂ ਪ੍ਰੋਫੈਸਰ ਸਾਹਿਬਾਨ ਤੇ ਸਟਾਫ਼ ਨੂੰ 6-6 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਉਨ੍ਹਾਂ ਦਾ ਤੁਰੰਤ ਭੁਗਤਾਨ ਕਰਨ ਤਾਂ ਕਿ ਇਨ੍ਹਾਂ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਅਮਨਮਈ, ਕੌਮ ਪੱਖੀ ਰੱਖਿਆ ਜਾ ਸਕੇ ਅਤੇ ਇਨ੍ਹਾਂ ਵਿਦਿਅਕ ਅਦਾਰਿਆਂ ਦੇ ਮਾਣ-ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ ।