ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਆਮ ਚੋਣ ਲੜਨ ਦੀ ਇਜ਼ਾਜਤ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਦੇ ਬਾਅਦ ਹੁਣ ਜਨਰਲ ਮੁਸ਼ਰੱਫ਼ ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਨਾਮਜ਼ਦਗੀ ਪੇਪਰ ਦਾਇਰ ਕਰ ਸਕਦੇ ਹਨ। ਸੁਪਰੀਮ ਕੋਰਟ ਦੇ ਮੁੱਖ ਜੱਜ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਿੱਚ ਤਿੰਨ ਜੱਜਾਂ ਦੀ ਬੈਂਚ ਨੇ 71 ਸਾਲਾ ਮੁਸ਼ਰੱਫ਼ ਨੂੰ 13 ਜੂਨ ਤੱਕ ਅਦਾਲਤ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ। ਇਸ ਸਮੇਂ ਸਾਬਕਾ ਰਾਸ਼ਟਰਪਤੀ ਦੁਬੱਈ ਵਿੱਚ ਹਨ।
ਜਨਰਲ ਮੁਸ਼ਰੱਫ਼ ਨੂੰ 2013 ਵਿੱਚ ਪਿਸ਼ਾਵਰ ਹਾਈ ਕੋਰਟ ਨੇ ਪੂਰੇ ਜੀਵਨਭਰ ਦੇ ਲਈ ਆਯੋਗ ਕਰਾਰ ਦਿੱਤਾ ਸੀ। ਹਾਈ ਕੋਰਟ ਦੇ ਫੈਂਸਲੇ ਦੇ ਖਿਲਾਫ਼ ਮੁਸ਼ਰੱਫ਼ ਦੀ ਸਮੀਖਿਆ ਦਰਖਾਸਤ ਤੇ ਸੁਣਵਾਈ ਦੌਰਾਨ ਬੈਂਚ ਨੇ ਆਪਣਾ ਫੈਂਸਲਾ ਸੁਣਾਇਆ। ਕੋਰਟ ਨੇ ਮੁਸ਼ਰੱਫ਼ ਨੂੰ ਆਪਣਾ ਨਾਮ ਰਜਿਸਟਰਡ ਕਰਵਾਉਣ ਤੋਂ ਪਹਿਲਾਂ ਅਦਾਲਤ ਵਿੱਚ ਹਾਜਿ਼ਰ ਹੋਣਾ ਹੋਵੇਗਾ। ਇਸ ਦੇ ਨਾਲ ਹੀ ਕੋਰਟ ਨੇ ਸਰਕਾਰ ਨੂੰ ਇਹ ਨਿਰਦੇਸ਼ ਵੀ ਦਿੱਤੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ ਆਉਣ ਤੇ ਗ੍ਰਿਫ਼ਤਾਰ ਨਾ ਕੀਤਾ ਜਾਵੇ।
ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ‘ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਦੇ ਮੁੱਖੀ ਹਨ। ਉਨ੍ਹਾਂ ਨੂੰ 2016 ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਸੀ। ਤਦ ਤੋਂ ਉਹ ਦੁਬੱਈ ਵਿੱਚ ਰਹਿ ਰਹੇ ਹਨ। ਜਨਰਲ ਮੁਸ਼ਰੱਫ਼ 1999 ਤੋਂ ਲੈ ਕੇ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਤੇ ਬੇਨਜ਼ੀਰ ਭੁੱਟੋ ਦੀ ਹੱਤਿਆ ਸਮੇਤ ਹੋਰ ਵੀ ਬਹੁਤ ਸਾਰੇ ਕੇਸ ਚੱਲ ਰਹੇ ਹਨ।