ਫ਼ਤਹਿਗੜ੍ਹ ਸਾਹਿਬ – “ਸਾਨੂੰ ਇਹ ਜਾਣਕੇ ਗਹਿਰੀ ਠੇਸ ਪਹੁੰਚੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਗੁਰੂ ਲੰਗਰਾਂ ਤੇ ਲੱਗੇ ਜੀ.ਐਸ.ਟੀ. ਸੰਬੰਧੀ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਨੂੰ ਬੁੱਕੇ ਲੈਕੇ ਧੰਨਵਾਦ ਤੇ ਸਵਾਗਤ ਕਰ ਰਹੀ ਹੈ। ਜਦੋਂਕਿ ਸ੍ਰੀ ਮੋਦੀ ਹਕੂਮਤ ਨੇ ਪੰਜਾਬ ਸੂਬੇ, ਸਿੱਖ ਕੌਮ ਅਤੇ ਲੰਗਰਾਂ ਉਤੇ ਲੱਗੇ ਜੀ.ਐਸ.ਟੀ. ਸੰਬੰਧੀ ਕੋਈ ਮਸਲਾ ਹੱਲ ਨਹੀਂ ਕੀਤਾ। ਇਹ ਆਗੂ ਸ਼ਾਇਦ ਇਹ ਵੀ ਭੁੱਲ ਚੁੱਕੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਪੱਖੀ ਲੰਗਰ ਦੀ ਮਹਾਨ ਰਵਾਇਤ ਸ਼ੁਰੂ ਕੀਤੀ ਸੀ, ਜਦੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਸ ਸਮੇਂ ਦੇ ਬਾਦਸ਼ਾਹ ਅਕਬਰ ਆਏ ਤਾਂ ਗੁਰੂ ਸਾਹਿਬਾਨ ਦੇ ਸਰਧਾਲੂਆਂ ਅਤੇ ਸੇਵਾਦਾਰਾਂ ਨੇ ਬਾਦਸ਼ਾਹ ਅਕਬਰ ਨੂੰ ‘ਸੰਗਤ ਅਤੇ ਪੰਗਤ’ ਦੇ ਮਹੱਤਵ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੇ ਗੁਰੂ ਕੇ ਲੰਗਰਾਂ ਦੀ ਪੰਗਤ ਵਿਚ ਬੈਠਕੇ ਪ੍ਰਸਾਦਾ ਛਕੋ, ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ । ਬਾਦਸ਼ਾਹ ਅਕਬਰ ਜਦੋਂ ਸਿੱਖ ਰਵਾਇਤ ਅਨੁਸਾਰ ਗੁਰੂ ਦੇ ਲੰਗਰ ਛਕਣ ਉਪਰੰਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਤਾਂ ਉਹ ਮਨੁੱਖਤਾ ਪੱਖੀ ਲੰਗਰ ਰਵਾਇਤ ਤੋਂ ਪ੍ਰਭਾਵਿਤ ਹੁੰਦੇ ਹੋਏ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਲੰਗਰ ਦੀ ਰਵਾਇਤ ਨੂੰ ਜਾਰੀ ਰੱਖਣ ਲਈ ਮੈਂ ਹਕੂਮਤੀ ਜਗੀਰ ਗੁਰੂ ਘਰ ਦੇ ਨਾਮ ਲਗਵਾ ਦਿੰਦਾ ਹਾਂ, ਤਾਂ ਕਿ ਇਹ ਲੰਗਰ ਸਦਾ ਚੱਲਦੇ ਰਹਿਣ । ਗੁਰੂ ਸਾਹਿਬਾਨ ਦਾ ਬਾਦਸ਼ਾਹ ਅਕਬਰ ਨੂੰ ਇਹ ਜੁਆਬ ਸੀ ਕਿ ਗੁਰੂਘਰ ਦੇ ਲੰਗਰ ਗੁਰਸਿੱਖਾਂ ਦੇ ਦਸਵੰਧ ਰਾਹੀ ਭੇਟਾ ਕੀਤੀ ਮਾਇਆ ਨਾਲ ਹੀ ਚੱਲਣਗੇ ਨਾ ਕਿ ਕਿਸੇ ਹਕੂਮਤੀ ਜਾਂ ਜਗੀਰਦਾਰੀ ਦਾਨ ਨਾਲ । ਹੁਣ ਉਸ ਮਹਾਨ ਮਰਿਯਾਦਾ ਨੂੰ ਇਹ ਸਾਡੇ ਰਵਾਇਤੀ ਆਗੂ ਮੁਤੱਸਵੀਆਂ ਦੀ ਸਾਜਿਸ਼ ਦੇ ਗੁਲਾਮ ਬਣਕੇ ਉਸਦੇ ਸੰਸਾਰਿਕ ਪੱਧਰ ਦੇ ਵੱਡੇ ਮਹੱਤਵ ਨੂੰ ਖ਼ਤਮ ਕਰਨ ਵਾਲੀ ਸਾਜਿ਼ਸ ਦਾ ਕੇਵਲ ਹਿੱਸਾ ਹੀ ਨਹੀਂ ਬਣ ਰਹੇ, ਬਲਕਿ ਮੁਤੱਸਵੀਆਂ ਦੀ ਸਾਜਿਸ਼ ਦਾ ਧੰਨਵਾਦ ਵੀ ਕਰਨ ਲੱਗੇ ਹੋਏ ਹਨ, ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਇਨ੍ਹਾਂ ਰਵਾਇਤੀ ਆਗੂਆਂ ਨੂੰ ਮਹਾਨ ਸਿੱਖ ਰਵਾਇਤ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਉਣ ਦੀ ਆਗਿਆ ਦੇਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਬਾਦਲ ਦਲੀਆ ਵੱਲੋਂ ਮੁਤੱਸਵੀ ਸਿੱਖ ਵਿਰੋਧੀ ਸਾਜਿ਼ਸ ਦਾ ਹਿੱਸਾ ਬਣਨ ਅਤੇ ਉਨ੍ਹਾਂ ਤਾਕਤਾਂ ਦਾ ਧੰਨਵਾਦ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬਾਨ ਦੁਆਰਾ ਰਚਿਤ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਕਿਸੇ ਇਕ ਸ਼ਬਦ ਨੂੰ ਵੀ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਅਤੇ ਇਸਦੇ ਨਾਲ ਹੀ ਜੋ ਮਹਾਨ ਰਵਾਇਤਾ, ਮਰਿਯਾਦਾਵਾ ਗੁਰੂ ਸਾਹਿਬਾਨ ਨੇ ਸਥਾਪਿਤ ਕੀਤੀਆਂ ਹਨ, ਉਨ੍ਹਾਂ ਨੂੰ ਵੀ ਦੁਨੀਆਂ ਦੀ ਕੋਈ ਵੀ ਤਾਕਤ ਕਤਈ ਵੀ ਜੋਰ-ਜ਼ਬਰ ਜਾਂ ਸਾਜਿਸ਼ੀ ਢੰਗਾਂ ਨਾਲ ਨਹੀਂ ਬਦਲ ਸਕਦੀ । ਸ. ਮਾਨ ਨੇ ਸਮੁੱਚੀ ਸਿੱਖ ਕੌਮ, ਵੱਖ-ਵੱਖ ਸੰਪਰਦਾਵਾਂ, ਟਕਸਾਲਾਂ, ਸਿੱਖ ਸੰਗਠਨਾਂ, ਧਾਰਮਿਕ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਰਵਾਇਤੀ ਆਗੂਆ ਨੇ ਬੀਜੇਪੀ ਤੇ ਆਰ.ਐਸ.ਐਸ. ਨਾਲ ਸਾਂਝ ਪਾ ਕੇ ਸਾਡੇ ਸਿੱਖੀ ਉੱਚੀਆ ਸੁੱਚੀਆ ਮਨੁੱਖਤਾ ਪੱਖੀ ਕਦਰਾਂ-ਕੀਮਤਾਂ ਨੂੰ ਬੀਤੇ ਸਮੇਂ ਵਿਚ ਡੂੰਘੀ ਠੇਸ ਪਹੁੰਚਾਈ ਹੈ ਅਤੇ ਅੱਜ ਵੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਪਰੋਕਤ ਸਿੱਖ ਵਿਰੋਧੀ ਮੁਤੱਸਵੀ ਸੰਗਠਨਾਂ ਤੇ ਤਾਕਤਾਂ ਨਾਲ ਸਾਂਝ ਰੱਖਦੇ ਹੋਏ ਸਾਡੀਆਂ ਮਹਾਨ ਰਵਾਇਤਾਂ ਦੇ ਵੱਡੇ ਮਹੱਤਵ ਨੂੰ ਨੁਕਸਾਨ ਪਹੁੰਚਾਉਣ ਦੇ ਅਮਲਾਂ ਵਿਚ ਉਨ੍ਹਾਂ ਤਾਕਤਾਂ ਦਾ ਸਾਹਿਯੋਗ ਕਰਦੇ ਆ ਰਹੇ ਹਨ । ਜਿਸ ਨਾਲ ਸਿੱਖ ਕੌਮ ਵਿਚ ਇਨ੍ਹਾਂ ਰਵਾਇਤੀ ਆਗੂਆ ਵਿਰੁੱਧ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ ਅਤੇ ਇਹ ਆਗੂ ਆਪਣੇ ਅਜਿਹੇ ਮੰਦਭਾਵਨਾ ਅਤੇ ਸਵਾਰਥ ਭਰੇ ਮਿਸ਼ਨਾਂ ਵਿਚ ਇਸ ਲਈ ਕਤਈ ਕਾਮਯਾਬ ਨਹੀਂ ਹੋਣਗੇ, ਕਿਉਂਕਿ ਸਿੱਖ ਕੌਮ ਉਤੇ ਮੁਗਲਾਂ ਸਮੇਂ, ਅਫ਼ਗਾਨਾਂ ਸਮੇਂ ਅਤੇ ਅੰਗਰੇਜ਼ਾਂ ਸਮੇਂ ਅਜਿਹੀਆਂ ਬਹੁਤ ਭੀੜਾਂ ਪਈਆਂ ਪਰ ਸਿੱਖ ਕੌਮ ਨੇ ਆਪਣੇ ਸਿਧਾਤਾਂ ਅਤੇ ਸੋਚ ਦੇ ਬਿਨ੍ਹਾਂ ਤੇ ਕਿਸੇ ਵੀ ਦੁਸ਼ਮਣ ਤਾਕਤ ਨਾਲ ਨਾ ਤਾ ਸਮਝੌਤਾ ਕੀਤਾ ਹੈ ਅਤੇ ਨਾ ਹੀ ਈਨ ਮੰਨੀ ਹੈ । ਇਸ ਲਈ ਰਵਾਇਤੀ ਆਗੂਆਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਆਪਣੇ ਜਿਊਦੇ ਜੀ ਆਪਣਾ ਜਨਾਜਾ ਕੱਢਣ ਦੀ ਬਜਾਇ ਮਹਾਨ ਸਿੱਖ ਰਵਾਇਤਾਂ, ਅਸੂਲਾਂ, ਸਿਧਾਤਾਂ ਅਤੇ ਸੋਚ ਨਾਲ ਖਿਲਵਾੜ ਕਰਨ ਦੇ ਅਮਲਾਂ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ । ਵਰਨਾ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਇਨ੍ਹਾਂ ਨੂੰ ਕਤਈ ਮੁਆਫ਼ ਨਹੀਂ ਕਰੇਗੀ ਅਤੇ ਨਾ ਹੀ ਇਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਕੋਈ ਢੋਈ ਮਿਲ ਸਕੇਗੀ ।