ਮੈਨਪੁਰੀ – ਸਾਬਕਾ ਮੁੱਖਮੰਤਰੀ ਅਤੇ ਸਪਾ ਮੁੱਖੀ ਅਖਿਲੇਸ਼ ਯਾਦਵ ਨੇ ਮੈਨਪੁਰੀ ਵਿੱਚ ਜੌਰਾਈ ਦੇ ਮੰਚ ਤੋਂ ਗਠਬੰਧਨ ਦਾ ਜਮ ਕੇ ਸਮੱਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗਠਬੰਧਨ ਨੂੰ ਮਜ਼ਬੂਤ ਕਰਨ ਲਈ ਅਸੀਂ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ, ਸਾਡਾ ਮੁੱਖ ਉਦੇਸ਼ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਆਦੇਸ਼ ਦਿੱਤਾ ਕਿ ਉਹ ਹਰ ਤਰ੍ਹਾਂ ਨਾਲ ਬਸਪਾ ਦਾ ਸਹਿਯੋਗ ਕਰਨ।
ਅਖਿਲੇਸ਼ ਨੇ ਕਿਹਾ ਕਿ ਉਹ ਬੀਜੇਪੀ ਦੇ ਹਰ ਉਮੀਦਵਾਰ ਦੀ ਹਾਰ ਵੇਖਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਕਿਸੇ ਨਾਲ ਵੀ ਗਠਬੰਧਨ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਲਈ ਉਹ ਸੀਟਾਂ ਨੂੰ ਲੈ ਕੇ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਹਨ। ਉਨ੍ਹਾਂ ਅਨੁਸਾਰ ਜੇ ਅਜਿਹਾ ਕਰਕੇ ਬੀਜੇਪੀ ਨੂੰ ਲੋਕਸਭਾ ਚੋਣਾਂ ਵਿੱਚ ਹਰਾਇਆ ਜਾ ਸਕਦਾ ਹੈ ਤਾਂ ਉਹ ਅਜਿਹਾ ਹੀ ਕਰਨਗੇ।
ਸਪਾ ਮੁੱਖੀ ਨੇ ਕਿਹਾ, “ ਸਾਡਾ ਬੀਐਸਪੀ ਦੇ ਨਾਲ ਗਠਬੰਧਨ ਹੈ ਅਤੇ ਇਹ ਜਾਰੀ ਰਹੇਗਾ। ਬੀਜੇਪੀ ਨੂੰ ਹਰਾਉਣ ਦੇ ਲਈ ਜੇ ਦੋ-ਚਾਰ ਸੀਟਾਂ ਦਾ ਬਲੀਦਾਨ ਵੀ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।”
ਉਨ੍ਹਾਂ ਨੇ ਕਿਹਾ ਕਿ ਪ੍ਰੀ-ਪੋਲ ਗਠਬੰਧਨ ਦੇ ਚੱਲਦੇ ਉਪ-ਚੋਣਾਂ ਵਿੱਚ ਹਾਲ ਹੀ ਵਿੱਚਸਾਨੂੰ ਜਿੱਤ ਪ੍ਰਾਪਤ ਹੋਈ ਹੈ। ਇਸ ਲਈ ਇਹ ਗਠਬੰਧਨ ਅੱਗੇ ਵੀ ਬਰਕਰਾਰ ਰਹੇਗਾ। ਅਖਿਲੇਸ਼ ਨੇ ਯੋਗੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਜੇਪੀ ਹਰ ਉਹ ਸੀਟ ਹਾਰ ਗਈ ਜਿੱਥੇ ਯੋਗੀ ਨੇ ਪਾਰਟੀ ਦੇ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਕੈਰਾਨਾ ਅਤੇ ਨੂਰਪੁਰ ਗਏ ਵੀ ਨਹੀਂ ਪਰ ਫਿਰ ਵੀ ਚੋਣ ਜਿੱਤ ਲਈ। ਇਹ ਬੀਜੇਪੀ ਦੇ ਲਈ ਕੜਾ ਸੰਦੇਸ਼ ਹੈ।