ਅੰਮ੍ਰਿਤਸਰ – ਸ੍ਰੀ ਹਰਿਮੰਦਿਰ ਸਾਹਿਬ ਦੇ ਪ੍ਰਵੇਸ਼ ਦੁਆਰ ਹੁਣ 40 ਕਿਲੋ ਸੋਨੇ ਦੇ ਨਾਲ ਚਮਕਾਏ ਜਾਣਗੇ। ਇਨ੍ਹਾਂ ਨੂੰ ਸੋਨੇ ਦੇ ਪੱਤਰਿਆਂ ਨਾਲ ਸਜਾਇਆ ਜਾਵੇਗਾ। ਇਸ ਦੇ ਪਹਿਲੇ ਪੜਾਅ ਦੇ ਤਹਿਤ ਘੰਟਾਘਰ ਵਾਲੇ ਪਾਸੇ ਦੇ ਪ੍ਰਵੇਸ਼ ਦੁਆਰ (ਮੇਨ ਗੇਟ) ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ਤੇ ਸੋਨੇ ਦੇ ਪੱਤਰੇ ਚੜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਕਾਰ ਸੇਵਾ ਦੀ ਜਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪਿਆ ਹੈ।
ਬਾਬਾ ਭੂਰੀਵਾਲੇ ਦੇ ਬੁਲਾਰੇ ਰਾਮ ਸਿੰਗ ਅਨੁਸਾਰ ਮੁੱਖ ਦੁਆਰਿਆਂ ਦੇ ਚਾਰਾਂ ਗੁੰਬਦਾਂ ਦੇ ਇਲਾਵਾ 4 ਛੋਟੇ ਗੁੰਬਦ, 50 ਛੋਟੀਆਂ ਗੁੰਬਦੀਆਂ ਅਤੇ ਦੋ ਪਾਲਕੀ ਸਾਹਿਬ ਹਨ। ਇਨ੍ਹਾਂ ਸੱਭ ਤੇ ਸੋਨਾ ਲਗਾਉਣ ਦਾ ਕੰਮ ਅਗਲੇ ਸਾਲ ਵਿਸਾਖੀ ਤੱਕ ਪੂਰਾ ਹੋ ਜਾਵੇਗਾ। ਇਸ ਕੰਮ ਤੇ 40 ਕਿਲੋ ਤੋਂ ਵੱਧ ਸੋਨਾ ਲਗੇਗਾ। 16 ਗੇਜ ਤਾਂਬੇ ਦੇ ਪੱਤਰਾਂ ਤੇ ਪਾਰੇ ਦੀ ਮੱਦਦ ਨਾਲ ਸੋਨੇ ਦੀਆਂ 22 ਪਰਤਾਂ ਚੜ੍ਹਾਈਆਂ ਗਈਆਂ ਹਨ। ਧੁੱਪ ਅਤੇ ਬਾਰਿਸ਼ ਤੋਂ ਸੋਨੇ ਦੀ ਚਮਕ ਨੂੰ ਬਚਾਉਣ ਦੇ ਲਈ ਏਨੀਆਂ ਪਰਤਾਂ ਚੜ੍ਹਾਈਆਂ ਗਈਆਂ ਹਨ। ਇਹ ਕਾਰਸੇਵਾ ਸੰਗਤਾਂ ਦੁਆਰਾ ਦਿੱਤੇ ਗਏ ਦਾਨ ਦੁਆਰਾ ਸੰਪੂਰਨ ਹੁੰਦੀ ਹੈ।