ਨਵੀਂ ਦਿੱਲੀ : ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਸਿੱਖਾਂ ਦਾ ਨਾ ਕੇਵਲ ਸਭ ਤੋਂ ਵੱਧ ਯੋਗਦਾਨ ਰਿਹਾ ਸਗੋਂ ਉਨ੍ਹਾਂ ਦੇ ਯੋਗਦਾਨ ਦੀ ਆਪਣੀ ਹੀ ਮਹੱਤਤਾ ਸੀ। ਇਸ ਲੜਾਈ ਦੀ ਆਰੰਭਤਾ ’ਚ ਯੋਗਦਾਨ ਪਾਉਣ ਵਾਲਿਆਂ ’ਚ ਬਾਬਾ ਖੜਗ ਸਿੰਘ ਦੀ ਇੱਕ ਪ੍ਰਮੁੱਖ ਸਖਸ਼ੀਅਤ ਸੀ। ਜਿਨ੍ਹਾਂ ਨੇ ਨਾ ਕੇਵਲ ਆਜ਼ਾਦੀ ਦੀ ਲੜਾਈ ’ਚ ਹੀ ਆਪਣਾ ਯੋਗਦਾਨ ਪਾਇਆ ਸਗੋਂ ਸਿੱਖੀ ਦੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਕੀਤੀ ਗਈ ਕੁਰਬਾਨੀ ਆਪਣੀ ਮਿਸਾਲ ਆਪ ਹੀ ਸੀ। ਇਹੀ ਕਾਰਨ ਸੀ ਕਿ ਸ੍ਰ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਹੀ ’ਚ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਧੀਨ ਬਾਬਾ ਖੜਕ ਸਿੰਘ ਦਾ 150ਵਾਂ ਜਨਮ ਦਿਨ ਜੋ ਕਿ 6 ਜੂਨ 1868 ’ਚ ਸਿਆਲਕੋਟ(ਪਾਕਿਸਤਾਨ) ਵਿਖੇ ਹੋਇਆ ਸੀ, ਨੂੰ ਮਨਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਆਪਜੀ 1889 ’ਚ ਪੰਜਾਬੀ ਯੂਨੀਵਰਸਿਟੀ ਤੋਂ ਡਿਗਰੀ ਦੀ ਪੜਾਈ ਪੂਰੀ ਕੀਤੀ। 1919 ’ਚ ਕੇਂਦਰੀ ਸਿੱਖ ਲੀਗ ਦਾ ਗਠਨ ਕੀਤਾ। 1920 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸਥਾਪਨਾ ਕਰਕੇ ਆਪ ਪ੍ਰਧਾਨ ਬਣੇ। 1921 ’ਚ ਚਾਬੀਆਂ ਦਾ ਮੋਰਚਾ, ਤੋਸ਼ਾਖਾਨਾ ਹਰਿਮੰਦਰ ਸਾਹਿਬ ਲਾਇਆ ਤੇ ਅੰਗਰੇਜਾਂ ਨੂੰ ਚਾਬੀਆਂ ਵਾਪਸ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ’ਤੇ ਬਾਬਾ ਖੜਕ ਸਿੰਘ ਦੇ ਜੀਵਨ ਅਤੇ ਕੁਰਬਾਨੀਆਂ ਦਾ ਜ਼ਿਕਰ ਕਰਦੀਆਂ ਡਾ. ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੁਨੀਵਰਸਿਟੀ ਨੇ ਕਿਹਾ ਕਿ ਬਾਬਾ ਖੜਕ ਸਿੰਘ ਇਸ ਲੜਾਈ ਦੌਰਾਨ 5 ਸਾਲ (1922 ਤੋਂ 1927) ਜੇਲ ’ਚ ਬੰਦ ਰਹੇ। ਜੇਲ ’ਚ ਜਦੋਂ ਆਪਜੀ ਨੂੰ ਦਸਤਾਰ ਲਾਹੁਣ ਲਈ ਕਿਹਾ ਗਿਆ ਤਾਂ ਉਨ੍ਹਾਂ ਕਛਹਿਰਾ ਛੱਡ ਸਾਰੇ ਕਪੜੇ ਉਤਾਰ ਦਿੱਤੇ। ਸਰਦੀ ਗਰਮੀ ਨੇ ਉਨ੍ਹਾਂ ਨੇ ਨੰਗੇ ਪਿੰਡੇ ਹੀ ਸਹਾਰਿਆ। 1922 ਨੂੰ ਪੰਜਾਬ ਪ੍ਰਾਂਤ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਬਾਬਾ ਖੜਕ ਸਿੰਘ ਜੀ ਨੇ ਐਲਾਨ ਕੀਤਾ ਹੋਇਆ ਸੀ ਕਿ ਆਜ਼ਾਦੀ ਦੀ ਲੜਾਈ ’ਚ ਜੇ ਉਨ੍ਹਾਂ ਦੀ ਛਾਤੀ ’ਚ ਗੋਲੀ ਲੱਗੇ ਤਾਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਕੀਤਾ ਜਾਵੇ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਆਜ਼ਾਦੀ ਦੀ ਲੜਾਈ ਦਾ ਮੁੱਢ ਸਿੱਖਾਂ ਨੇ ਹੀ ਬੰਨ੍ਹਿਆ ਅਤੇ ਇਸ ਲੜਾਈ ਦੀਆਂ ਗਦਰ ਵਰਗੀਆਂ ਮੂਵਮੈਂਟਾਂ ਉਨ੍ਹਾਂ ਨੇ ਹੀ ਚਲਾਈਆਂ ਤੇ ਅੰਤਿਮ ਪੜਾਅ ਤੱਕ ਪਹੁੰਚਾਇਆ।
ਇਸ ਮੌਕੇ ਬਾਬਾ ਖੜਕ ਸਿੰਘ ਦੇ ਪਰਿਵਾਰਿਕ ਮੈਂਬਰਾਂ ’ਚੋਂ ਉਨ੍ਹਾਂ ਦੀ ਪੋਤਰੀ ਬੀਬੀ ਅਜੀਤ ਕੌਰ, ਪੜਪੋਤਰਾ ਸੋਹਣਜੀਤ ਸਿੰਘ, ਪੜਪੋਤ ਨੂੰਹ ਸ੍ਰੀਮਤੀ ਕੇਤਕੀ ਪੈਂਟਲ, ਪੜਪੋਤਰੀ ਰੀਤਾ ਕੌਰ ਤੇ ਰੇਨੂੰ ਸਿੰਘ ਨੇ ਵਿਸ਼ੇਸ਼ ਰੂਪ ’ਚ ਸ਼ਮੂਲੀਅਤ ਕੀਤੀ ਤੇ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।