ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ‘84 ਦੌਰਾਨ ਭਾਰਤੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕੀਤੇ ਗਏ ਫ਼ੌਜੀ ਹਮਲੇ ਸੰਬੰਧੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ‘ਇੰਡੀਆ ਪੋਲੀਟਿਕਸ’ ਮਾਰਕ ਕੀਤੀ ਫਾਈਲ ਸਮੇਤ ਪੂਰੇ ਦਸਤਾਵੇਜ਼ ਜਨਤਕ ਕਰਨ ਦੀ ਬਰਤਾਨੀਆ ਸਰਕਾਰ ਤੋਂ ਮੰਗ ਕੀਤੀ ਹੈ।
ਦਮਦਮੀ ਟਕਸਾਲ ਮੁਖੀ ‘84 ਦੇ ਘੱਲੂਘਾਰੇ ਸਬੰਧੀ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਉਥੋਂ ਦੀ ਇਕ ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਬਾਰੇ ਯੂ ਕੇ ਦੀ ਜੁਆਇੰਟ ਇੰਟੈਲੀਜੈਂਸ ਕਮੇਟੀ ਨਾਲ ਸੰਬੰਧਿਤ ਇਕ ਫਾਈਨ ਨੂੰ ਜਨਤਕ ਕਰਨ ਦੇ ਘੇਰੇ ਵਿਚੋਂ ਬਾਹਰ ਰੱਖ ਸਕਣ ਦੀ ਗਲ ਆਖੀ ਸੀ, ਬਾਰੇ ਟਿੱਪਣੀ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਰਤਾਨੀਆ ਅਦਾਲਤ ਦੀ ਸੁਹਿਰਦਤਾ ਬਾਰੇ ਕਈ ਸ਼ੱਕ ਨਹੀ ਪਰ ’84 ਦੇ ਘੱਲੂਘਾਰੇ ਵਰਗੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਅਹਿਮ ਅਤੇ ਸੰਵੇਦਨਸ਼ੀਲ ਮੁੱਦਾ ਅਤੇ ਭਾਰਤੀ ਹਕੂਮਤ ਵੱਲੋਂ ਵਿਦੇਸ਼ੀ ਤਾਕਤ ਦੀ ਆਪਣੇ ਹੀ ਨਾਗਰਿਕਾਂ ਦੇ ਅਧਿਕਾਰਾਂ ਦਾ ਦਮਨ ਅਤੇ ਨਾਗਰਿਕਾਂ ਦਾ ਘਾਣ ਕਰਨ ਲਈ ਵਰਤੋਂ ਕਰਨ ਪ੍ਰਤੀ ਬਰਤਾਨੀਆ ਦੀ ਭੂਮਿਕਾ ਸੰਬੰਧੀ ਅੰਸ਼ਿਕ ਦਸਤਾਵੇਜ਼ ਜਾਰੀ ਕਰਦਿਆਂ ਅਧੂਰੀ ਜਾਣਕਾਰੀ ਮੁਹੱਈਆ ਕਰਨਾ ਸਿਖ ਕੌਮ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਅਦਾਲਤ ਦੇ ਉਕਤ ਕਦਮ ਨਾਲ ਜੂਨ ’84 ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਵਰਗੇ ਨਾ ਭੁਲਣ ਯੋਗ ਤ੍ਰਾਸਦੀ ਆਦਿ ਕੌਮਾਂਤਰੀ ਪੱਧਰ ‘ਤੇ ਮੁੜ ਫੋਕਸ ‘ਚ ਆਗਿਆ ਹੈ। ਉਨ੍ਹਾਂ ਕਿਹਾ ਕਿ ‘84 ਦੀਆਂ ਤ੍ਰਾਸਦੀਆਂ ਪ੍ਰਤੀ ਕੌਮਾਂਤਰੀ ਪੱਧਰ ਉ¤ਤੇ ਨਵੀਂ ਬਹਿਸ ਛਿੜ ਚੁੱਕੀ ਹੈ, ਤਾਂ ਮੌਜੂਦਾ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਨਾਲ ਬੇਇਨਸਾਫ਼ੀ ਕਰਨ ਵਾਲੀ ਅਤੇ ਉਕਤ ਦੁਖਾਂਤ ਨੂੰ ਅੰਜਾਮ ਦੇਣ ਵਾਲੀ ਇੰਦਰਾ ਗਾਂਧੀ ਹਕੂਮਤ ਦੀ ਕਰੂਰਤਾ ਨੂੰ ਸੰਸਾਰ ਸਨਮੁੱਖ ਲਿਆਉਣ ਲਈ ’84 ਦੇ ਦੁਖਾਂਤ ਨਾਲ ਸੰਬੰਧਿਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕਰਨ । ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤੀ ਹਕੂਮਤਾਂ ਦੀ ਸਿਖ ਕੌਮ ਪ੍ਰਤੀ ਤੰਗ ਨਜ਼ਰੀਆ ਦੇ ਚੱਲਦਿਆਂ 34 ਸਾਲਾਂ ਦੇ ਸਮੇਂ ਅਰਸੇ ਬਾਅਦ ਵੀ ਸਿੱਖ ਕੌਮ ਨੂੰ ਨਿਆਂ ਨਾ ਮਿਲਣ ਬਾਰੇ ਵਿਸ਼ਵ ਭਾਈਚਾਰੇ ਨੂੰ ਬੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਾਨਵਤਾ ਨੂੰ ਸਿੱਖ ਕੌਮ ਨਾਲ ਹੋਈ ਅਨਿਆਂ ਨੂੰ ਜਾਣਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਕਤ ਦੁਖਾਂਤ ਤੇ ਤ੍ਰਾਸਦੀਆਂ ਦਾ ਸੰਬੰਧ ਕੇਵਲ ਸਿਖ ਕੌਮ ’ਤੇ ਕੀਤੇ ਗਏ ਹਮਲਿਆਂ ਤਕ ਹੀ ਸੀਮਤ ਨਹੀਂ ਸਗੋਂ ਲੰਮੇ ਸਮੇਂ ਤੋਂ ਪੰਜਾਬ ਦੀ ਧਰਤੀ, ਦਰਿਆਈ ਪਾਣੀਆਂ ਅਤੇ ਹੋਰਨਾਂ ਕੁਦਰਤੀ ਸਾਧਨਾਂ ਦੀ ਲੁੱਟ ਨਾਲ ਵਾਬਸਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਤਲੀ ਇਨਸਾਫ਼ ਮਿਲਣ ਨਾਲ ਹੀ ਹੋਵੇਗੀ। ਪਰ ਦੁਖ ਦੀ ਗਲ ਹੈ ਕਿ ਸਿਖ ਕੌਮ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ। ਨਾ ਹੀ ਭਾਰਤ ਵਿਚ ਸਿੱਖ ਅਤੇ ਹੋਰਨਾਂ ਘੱਟਗਿਣਤੀ ਭਾਈਚਾਰਿਆਂ ਵਿਚ ਵਿਸ਼ਵਾਸ ਬਹਾਲ ਕਰਨ ਅਤੇ ਫ਼ਿਰਕੂ ਹਿੰਸਾ ਨੂੰ ਰੋਕਣ ਲਈ ਕੋਈ ਠੋਸ ਕਦਮ ਚੁਕੇ ਜਾ ਰਹੇ ਹਨ।