ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਨੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਤੇ 25 ਫੀਸਦੀ ਤੱਕ ਟੈਰਿਫ਼ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਚੀਨ ਤੋਂ 50 ਬਿਲੀਅਨ ਡਾਲਰ ਦੇ ਸਾਮਾਨ ਦੇ ਆਯਾਤ ਤੇ ਟੈਕਸ ਵਸੂਲ ਕਰੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ 90 ਮਿੰਟ ਦੀ ਮੀਟਿੰਗ ਵਿੱਚ ਵੀਰਵਾਰ ਨੂੰ ਹੀ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਸੀ। ਟਰੰਪ ਦੀ ਇਸ ਕਾਰਵਾਈ ਦਾ ਜਵਾਬ ਦਿੰਦੇ ਹੋਏ ਚੀਨ ਨੇ ਵੀ ਅਮਰੀਕਾ ਤੋਂ 34 ਬਿਲੀਅਨ ਡਾਲਰ ਦੇ ਆਯਾਤ ਤੇ 25 ਫੀਸਦੀ ਤੱਕ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਚੀਨ ਅਤੇ ਅਮਰੀਕਾ ਦੌਰਾਨ ਟਰੇਡ ਵਾਰ ਛਿੜਨ ਵਰਗੇ ਹਾਲਾਤ ਪੈਦਾ ਹੋਣ ਦੇ ਆਸਾਰ ਵੱਧ ਰਹੇ ਹਨ। ਚੀਨ ਵੀ 6 ਜੁਲਾਈ ਤੋਂ 34 ਬਿਲੀਅਨ ਡਾਲਰ ਦੇ ਅਮਰੀਕੀ ਮਾਲ ਦੇ ਆਯਾਤ ਤੇ ਟੈਕਸ ਲਾਗੂ ਕਰ ਦੇਵੇਗਾ। ਅਮਰੀਕਾ ਵੱਲੋਂ ਲਏ ਗਏ ਇਸ ਫੈਂਸਲੇ ਦੇ ਸਬੰਧ ਵਿੱਚ ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਗੇਂਗ ਸ਼ੂਆਂਗ ਨੇ ਕਿਹਾ ਹੈ ਕਿ ਅਸੀ ਅਮਰੀਕੀ ਸਾਮਾਨ ਦੀ ਖ੍ਰੀਦ ਘਟਾ ਦੇਵਾਂਗੇ। ਦੂਸਰੀ ਤਰਫ਼ ਅਮਰੀਕੀ ਸੰਸਦ ਮੈਂਬਰ ਰੋਜਾ ਡੇਲਾਅਰੋ ਨੇ ਕਿਹਾ ਹੈ ਕਿ ਵਪਾਰ ਸੰਤੁਲਨ ਅਤੇ ਚੀਨ ਨੂੰ ਉਸ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਲਈ ਇਹ ਕਦਮ ਉਠਾਇਆ ਗਿਆ ਹੈ।
ਅਮਰੀਕਾ ਸੱਭ ਤੋਂ ਵੱਧ ਇੰਪੋਰਟ ਚੀਨ ਤੋਂ ਕਰਦਾ ਹੈ। ਅਮਰੀਕਾ ਨੇ ਇਸ ਸਾਲ ਅਪਰੈਲ ਵਿੱਚ ਹੀ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 1,300 ਵਸਤੂਆਂ ਦੀ ਸੂਚੀ ਜਾਰੀ ਕਰਕੇ ਟੈਕਸ ਲਗਾਉਣ ਦੀ ਗੱਲ ਕੀਤੀ ਸੀ। ਚੀਨ, ਅਮਰੀਕਾ ਨੂੰ ਨਿਰਯਾਤ ਕਰਨ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਪਹਿਲੇ ਨੰਬਰ ਤੇ ਹੈ। ਮੈਕਸੀਕੋ ਅਤੇ ਕਨੇਡਾ ਦੂਸਰੇ ਅਤੇ ਤੀਸਰੇ ਨੰਬਰ ਤੇ ਹੈ।