ਨਵੀਂ ਦਿੱਲੀ – ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਆਪ ਦੇ ਨੇਤਾਵਾਂ ਵੱਲੋਂ ਉਪਰਾਜਪਾਲ ਦੇ ਨਿਵਾਸ ਸਥਾਨ ਤੇ ਦਿੱਤੇ ਜਾ ਰਹੇ ਧਰਨਿਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਐਮਸੀਡੀ ਵਿੱਚ ਬੈਠੀ ਬੀਜੇਪੀ ਭ੍ਰਿਸ਼ਟਾਚਾਰ ਦੇ ਨਾਲ ਹੀ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਰਾਜਨੀਤੀ ਕਰ ਰਹੇ ਹਨ। ਦਿੱਲੀ ਨੂੰ ਸੰਪੂਰਨ ਰਾਜ ਦੇ ਮੁੱਦੇ ਤੇ ਫਿਲਹਾਲ ਕਾਂਗਰਸ ਸਮੱਰਥਨ ਦੇਣ ਲਈ ਤਿਆਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅਸਾਂ ਕਦੇ ਵੀ ਸੰਪੂਰਨ ਰਾਜ ਦਾ ਬਹਾਨਾ ਨਹੀਂ ਬਣਾਇਆ ਅਤੇ ਨਾ ਹੀ ਆਪਣੀ ਮਰਜ਼ੀ ਦੇ ਅਧਿਕਾਰੀ ਮੰਗੇ ਸਨ। ਰਾਜ ਸਰਕਾਰ ਅਤੇ ਐਲਜੀ ਸੰਵਿਧਾਨ ਨਹੀਂ ਬਦਲ ਸਕਦੇ। ਇਸ ਦੇ ਲਈ ਸੰਸਦ ਜਾਂ ਪ੍ਰਧਾਨਮੰਤਰੀ ਦੇ ਕੋਲ ਜਾਣਾ ਹੋਵੇਗਾ। ਕੇਜਰੀਵਾਲ ਦੇ ਇਸ ਬਿਆਨ ਤੇ ਕਿ ਸ਼ੀਲਾ ਦੀਕਸ਼ਤ ਇੱਕ ਸਾਲ ਦੇ ਲਈ ਮੋਦੀ ਦੇ ਨਾਲ ਸਰਕਾਰ ਚਲਾ ਕੇ ਵਿਖਾਵੇ ਤੇ ਸ਼ੀਲਾ ਨੇ ਕਿਹਾ ਕਿ ਜਦੋਂ ਮੇਰੀ ਪਹਿਲੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਕੇਂਦਰ ਵਿੱਚ ਭਾਜਪਾ ਦੀ ਹੀ ਸਰਕਾਰ ਸੀ। ਅਸਾਂ ਇਸ ਸੱਭ ਦੇ ਬਾਵਜੂਦ ਬਿਜਲੀ ਦਾ ਨਿਜੀਕਰਣ, ਸੀਐਨਜੀ ਬੱਸਾਂ ਅਤੇ ਥ੍ਰੀ-ਵਹੀਲਰ ਅਤੇ ਪਾਣੀ ਦੀ ਸਮੱਸਿਆ ਆਦਿ ਮੁੱਦਿਆਂ ਤੇ ਕੰਮ ਕੀਤਾ ਸੀ।
ਉਪਰਾਜਪਾਲ ਦੇ ਸਹਿਯੋਗ ਨਾ ਕਰਨ ਸਬੰਧੀ ਉਨ੍ਹਾਂ ਨੇ ਕਿਹਾ ਕਿ ਐਲਜੀ ਅਤੇ ਸੀਐਮ ਦੀ ਭੂਮਿਕਾ ਤੈਅ ਹੈ। ਐਲਜੀ ਦੇ ਘਰ ਦੇ ਅੰਦਰ ਧਰਨੇ ਦੀਆਂ ਫੋਟੋਆਂ ਵੇਖ ਕੇ ਸ਼ਰਮ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਤਿੰਨ ਵਾਰ ਦਿੱਲੀ ਦੀ ਮੁੱਖਮੰਤਰੀ ਬਣੀ ਸੀ ਅਤੇ ਸਾਨੂੰ ਇਹ ਸਮਝ ਆ ਗਿਆ ਸੀ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇਸ ਨੂੰ ਸੰਪੂਰਨ ਰਾਜ ਦਾ ਦਰਜ਼ਾ ਨਹੀਂ ਮਿਲ ਸਕਦਾ। ਕੇਂਦਰ ਸਰਕਾਰ ਜਮੀਨ ਅਤੇ ਪੁਲਿਸ ਰਾਜ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਦੇ ਲਈ ਕੇਂਦਰ ਨੂੰ ਸੰਵਿਧਾਨ ਬਦਲਣਾ ਪਵੇਗਾ।