ਫ਼ਤਹਿਗੜ੍ਹ ਸਾਹਿਬ – “ਜਦੋਂ ਅੰਮ੍ਰਿਤਸਰ ਦੀ ਅਦਾਲਤ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ, ਕੰਪਲੈਕਸ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ 4-4 ਲੱਖ ਦਾ ਮੁਆਵਜਾ ਦੇਣ ਦਾ ਫੈਸਲਾ ਸੁਣਾ ਦਿੱਤਾ, ਤਾਂ ਮੋਦੀ ਹਕੂਮਤ ਵੱਲੋਂ ਸਿੱਖਾਂ ਵਿਰੁੱਧ ਹਾਈਕੋਰਟ ਵਿਚ ਪਟੀਸ਼ਨ ਪਾਉਣ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਦੇਸ਼ੀ ਘੀ ਦੇਣ ਦੀ ਗੱਲ ਕਰਕੇ ਹਿੰਦੂਤਵ ਹੁਕਮਰਾਨ ਅਸਲੀਅਤ ਵਿਚ ਆਪਣੀ ਕਮੀਨਗੀ ਭਰੇ ਅਮਲਾਂ ਤੇ ਉਤਰ ਆਏ ਹਨ । ਜਿਸ ਤੋਂ ਇਨ੍ਹਾਂ ਦਾ ਸਿੱਖ ਕੌਮ ਵਿਰੋਧੀ ਚਿਹਰਾ ਸਪੱਸਟ ਰੂਪ ਵਿਚ ਨੰਗਾਂ ਹੋ ਚੁੱਕਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਸਿੱਖ ਕੈਦੀਆਂ ਜਿਨ੍ਹਾਂ ਦੇ ਕੀਮਤੀ ਜੀਵਨ ਨਾਲ ਹੁਕਮਰਾਨਾਂ ਨੇ ਘਿਲਵਾੜ ਕਰਦੇ ਹੋਏ ਪਹਿਲੇ ਗੈਰ-ਕਾਨੂੰਨੀ ਤਰੀਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆ ਕੀਤੀਆ, ਫਿਰ ਉਨ੍ਹਾਂ ਲੰਮਾਂ-ਲੰਮਾਂ ਸਮਾਂ ਜੇਲ੍ਹਾਂ ਵਿਚ ਰੱਖਕੇ ਤਸੱਦਦ-ਜੁਲਮ ਢਾਹੁਣ ਦੇ ਅਮਲ ਕੀਤੇ । ਉਨ੍ਹਾਂ ਨੂੰ ਅਦਾਲਤ ਵੱਲੋਂ ਇਵਜਾਨਾ ਦੇਣ ਦੇ ਕੀਤੇ ਗਏ ਫੈਸਲੇ ਵਿਰੁੱਧ ਹਾਈਕੋਰਟ ਵਿਚ ਹੁਕਮਰਾਨਾਂ ਵੱਲੋਂ ਪਟੀਸ਼ਨ ਪਾਉਣ ਅਤੇ ਉਨ੍ਹਾਂ ਨੂੰ ‘ਦੇਸ਼ੀ ਘੀ’ ਦੇਣ ਦੀ ਗੱਲ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਕ ਪਾਸੇ ਹੁਕਮਰਾਨ ਕਾਨੂੰਨ, ਵਿਧਾਨ ਅਤੇ ਇਨਸਾਫ਼ ਦੀ ਗੱਲ ਕਰਕੇ ਆਪਣੇ-ਆਪ ਨੂੰ ਕੌਮਾਂਤਰੀ ਪੱਧਰ ਤੇ ਦੁੱਧ ਧੋਤਾ ਸਾਬਤ ਕਰਦੇ ਹਨ । ਦੂਸਰੇ ਪਾਸੇ ਨਿਰੰਤਰ ਉਸੇ ਕਾਨੂੰਨ ਅਤੇ ਵਿਧਾਨ ਦੀ ਦੁਰਵਰਤੋਂ ਕਰਕੇ ਘੱਟ ਗਿਣਤੀ ਕੌਮਾਂ ਵਿਸੇ਼ਸ਼ ਤੌਰ ਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹੁੰਦੇ ਆ ਰਹੇ ਹਨ । ਜਦੋਂ ਅਦਾਲਤ ਨੇ ਜੋਧਪੁਰ ਜੇਲ੍ਹ ਵਿਚ ਬੰਦੀ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਸੰਬੰਧੀ ਫੈਸਲਾ ਸੁਣਾਉਦੇ ਹੋਏ ਇਨ੍ਹਾਂ ਨੌਜ਼ਵਾਨਾਂ ਨੂੰ ਮੁਆਵਜਾ ਦੇਣ ਦੀ ਗੱਲ ਕੀਤੀ ਤਾਂ ਸਰਕਾਰ ਦਾ ਇਹ ਪਰਮ-ਧਰਮ ਫਰਜ ਬਣਦਾ ਸੀ ਕਿ ਅਦਾਲਤੀ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਇਨ੍ਹਾਂ ਪੀੜਤ ਸਿੱਖਾਂ ਨੂੰ ਰਾਹਤ ਦਿੱਤੀ ਜਾਂਦੀ । ਪਰ ਮੰਦਭਾਵਨਾ ਅਧੀਨ ਸਿੱਖਾਂ ਵਿਰੁੱਧ ਸਰਕਾਰੀ ਵਕੀਲਾਂ ਰਾਹੀ ਪਟੀਸ਼ਨ ਪਾਉਣ ਅਤੇ ਸਿੱਖਾਂ ਨੂੰ ਜੇਲ੍ਹਾਂ ਵਿਚ ਦੇਸ਼ੀ ਘੀ ਦੇਣ ਦਾ ਪ੍ਰਚਾਰ ਕਰਨ ਦੀਆ ਕਾਰਵਾਈਆ ਖੁਦ ਹੀ ਸਾਬਤ ਕਰਦੀਆ ਹਨ ਕਿ ਇਹ ਹੁਕਮਰਾਨ ਅੱਜ ਵੀ ਸਿੱਖ ਕੌਮ ਵਿਰੁੱਧ ਵੱਡੀ ਨਫ਼ਰਤ ਰੱਖਦੇ ਹਨ ਅਤੇ ਹਰ ਗੈਰ-ਕਾਨੂੰਨੀ ਕਾਰਵਾਈ ਕਰਨ ਲਈ ਉਤਾਵਲੇ ਹਨ । ਅਜਿਹਾ ਕਰਦੇ ਹੋਏ ਹੁਕਮਰਾਨ ਸਭ ਇਖ਼ਲਾਕੀ, ਸਮਾਜਿਕ ਕਦਰਾ-ਕੀਮਤਾ ਦਾ ਵੀ ਜਨਾਜਾ ਕੱਢ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਵੀ ਨਾ ਤਾਂ ਬਰਦਾਸਤ ਕਰੇਗੀ ਅਤੇ ਨਾ ਹੀ ਇਨ੍ਹਾਂ ਦੀ ਸਰਕਾਰੀ ਦਹਿਸਤਗਰਦੀ ਨੂੰ ਪ੍ਰਵਾਨ ਕਰੇਗੀ ।