ਹਰ ਕੋਈ ਲੱਭਦਾ ਹੈ ਜੀਵਨ ਚੋਂ ਸਹਾਰਾ ਏਥੇ ,
ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।
ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,
ਕਦੇ ਤਾਂ ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।
ਬਦਲੇ ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ ,
ਪਰ ਪੈਣ ਗ਼ਰੀਬਾਂ ਨੂੰ ਹਰ ਪਾਸੇ ਹੀ ਮਾਰਾਂ ਏਥੇ ।
ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,
ਫਿਰ ਕਿਉਂ ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।
ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,
ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ ਏਥੇ ।
ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ ,
ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ ।
ਸਾਂਝੇ ਨਾ ਰਹੇ ਪਰਿਵਾਰ ਤੇ ਬਦਲੇ ਰੰਗ ਲਹੂ ਦੇ ,
ਹੋਣ ਸਲਾਹਾ ਨਾਲੋਂ ਵੱਧ ਹੁਣ ਤਕਰਾਰਾਂ ਏਥੇ ।