ਇੱਕ ਵਿਧਵਾ ਔਰਤ, 3 ਨਿਆਣੇ,
ਇੱਕ ਪੁੱਤਰ ਤੇ ਦੋ ਧੀਆਂ,
ਵਿੱਚ ਚੰਦਰੀ ਦੁਨੀਆਂ, ਪਰ ਬੱਚਿਆਂ ਖਾਤਰ,
ਤੁਰ ਪਈ ਜ਼ਿੰਦਗੀ ਦੀਆਂ ਲੀਹਾਂ…
ਦਿਨ ਰਾਤ ਇੱਕ,ਮਾਂ ਮਿਹਨਤ ਕਰਕੇ,
ਘਰ ਦਾ ਖਰਚ ਚਲਾਏ,
ਅੱਧੀ ਖਾ ਕੇ ਸੌਂ ਜਾਂਦੀ ਪਰ,
ਕਦੇ ਬੱਚੇ, ਭੁੱਖੇ ਨਹੀਂ ਸੁਲਾਏ…
ਦਿਨ ਬੀਤੇ, ਮਹੀਨੇ, ਸਾਲ ਬੀਤੇ,
ਬੱਚਿਆਂ ਤੇ ਆਈ ਜਵਾਨੀ,
ਕੁਝ ਪਿੰਡ ਦਾ ਹੰਦਾ ਤੇ ਕੁਝ ਮਾਂ ਦਾ ਜੋਡ਼ਿਆ,
ਧੀ ਇੱਕ ਇੱਕ ਕਰ ਕਰੀ ਬਿਗਾਨੀ…
ਧੁੱਪਾਂ ਵਿੱਚ ਮਰ ਮਰ ਕੇ ਮਾਂ,
ਪੁੱਤਰ ਨੂੰ ਰਹੀ ਪਡ਼੍ਹਾਉਂਦੀ,
ਪੁੱਤ ਅਫ਼ਸਰ ਬਣੂੰ, ਸੁੱਖ ਦਾ ਸਾਹ ਆਊ,
ਸੁਪਨੇ ਨਿੱਤ ਸਜਾਉਂਦੀ…
ਪੁੱਤ ਲੱਗਿਆ ਅਫ਼ਸਰ, ਵਿਆਹ ਕਰਵਾਇਆ,
ਘਰ ਨੂੰਹ ਨੇ ਪੈਰ ਸੀ ਪਾਇਆ,
ਜੇ ਮਾਂ ਰੱਖਣੀ ਨਾਲ, ਤਾਂ ਮੈਂ ਨਹੀਂ ਰਹਿਣਾ,
ਤੀਜੇ ਦਿਨ ਆਖ ਸੁਣਾਇਆ…
ਮਾਂ ਕਹਿੰਦੀ ਪੁੱਤ ਮੇਰਾ ਦਮ ਘੁੱਟਦਾ,
ਮੈਂਨੂੰ ਅੰਦਰ ਨੀਂਦ ਨਾ ਆਵੇ,
ਚੁੱਕ ਮੰਜਾ ਬਿਸਤਰ, ਡੰਗਰਾਂ ਵਾਲੇ ਬਰਾਂਡੇ,
ਵੱਲ ਨੂੰ ਤੁਰਦੀ ਜਾਵੇ…
ਡੰਗਰਾਂ ਵਾਲੇ ਵਿੱਚ ਬਰਾਂਡੇ,
ਦੋ ਦਿਨ ਰੋਟੀ ਆਈ,
ਤੀਜੇ ਦਿਨ ਨੂੰ ਬੁੱਢਡ਼ੀ ਮਾਂ ਨੇ,
ਹੱਥੀਂ ਆਪ ਬਣਾਈ…
ਦਿਨ ਬੀਤੇ, ਮਾਂ ਦੀ ਹਾਲਤ ਦੇਖ,
ਜਿੰਦ ਹਉਂਕੇ ਬਣ ਬਣ ਕਿਰਦੀ,
ਅੱਗ ਬਰਸੇ, ਸਿਖਰ ਦੁਪਹਿਰਾਂ ਵਿੱਚ,
ਮਾਂ ਬੱਲੀਆਂ ਚੁਗਦੀ ਫਿਰਦੀ…
ਇੱਕ ਰਾਤ ਹਨੇਰੀ, ਸੀਨੇ ਦਰਦ ਉਠਿਆ ਭੈਡ਼ਾ,
ਨਾ ਪਾਣੀ ਨਾ ਕੋਈ ਦਵਾਈ,
ਸਾਰੀ ਰਾਤ ਬਿਲਕਦਿਆਂ ਮਾਂ ਨੇ,
ਦਿਨ ਚਡ਼੍ਹਦਿਆਂ ਜਾਨ ਗਵਾਈ…
ਤੁਰ ਗਈ ਮਾਂ ਅੱਜ, ਸਫਰ ਮੁਕਾ ਕੇ,
ਚਾਅ ਸਾਰੇ ਮਨ ਵਿੱਚ ਲੈ ਕੇ,
ਮੇਰੇ ਪੁੱਤ ਨੂੰ ਤੱਤੀ ਵਾਹ ਨਾ ਲੱਗੇ,
ਆਖਿਰੀ ਪਲ ਵੀ ਰੱਬ ਨੂੰ ਕਹਿ ਕੇ…
ਦੇ ਜਵਾਬ ਕਿਉਂ ਬੁੱਢੀ ਮਾਂ ਤੇ,
ਇੰਝ ਤੂੰ ਕਹਿਰ ਕਮਾਇਆ?,
ਬੁੱਢੇ ਹੱਡ ਕਿੰਝ ਰਹੇ ਤਡ਼ਫਦੇ,
ਤੈਨੂੰ ਰਤਾ ਤਰਸ ਨਾ ਆਇਆ?…
ਕਿਉੰ ਤੇਰੇ ਵਰਗੇ ਪਾਪੀ ਦੇ ਵੀ,
ਰਹੀ ਕਾਲੇ ਟਿੱਕੇ ਲਾਉੰਦੀ,
ਕਿਉਂ ਤੇਰੇ ਜਿਹੇ ਸਪੋਲੀਏ ਨੂੰ,
ਰਹੀ ਆਪਣਾ ਦੁੱਧ ਪਿਲਾਉਂਦੀ…
ਸਦਾ ਤੇਰੇ ਲਈ ਸੁੱਖ ਰਹੀ ਲੋਚਦੀ,
ਨਾ ਅਪਣੇ ਲਈ ਕੁਝ ਮੰਗਿਆ,
ਵੈਰੀਆ ਤੂੰ ਤਾਂ ਓਸੇ ਮਾਂ ਨੂੰ,
ਡੂੰਮਣਾ ਬਣ ਕੇ ਡੰਗਿਆ…
ਮਾਂ ਦੀ ਜਿੰਦਗੀ ਰੋਲਣ ਵਾਲਿਆ,
ਜੇ ਨਾ ਅੱਜ ਵੀ ਗ਼ਲਤੀ ਮੰਨੇ,
ਤਾਂ ਤੇਰੇ ਵਰਗਾ ਪਾਪੀ ਨਾ,
ਕਦੇ ਕਿਸੇ ਦੇ ਘਰ ਵਿੱਚ ਜੰਮੇ…
ਯਾਦ ਰੱਖੀਂ ਗੱਲ, ਸਮਾਂ ਕਿਸੇ ਤੇ,
ਨਾ ਤਰਸ ਕਦੇ ਵੀ ਕਰਦਾ,
ਘੁੰਮ ਕੇ ਸੂਈ ਮੁਡ਼ ਓਥੇ ਈ ਆਉਂਦੀ,
ਕੋਈ ਡੁੱਬਦਾ ਤੇ ਕੋਈ ਤਰਦਾ…
ਪੀਰ ਫਕੀਰਾਂ ਨੇ ਫਰਮਾਇਆ,
ਮਾਂ ਨੂੰ ਰੱਬ ਤੋਂ ਪਹਿਲਾਂ ਧਿਆਇਆ,
ਜੱਖਲਾਂ ਵਾਲਿਆ, ਤੂੰ ਦੇਣ ਨਹੀਂ ਦੇ ਸਕਦਾ,
ਜਿਸਨੇ ਤੈਨੂੰ ਜਗਤ ਦਿਖਾਇਆ…