ਨਵੀਂ ਦਿੱਲੀ – ਸਾਬਕਾ ਮੰਤਰੀ ਸੈਫੂਦੀਨ ਸੋਜ਼ ਦੀ ਕਸ਼ਮੀਰ ਸਬੰਧੀ ਲਿਖੀ ਗਈ ਕਿਤਾਬ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀ ਭਾਜਪਾ ਨੂੰ ਅਰੁਣ ਸ਼ੌਰੀ ਨੇ ਬੁਕ ਰਲੀਜ਼ ਦੇ ਮੌਕੇ ਤੇ ਆੜੇ ਹੱਥੀਂ ਲਿਆ। ਸ਼ੌਰੀ ਨੇ ਸਰਜੀਕਲ ਸਟਰਾਈਕ ਤੇ ਵੀ ਵਿਅੰਗ ਕਸਦੇ ਹੋਏ ਇਸ ਨੂੰ ਫਰਜ਼ੀਕਲ ਸਟਰਾਈਕ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚੋਣ ਜਿੱਤਣ ਲਈ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡੀਆਂ ਪਾ ਰਹੀਆਂ ਹੈ।
ਸ਼ੌਰੀ ਨੇ ਕਿਹਾ ਕਿ ਸਰਕਾਰ ਦੇ ਕੋਲ ਚੀਨ, ਪਾਕਿਸਤਾਨ, ਕਸ਼ਮੀਰ ਅਤੇ ਬੈਂਕਾਂ ਦੇ ਲਈ ਕੋਈ ਨੀਤੀ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਨੇਤਾਵਾਂ ਦੇ ਸੋਜ਼ ਬੁੱਕ ਰਲੀਜ਼ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੋਣ ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਤੁਸੀਂ ਅਮਿਤ ਸ਼ਾਹ ਦੀ ਘੁਰਕੀ ਤੋਂ ਡਰ ਗਏ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੱਭ ਦਾ ਸਾਥ, ਸੱਭ ਦਾ ਵਿਕਾਸ ਕਰਨ ਵਿੱਚ ਅਸਫ਼ਲ ਰਹੀ ਹੈ ਇਸੇ ਕਰਕੇ ਹਿੰਦੂ-ਮੁਸਲਮਾਨਾਂ ਵਿੱਚ ਫੁੱਟ ਪਾ ਰਹੀ ਹੈ।
ਉਨ੍ਹਾਂ ਨੇ ਕਸ਼ਮੀਰ ਅਤੇ ਨਾਰਥ-ਈਸਟ ਦੀ ਸਮੱਸਿਆ ਨੂੰ ਲੱਗਭੱਗ ਇੱਕੋ ਜਿਹਾ ਹੀ ਦੱਸਦੇ ਹੋਏ ਕਿਹਾ ਕਿ ਸਰਕਾਰ ਸਿੱਧੇ ਸੰਪਰਕ ਨਾ ਕਰਕੇ ਸਬ ਕੰਟਰੈਕਟ ਕਰਦੀ ਹੈ ਜੋ ਕਿ ਉਚਿਤ ਨਹੀਂ ਹੈ, ਕਿਉਂਕਿ ਸਰਕਾਰ ਜੋ ਰਾਸ਼ੀ ਭੇਜਦੀ ਹੈ ਉਸ ਨੂੰ ਪਹਿਲਾਂ ਹੀ ਕੁਝ ਦਿੱਲੀ ਦੇ ਅਧਿਕਾਰੀ ਅਤੇ ਫਿਰ ਕਸ਼ਮੀਰ ਦੇ ਅਧਿਕਾਰੀ ਅਤੇ ਰਾਜਨੇਤਾ ਆਪਸ ਵਿੱਚ ਵੰਡ ਲੈਂਦੇ ਹਨ।
ਸੋਜ਼ ਨੇ ਕਿਹਾ ਕਿ ਸਰਕਾਰ ਨੂੰ ਕਸ਼ਮੀਰ ਦੇ ਲੋਕਾਂ ਦੇ ਵਿੱਚ ਜਾ ਕੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ। ਸੋਜ਼ ਅਨੁਸਾਰ ਸੀਮਾ ਤੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਵਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਓਨੀ ਹੀ ਜ਼ਮੀਨ ਮੁਹੱਈਆ ਕਰਵਾਉਣ ਦੇ ਸੁਝਾਅ ਦੀ ਸਲਾਘਾ ਕੀਤੀ।