ਲੁਧਿਆਣਾ : ਸ. ਜਸਵੰਤ ਸਿੰਘ ਕੰਵਲ ਜੀ ਦੇ 100ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਦੀ ਅਗਵਾਈ ’ਚ ਲੇਖਕਾਂ ਦਾ ਵਫ਼ਦ ਵਧਾਈ ਦੇਣ ਢੁੱਡੀਕੇ ਪਹੁੰਚੇ। ਸ੍ਰੀ ਸੁਰਿੰਦਰ ਕੈਲੇ ਜੋ ਕਿ ਲੰਮੇ ਸਮੇਂ ਤੋਂ ਮਿੰਨੀ ਪੱਤ੍ਰਿਕਾ ਅਣੂ ਦੇ ਸੰਚਾਲਕ ਹਨ ਨੇ ਆਖਿਆ ਕਿ ਸਰਦਾਰ ਕੰਵਲ ਜੀ ਨਾ ਕੇਵਲ ਉਮਰ ਪੱਖੋਂ ਹੀ ਸਗੋਂ ਸਾਹਿਤਕ ਗੁਣਵੱਤਾ ਪੱਖੋਂ ਵੀ ਵਡਮੁੱਲੀ ਸ਼ਖ਼ਸੀਅਤ ਦੇ ਮਾਲਕ ਹਨ। ਅਕਾਡਮੀ ਦੇ ਮੀਤ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਸ. ਜਸਵੰਤ ਸਿੰਘ ਕੰਵਲ ਹਮੇਸ਼ਾ ਪੰਜਾਬੀ ਲੋਕਾਂ ਬਾਰੇ, ਪੰਜਾਬੀ ਸੱਭਿਆਚਾਰ ਬਾਰੇ ਧਰਤੀ ਨਾਲ ਜੁੜ ਕੇ ਆਪਣੀਆਂ ਲਿਖਤਾਂ ਨਾਲ ਸਭਿਆਚਾਰ ਨੂੰ ਅਮੀਰ ਕਰਦੇ ਰਹੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਉਹ ਹੋਰ ¦ਮੀ ਤੰਦਰੁਸਤੀ ਵਾਲੀ ਉਮਰ ਭੋਗ ਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਨੂੰ ਹੋਰ ਭਰਪੂਰ ਕਰਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ, ਅਕਾਡਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀ ਜਸਵੀਰ ਝੱਜ ਨੇ ਕਿਹਾ ਪੇਂਡੂ ਰਹਿਤਲ ਤੇ ਧਰਾਤਲ ਲੋਕ ਮਨ ਦੀ ਤਰਜ਼ਮਾਨੀ ਕਰਦੀਆਂ ਲਿਖਤਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਕੇ ਪੰਜਾਬੀ ਪੇਂਡੂ ਸਭਿਆਚਾਰ ਨੂੰ ਅਮਰ ਕਰ ਦਿੱਤਾ ਹੈ। ਸ. ਜਨਮੇਜਾ ਸਿੰਘ ਜੌਹਲ ਨੇ ਕੰਵਲ ਸਾਹਿਬ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਲੰਮੀ ਤੇ ਖੁਸ਼ਹਾਲ ਉਮਰ ਦੀ ਕਾਮਨਾ ਕੀਤੀ।
ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀ ਤਰਸੇਮ ਬਰਨਾਲਾ, ਸ. ਮੇਜਰ ਸਿੰਘ ਗਿੱਲ, ਲੇਖਕ ਭੋਲਾ ਸਿੰਘ ਸੰਘੇੜਾ, ਲਛਮਣ ਸਿੰਘ ਮੁਸਾਫ਼ਰ, ਭੁਪਿੰਦਰ ਸਿੰਘ ਧਾਲੀਵਾਲ ਸ਼ਾਮਲ ਸਨ।