ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਿਧਾਨ ਦੀ ਧਾਰਾ 14 ਅਨੁਸਾਰ ਇਥੋਂ ਦੇ ਸਭ ਨਿਵਾਸੀ, ਸਭ ਧਰਮ, ਕੌਮਾਂ, ਫਿਰਕੇ ਬਰਾਬਰ ਹਨ ਅਤੇ ਬਰਾਬਰਤਾ ਵਾਲੇ ਅਧਿਕਾਰ ਰੱਖਦੇ ਹਨ । ਪਰ ਇਸਦੇ ਬਾਵਜੂਦ ਵੀ ਜਦੋਂ ਹਿੰਦੂਤਵ ਹੁਕਮਰਾਨ ਅਮਲੀ ਰੂਪ ਵਿਚ ਕਾਰਵਾਈ ਕਰਦੇ ਆ ਰਹੇ ਹਨ, ਤਾਂ ਸਿੱਖਾਂ ਅਤੇ ਮੁਸਲਮਾਨਾਂ ਨਾਲ ਵਿਚਰਦੇ ਹੋਏ ਜ਼ਬਰੀ ਗੈਰ-ਕਾਨੂੰਨੀ ਵਖਰੇਵਿਆ ਭਰੇ ਜ਼ਬਰ-ਜੁਲਮ ਤੇ ਕਾਰਵਾਈਆ ਕਰਦੇ ਆ ਰਹੇ ਹਨ, ਅਜਿਹਾ ਕਿਉਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਵਿਚ ਕਸ਼ਮੀਰੀਆਂ ਅਤੇ ਮੁਸਲਿਮ ਕੌਮ ਜ਼ਬਰ ਢਾਹੁਣ ਹਿੱਤ ਉਥੇ ਹੁਣੇ ਹੀ ਐਨ.ਐਸ.ਜੀ. ਅਤੇ ਬਲੈਕ ਕਮਾਡੋਂ ਦੀਆਂ ਕੰਪਨੀਆਂ ਲਗਾਕੇ ਕਸ਼ਮੀਰੀਆਂ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਅਤੇ ਘੱਟ ਗਿਣਤੀ ਕੌਮਾਂ ਨੂੰ ਵਿਧਾਨ ਅਨੁਸਾਰ ਮਿਲੇ ਬਰਾਬਰਤਾ ਦੇ ਅਧਿਕਾਰ ਨੂੰ ਕੁੱਚਲਣ ਦੀਆਂ ਅਮਲੀ ਕਾਰਵਾਈਆ ਦੀ ਮਨੁੱਖੀ ਹੱਕਾਂ ਦੇ ਆਧਾਰ ਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਉਥੇ ਸ੍ਰੀ ਅਮਰਨਾਥ ਯਾਤਰਾ ਚੱਲ ਰਹੀ ਹੈ । ਇੰਡੀਆ ਹਕੂਮਤ ਅਤੇ ਜੰਮੂ-ਕਸ਼ਮੀਰ ਦੇ ਗਵਰਨਰ ਨੇ ਅਮਰਨਾਥ ਯਾਤਰੀਆ ਦੀ ਸੁਰੱਖਿਆ ਤੇ ਪ੍ਰਬੰਧ ਲਈ ਕਰੋੜਾਂ ਰੁਪਏ ਖ਼ਰਚਕੇ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ, ਜੋ ਕਿ ਅੱਛੀ ਗੱਲ ਹੈ । ਪਰ ਜਦੋਂ 1984 ਵਿਚ ਇੰਡੀਆਂ ਦੀ ਹਕੂਮਤ ਨੇ ਬਰਤਾਨੀਆ ਤੇ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਮਿਲਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਦੇ ਹੋਏ ਸਿੱਖ ਕੌਮ ਨਾਲ ਸੰਬੰਧਤ ਨਿਰਦੋਸ਼ ਸਰਧਾਲੂਆ ਦਾ ਕਤਲੇਆਮ ਕੀਤਾ, ਉਸ ਸਮੇਂ ਉਪਰੋਕਤ ਬਰਾਬਰਤਾ ਵਾਲੇ ਵਿਧਾਨਿਕ ਅਧਿਕਾਰਾ ਦੀ ਪਾਲਣਾ ਹੁਕਮਰਾਨਾਂ ਵੱਲੋਂ ਕਿਉਂ ਨਾ ਕੀਤੀ ਗਈ। ਉਸ ਸਮੇਂ ਵਿਧਾਨ ਦਾ ਉਲੰਘਣ ਕਰਕੇ 25 ਹਜ਼ਾਰ ਮਾਸੂਮ ਸਰਧਾਲੂਆ ਨੂੰ ਮੌਤ ਦੇ ਮੂੰਹ ਵਿਚ ਕਿਉਂ ਧਕੇਲਿਆ ਗਿਆ ? ਉਨ੍ਹਾਂ ਕਿਹਾ ਕਿ ਜਿਵੇਂ ਮੁਗਲ ਹੁਕਮਰਾਨ ਜ਼ਬਰੀ ਜਜੀਆ ਟੈਕਸ ਲਗਾ ਦਿੰਦੇ ਸੀ, ਉਸੇ ਤਰ੍ਹਾਂ ਇੰਡੀਆ ਦੇ ਹੁਕਮਰਾਨਾਂ ਨੇ ਮਨੁੱਖਤਾ ਦੀ ਸੇਵਾ ਲਈ ਸਿੱਖ ਕੌਮ ਨਾਲ ਸੰਬੰਧਤ ਚੱਲ ਰਹੇ ਗੁਰੂਘਰ ਦੇ ਲੰਗਰਾਂ ਉਤੇ ਜੀ.ਐਸ.ਟੀ. ਲਗਾਕੇ ਜਜੀਆ ਟੈਕਸ ਲਗਾਉਣ ਦੇ ਹੀ ਅਮਲ ਨਹੀਂ ਕੀਤੇ ?
ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਚੱਲਦੇ ਹੋਏ ਕਿਹਾ ਕਿ ਜਦੋਂ ਜੋਧਪੁਰ ਜੇਲ੍ਹ ਵਿਚ ਪਹਿਲੇ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੱਖਾਂ ਨਾਲ ਘੋਰ ਜ਼ਬਰ-ਜੁਲਮ ਕੀਤਾ ਗਿਆ । ਫਿਰ ਜਦੋਂ ਅੰਮ੍ਰਿਤਸਰ ਦੀ ਅਦਾਲਤ ਨੇ ਇਨ੍ਹਾਂ ਸਿੱਖਾਂ ਨੂੰ 4-4 ਲੱਖ ਰੁਪਏ ਦਾ ਮੁਆਵਜਾ ਦੇਣ ਦੇ ਕਾਨੂੰਨੀ ਹੁਕਮ ਕੀਤੇ, ਫਿਰ ਇੰਡੀਆ ਦੀ ਹਕੂਮਤ ਵੱਲੋਂ ਇਨ੍ਹਾਂ ਜੋਧਪੁਰ ਦੇ ਬੰਦੀ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਇ, ਇਨ੍ਹਾਂ ਵਿਰੁੱਧ ਪਟੀਸ਼ਨ ਪਾਉਣ ਦੀ ਕਾਰਵਾਈ ਕਰਕੇ ਵੱਖਰੇਵਾ ਅਤੇ ਜ਼ਬਰ-ਜੁਲਮ ਹਿੰਦੂਤਵ ਹੁਕਮਰਾਨਾਂ ਵੱਲੋਂ ਕਿਸ ਸੋਚ ਅਤੇ ਦਲੀਲ ਅਧੀਨ ਕੀਤੇ ਜਾ ਰਹੇ ਹਨ ? ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਮੁਗਲਾਂ ਨੇ ਪੰਜਵੀਂ ਪਾਤਸਾਹੀ, ਨੌਵੀ ਪਾਤਸਾਹੀ, ਦਸਵੇਂ ਪਾਤਸਾਹੀ, ਸਾਹਿਬਜ਼ਾਦਿਆ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਦਿਆਲਾ ਆਦਿ ਸਿੱਖਾਂ ਉਤੇ ਜਿਵੇਂ ਜ਼ਬਰ-ਜੁਲਮ ਕੀਤੇ ਸਨ, ਉਸੇ ਤਰ੍ਹਾਂ ਅੱਜ ਇੰਡੀਆ ਦੇ ਹੁਕਮਰਾਨ ਸਿੱਖ ਕੌਮ ਉਤੇ ਜ਼ਬਰ-ਜੁਲਮ ਅਤੇ ਵਿਤਕਰੇ ਕਰਦੇ ਆ ਰਹੇ ਹਨ । 1857 ਦੀ ਆਜ਼ਾਦੀ ਦੀ ਲੜਾਈ ਸਮੇਂ ਸਿੱਖ ਕੌਮ ਨੇ ਅੰਗਰੇਜ਼ ਹਕੂਮਤ ਤੇ ਅੰਗਰੇਜ ਫ਼ੌਜ ਦਾ ਇਸ ਲਈ ਹੀ ਸਾਥ ਦਿੱਤਾ ਕਿਉਂਕਿ ਸਿੱਖ ਕੌਮ ਸਾਡੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਉਤੇ ਜ਼ਬਰ-ਜੁਲਮ ਕਰਨ ਵਾਲੀ ਮੁਗਲ ਹਕੂਮਤ ਨੂੰ ਫਿਰ ਤੋਂ ਨਹੀਂ ਸੀ ਆਉਣ ਦੇਣਾ ਚਾਹੁੰਦੀ । ਉਸ ਸਮੇਂ ਵੀ ਚੰਦੂ, ਗੰਗੂ ਬ੍ਰਾਹਮਣ, ਪਹਾੜਾ ਸਿੰਘ, ਲਾਲ ਸਿੰਘ ਵਰਗੇ ਡੋਗਰਿਆ, ਜ਼ਾਬਰ ਮੁਗਲਾਂ ਦਾ ਸਾਥ ਦੇ ਕੇ ਗੈਰ-ਇਨਸਾਨੀਅਤ ਸਿੱਖ ਵਿਰੋਧੀ ਅਮਲ ਕੀਤੇ ਸਨ । ਇਥੋਂ ਤੱਕ ਕਿ ਅਜਿਹੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਰੱਖਣ ਵਾਲੇ ਹਿੰਦੂ ਉਸ ਸਮੇਂ ਆਪਣੀਆ ਧੀਆਂ-ਭੈਣਾਂ ਦੇ ਡੋਲੇ ਖੁਦ ਹੀ ਮੁਗਲ ਹੁਕਮਰਾਨਾਂ ਨਾਲ ਨਹੀਂ ਸੀ ਤੋਰਦੇ ? ਇਸੇ ਤਰ੍ਹਾਂ 22 ਦਸੰਬਰ 1992 ਨੂੰ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਉਤੇ ਮੰਦਭਾਵਨਾ ਅਧੀਨ ਗੈਤੀਆਂ, ਹਥੌੜਿਆਂ ਨਾਲ ਹਮਲੇ ਕਰਕੇ ਮੁਸਲਿਮ ਕੌਮ ਦੇ ਉਪਰੋਕਤ ਧਾਰਮਿਕ ਸਥਾਨ ਨੂੰ ਢਹਿ-ਢੇਰੀ ਕਰਕੇ ਬਰਾਬਰਤਾ ਵਾਲੇ ਅਧਿਕਾਰਾਂ ਦਾ ਘਾਣ ਨਹੀਂ ਸੀ ਕੀਤਾ ? ਅੱਜ ਪਿੰਡਾਂ ਤੇ ਕਸਬਿਆਂ ਵਿਚ ਹਿੰਦੂ ਨੌਜ਼ਵਾਨੀ ਨੂੰ ਹੌਡਾ ਮੋਟਰਸਾਈਕਲ ਦੇ ਕੇ 1500 ਰੁਪਏ ਕਿਲੋਂ ਦੇ ਹਿਸਾਬ ਨਾਲ ਕੇਸ ਖਰੀਦਣ ਲਈ ਭੇਜਕੇ, ਇਹ ਮੁਤੱਸਵੀ ਹੁਕਮਰਾਨ ਉਸੇ ਤਰ੍ਹਾਂ ਦੇ ਅਮਲ ਨਹੀਂ ਕਰ ਰਹੇ, ਜਿਵੇਂ ਸਿੱਖ ਕੌਮ ਨੂੰ ਖ਼ਤਮ ਕਰਨ ਹਿੱਤ ਮੁਗਲ ਹਕੂਮਤਾਂ ਸਿੱਖਾਂ ਦੇ ਸਿਰਾ ਦੇ ਮੁੱਲ ਪਾਉਦੇ ਸਨ ?
ਉਨ੍ਹਾਂ ਕਿਹਾ ਕਿ ਜਦੋਂ ਅਫ਼ਗਾਨ ਤੇ ਮੁਗਲਾਂ ਵੱਲੋਂ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲਿਜਾਇਆ ਜਾਂਦਾ ਸੀ, ਉਸ ਸਮੇਂ ਸਿੱਖ ਕੌਮ ਹੀ ਸੀ ਜੋ ਉਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਜ਼ਾਬਰਾਂ ਕੋਲੋ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਭੇਜਦੀ ਸੀ । ਇੰਡੀਆ ਦੀਆਂ ਸਰਹੱਦਾਂ ਉਤੇ ਕੰਧ ਬਣਕੇ ਰਾਖੀ ਕਰਨ ਵਾਲੀ, ਆਜ਼ਾਦੀ ਦੀ ਲੜਾਈ ਸਮੇਂ ਫ਼ਾਂਸੀਆ, ਕਾਲੇਪਾਣੀ ਦੀ ਸਜ਼ਾ, ਬਜਬਜ ਘਾਟ ਉਤਾਰਨ ਵਾਲੇ ਤਸ਼ੱਦਦ ਦਾ ਟਾਕਰਾ ਕਰਨ ਵਿਚ ਮੋਹਰੀ ਰਹਿਣ ਵਾਲੀ ਸਿੱਖ ਕੌਮ ਨਾਲ ਅੱਜ ਇਹ ਹਿੰਦੂਤਵ ਹੁਕਮਰਾਨ ਜ਼ਬਰ-ਜੁਲਮ, ਵਿਤਕਰੇ ਅਤੇ ਵੱਖਰੇਵੇ ਕਰਕੇ ਕਿਹੜੀ ਇਖ਼ਲਾਕੀ ਗੱਲ ਨੂੰ ਉਹ ਉਜਾਗਰ ਕਰ ਰਹੇ ਹਨ ? ਕੀ ਉਹ ਅਜਿਹੇ ਵਿਧਾਨਿਕ ਅਤੇ ਮਨੁੱਖੀ ਹੱਕਾਂ ਦਾ ਉਲੰਘਣ ਕਰਕੇ ਖੁਦ ਹੀ ਅਕ੍ਰਿਤਘਣਤਾ ਦਾ ਕੌਮਾਂਤਰੀ ਪੱਧਰ ਤੇ ਸਬੂਤ ਨਹੀਂ ਦੇ ਰਹੇ ? ਸ. ਮਾਨ ਨੇ ਇਨ੍ਹਾਂ ਫਿਰਕੂਆ ਅਤੇ ਅਕ੍ਰਿਤਘਣਾ ਦੀਆਂ ਜ਼ਮੀਰਾਂ ਨੂੰ ਹਲੂਣਦੇ ਹੋਏ ਕਿਹਾ ਕਿ ਉਹ ਵੱਡੀਆਂ ਕੁਰਬਾਨੀਆਂ ਅਤੇ ਤਿਆਗ ਕਰਨ ਵਾਲੀ ਮਨੁੱਖੀ ਹੱਕਾਂ ਦੀ ਰਾਖੀ ਲਈ ਜੂਝਣ ਵਾਲੀ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਨਾਲ ਗੈਰ-ਵਿਧਾਨਿਕ ਅਤੇ ਗੈਰ-ਇਨਸਾਨੀਅਤ ਕਾਰਵਾਈਆਂ ਕਰਕੇ ਕੌਮਾਂਤਰੀ ਪੱਧਰ ਉਤੇ ਜਾਂ ਬਾਹਰਲੇ ਮੁਲਕਾਂ ਦੇ ਦੌਰੇ ਕਰਕੇ ਇੰਡੀਆ ਦੀ ਛੱਵੀ ਕੀ ਇੱਜ਼ਤ ਵਾਲੀ ਬਣਾ ਸਕਣਗੇ ? ਕਦਾਚਿੱਤ ਨਹੀਂ ।