ਨਵੀਂ ਦਿੱਲੀ –ਸਵਿਸ ਬੈਂਕਾਂ ਵਿੱਚ ਭਾਰਤੀਆਂ ਵੱਲੋਂ ਜਮ੍ਹਾਂ ਧੰਨ ਰਾਸ਼ੀ ਵਿੱਚ 50 ਫੀਸਦੀ ਦੇ ਵਾਧੇ ਤੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਜੋ ਧੰਨ ‘ਕਾਲਾ’ ਹੋਇਆ ਕਰਦਾ ਸੀ, ਉਹ 49 ਮਹੀਨਿਆਂ ਬਾਅਦ ਹੀ ‘ਚਿੱਟਾ’ ਹੋ ਗਿਆ।
ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਹੈ, ‘ ਮਈ, 2014 ਤੋਂ ਪਹਿਲਾਂ ਸਵਿਸ ਬੈਂਕਾਂ ਵਿੱਚ ਜਮ੍ਹਾਂ ਧੰਨ ‘ਕਾਲਾ’ ਸੀ। ਮੋਦੀ ਸਰਕਾਰ ਦੇ 49 ਮਹੀਨਿਆਂ ਵਿੱਚ ਇਹ ‘ ਚਿੱਟਾ’ ਹੋ ਗਿਆ ਹੈ।’
ਉਨ੍ਹਾਂ ਨੇ ਜੇਟਲੀ ਅਤੇ ਪੀਯੂਸ਼ ਗੋਇਲ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘ ਦੋ ਵਿੱਤ ਮੰਤਰੀ ਸਵਿਸ ਬੈਂਕ ਖਾਤਾਧਾਰਕਾਂ ਦਾ ਬਚਾਅ ਕਰਦੇ ਹੋਏ ਕਹਿੰਦੇ ਹਨ, ‘ ਗੈਰਕਾਨੂੰਨੀ’ ਨਹੀਂ ਹੈ ਜਦੋਂ ਕਿ ਸੀਬੀਡੀਟੀ ਦਾ ਕਹਿਣਾ ਹੈ ਕਿ ਸਿਤੰਬਰ, 2019 ਤੋਂ ਪਹਿਲਾਂ ਸਵਿਸ ਬੈਂਕਾਂ ਦੇ ਖਾਤਿਆਂ ਦੇ ਸਬੰਧ ਵਿੱਚ ਕੋਈ ਸੂਚਨਾ ਉਪਲੱਭਦ ਨਹੀਂ ਹੋਵੇਗੀ।’
ਕੇਂਦਰੀ ਮੰਤਰੀ ਜੇਟਲੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸੂਰਜੇਵਾਲ ਨੇ ਸਵਾਲ ਕੀਤਾ, ‘ ਕੀ ਇਹ ‘ਫੇਅਰ ਐਂਡ ਲਵਲੀ’ ਝੂਠ ਹੈ?’ ਦਰਅਸਲ, ਜੇਟਲੀ ਨੇ ਕਿਹਾ ਹੈ ਕਿ ਸਵਿਸ ਬੈਂਕਾਂ ਵਿੱਚ ਜਮ੍ਹਾਂ ਸਾਰੇ ਪੈਸੇ ਗੈਰਕਾਨੂੰਨੀ ਨਹੀਂ ਹਨ।