ਨਵੀਂ ਦਿੱਲੀ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ’ਚ ਪੰਥ ਪ੍ਰਸਿੱਧ ਕੀਰਤਨੀ ਜੱਥਿਆ ਨੇ ਗੁਰੂ ਸ਼ਬਦ ਅਤੇ ਢਾਡੀ ਜੱਥਿਆ ਨੇ ਗੁਰੂ ਜਸ ਭਰਪੂਰ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆ ਹੋਇਆ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਥੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ-ਪੀਰੀ ਦਾ ਸਿਧਾਂਤ ਕਾਇਮ ਕਰਕੇ ਧਰਮ ਨੂੰ ਹਮੇਸ਼ਾਂ ਰਾਜਨੀਤੀ ਤੋਂ ਉਪਰ ਰੱਖਿਆ ਸੀ।
ਰਾਣਾ ਨੇ ਕਿਹਾ ਕਿ ਗੁਰੂ ਜੀ ਦੇ ਮੁਗਲ ਹਕੂਮਤ ਨਾਲ ਕਈ ਯੁੱਧ ਕੀਤੇ ਜਿਸ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ। ਜਿਸ ਬਾਰੇ ਸਾਨੂੰ ਬਹੁਤ ਘੱਟ ਜਾਣਕਾਰੀ ਹੈ ਕਿ ਗੁਰੂ ਜੀ ਨਾਲ ਮੁਗਲਾਂ ਦੇ ਹੋਏ ਯੁੱਧਾਂ ਵਿੱਚ ਦੋ ਭੱਟ ਮਥੁਰਾ ਜੀ ਤੇ ਕੀਰਤ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਦੀ ਜਾਣਕਾਰੀ ਦੇਈਏ। ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਦੇਸ਼ ਤੇ ਵੱਖ-ਵੱਖ ਹਿੱਸਿਆਂ ਤੋਂ ਨਗਰ ਕੀਰਤਨਾਂ ਅਤੇ ਗੁਰਮਤਿ ਸਮਾਗਮਾਂ ਦਾ ਆਯੋਜਨ ਕਰਨ ਦੀ ਜਾਣਕਾਰੀ ਦੇਣ ਦੌਰਾਨ ਦੱਸਿਆ ਕਿ ਛੋਟੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਬੈਸਡਰ ਵਜੋਂ ਸਿਖਲਾਈ ਕਰਕੇ ਧਰਮ ਪ੍ਰਚਾਰ ਲਈ ਸੰਗਤਾਂ ਦੇ ਘਰਾਂ ਵਿੱਚ ਭੇਜਿਆ ਜਾਵੇਗਾ ਤਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਘਰ-ਘਰ ਪੁੱਜੇ। ਦਿੱਲੀ ਕਮੇਟੀ ਜਿੱਥੇ ਧਰਮ ਪ੍ਰਚਾਰ ਲਈ ਮੋਹਰਲੀ ਕਤਾਰ ’ਚ ਖੜੀ ਰਹਿੰਦੀ ਹੈ। ਉਥੇ ਸਾਮਾਜਿਕ ਤੌਰ ’ਤੇ ਵੀ ਆਪਣਾ ਹਰ ਸੰਭਵ ਯੋਗਦਾਨ ਦਿੰਦੀ ਹੈ।
ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਿਆਂ ਅਤੇ ਸਕੂਲਾਂ ’ਚ ਲੱਗੇ ਸੋਲਰ ਸਿਸਟਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵਾਤਾਵਰਨ ਨੂੰ ਸਾਫ਼ ਕਰਨ ਲਈ ਸਥਾਪਿਤ ਪਲਾਂਟ ਬਾਰੇ ਵੀ ਸੰਗਤਾਂ ਨੂੰ ਰਾਣਾ ਨੇ ਜਾਣਕਾਰੀ ਦਿੱਤੀ।ਇਸ ਮੌਕੇ ਸਟੇਜ ਸਕੱਤਰ ਦੀਆਂ ਸੇਵਾਵਾਂ ਜਤਿੰਦਰਪਾਲ ਸਿੰਘ ਗੋਲਡੀ ਨੇ ਨਿਭਾਈ। ਕਮੇਟੀ ਦੇ ਮੈਂਬਰ ਚਮਨ ਸਿੰਘ ਸਾਹਿਬਪੁਰਾ, ਵਿਕਰਮ ਸਿੰਘ ਰੋਹਿਣੀ, ਜਸਬੀਰ ਸਿੰਘ ਜੱਸੀ ਤੇ ਹੋਰ ਪੱਤਵੰਤੇ ਸੱਜਣਾਂ ਨੇ ਵੀ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ।